ਅੰਮ੍ਰਿਤਸਰ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕੇਜਰੀਵਾਲ ’ਤੇ ਕੀਤਾ ਵੱਡਾ ਹਮਲਾ

09/21/2022 2:32:20 AM

ਅੰਮ੍ਰਿਤਸਰ (ਮਮਤਾ)-ਆਪਣੇ-ਆਪ ਨੂੰ ਸਭ ਤੋਂ ਵੱਧ ਈਮਾਨਦਾਰ ਅਤੇ ਸੱਚਾ ਕਹਿਣ ਵਾਲਾ ਵਿਅਕਤੀ ਅੱਜ ਸਭ ਤੋਂ ਵੱਡਾ ਭ੍ਰਿਸ਼ਟ ਹੈ। ਇਹ ਪ੍ਰਗਟਾਵਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਖੇਡਾਂ ਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਗਏ 52ਵੇਂ ਸਪੋਰਟਸ ਐਵਾਰਡ ਸਮਾਰੋਹ ਦੌਰਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੇ ਹੋਰ ਸੂਬਿਆਂ ਦੀ ਤਰ੍ਹਾਂ ਭਵਿੱਖ ਵਿਚ ਪੰਜਾਬ ਵਿਚ ਭਾਜਪਾ ਦੀ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ, ਉਥੇ ਪੰਜਾਬ ਅਤੇ ਦਿੱਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਖੁੱਲ੍ਹ ਕੇ ਦੋਸ਼ ਲਾਏੇ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਹਿਮਾਚਲ ਵਿਚ ‘ਆਪ’ ਦਾ ਪੂਰਾ ਸੰਗਠਨ, ਇਸ ਦੇ ਪ੍ਰਧਾਨ ਤੋਂ ਲੈ ਕੇ ਹੋਰ ਆਗੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਅਜਿਹੇ ਵਿਚ ਉੱਥੇ ‘ਆਪ’ ਸਰਕਾਰ ਬਣਾਉਣਾ ਮੁਸ਼ਕਲ ਹੈ।

ਇਹ ਖ਼ਬਰ ਵੀ ਪੜ੍ਹੋ : ਹੁਣ IIT ਬੰਬੇ ’ਚ ਵਿਦਿਆਰਥਣ ਨੇ MMS ਬਣਾਉਣ ਦੇ ਲਾਏ ਇਲਜ਼ਾਮ, ਮੁਲਜ਼ਮ ਗ੍ਰਿਫ਼ਤਾਰ

ਉਨ੍ਹਾਂ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਸ ਵੀਡੀਓ ਦੀ ਸੱਚਾਈ ਉਹ ਖੁਦ ਜਾਂ ਆਮ ਆਦਮੀ ਪਾਰਟੀ ਹੀ ਦੱਸ ਸਕਦੀ ਹੈ ਪਰ ਜੇਕਰ ਇਹ ਸੱਚ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਪੰਜਾਬ ਵਿਚ ਗੈਂਗਵਾਰ, ਵਧ ਰਹੇ ਡਰੱਗ ਮਾਫੀਆ ਅਤੇ ਮਾਈਨਿੰਗ ਮਾਫੀਆ ਨੂੰ ਪੰਜਾਬ ਲਈ ਚਿੰਤਾ ਦਾ ਵਿਸ਼ਾ ਦੱਸਦਿਆਂ ਕਿਹਾ ਕਿ ਇਸ ਕਾਰਨ ਲੋਕਾਂ ਦੀ ਸੁਰੱਖਿਆ ਖਤਰੇ ਵਿਚ ਹੈ ਅਤੇ ਪ੍ਰਸ਼ਾਸਨ ਨੂੰ ਇਸ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ਸ਼ਰਾਬ ਘਪਲੇ ਦੀਆਂ ਤਾਰਾਂ ਵੀ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸ਼ਰਾਬ ਘਪਲੇ ਦਾ ਸਰਗਣਾ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਦਿੱਲੀ ਸਰਕਾਰ ਦੀ ਸ਼ਰਾਬ ਨੀਤੀ ਸਹੀ ਹੁੰਦੀ ਤਾਂ ਇਸ ਨੂੰ ਵਾਪਸ ਲੈ ਲਿਆ ਜਾਂਦਾ। ਭ੍ਰਿਸ਼ਟਾਚਾਰ ਦੀ ਦਲਦਲ ਵਿਚ ਫਸੇ ਅਰਵਿੰਦ ਕੇਜਰੀਵਾਲ ਨੂੰ ਕੱਟੜ ਭ੍ਰਿਸ਼ਟ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਆਪਣੀ ਧੀ ਦੀ ਸਿਆਸਤ ਵਿਚ ਨਾ ਆਉਣ ਦੀ ਸਹੁੰ ਤੋੜੀ, ਫਿਰ ਕਿਹਾ ਕਿ ਬੰਗਲਾ ਨਹੀਂ ਲਵਾਂਗਾ, ਫਿਰ ਦਿੱਲੀ ਵਿਚ ਸਭ ਤੋਂ ਵੱਡਾ ਬੰਗਲਾ ਲੈ ਲਿਆ। ਉਸ ਨੇ ਸੁਰੱਖਿਆ ਨਾ ਲੈਣ ਦੀ ਗੱਲ ’ਤੇ ਅੜੇ ਰਹਿ ਕੇ ਵੱਡੇ ਪੱਧਰ ’ਤੇ ਸੁਰੱਖਿਆ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿਹਤ ਮੰਤਰੀ, ਅਰਵਿੰਦ ਕੇਜਰੀਵਾਲ ਵਰਗੇ ਝੂਠੇ ਅਤੇ ਕੱਟੜ ਭ੍ਰਿਸ਼ਟ ਹੋਣ ਕਾਰਨ ਜੇਲ੍ਹ ਵਿਚ ਹੈ, ਜਿਸ ਨੂੰ ਉਹ ਕਲੀਨ ਚਿੱਟ ਦਿੰਦੇ ਹਨ, ਜਦਕਿ ਉਨ੍ਹਾਂ ਦਾ ਸਿੱਖਿਆ ਮੰਤਰੀ ਹੁਣ ਸ਼ਰਾਬ ਮੰਤਰੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਨੁਰਾਗ ਠਾਕੁਰ ਨੇ ਪੰਜਾਬ ਵਿਚ ‘ਆਪ’ ਸਰਕਾਰ ਨੂੰ ਡੇਗਣ ਦੇ ਭਾਜਪਾ ਦੇ ਮਨਸੂਬਿਆਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਵਿਚ ‘ਆਪ’ ਸਰਕਾਰ ਸੱਤਾ ਵਿਚ ਆਉਣ ਤੋਂ ਤਿੰਨ ਮਹੀਨੇ ਬਾਅਦ ਹੀ ਆਪਣੇ ਹੀ ਲੋਕ ਸਭਾ ਹਲਕੇ ਦੀਆਂ ਉਪ ਚੋਣਾਂ ਹਾਰ ਜਾਂਦੀ ਹੈ ਤਾਂ ਉਥੇ ਭਾਜਪਾ ਸਰਕਾਰ ਨੂੰ ਸੁੱਟਣ ਦੀ ਕੀ ਲੋੜ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤ-ਆਸਟ੍ਰੇਲੀਆ ਟੀ-20 ਮੈਚ : CM ਮਾਨ ਪਹੁੰਚੇ PCA ਕ੍ਰਿਕਟ ਸਟੇਡੀਅਮ ਮੁਹਾਲੀ

ਜ਼ਰੂਰੀ ਕੰਮ ਪੈ ਗਿਆ ਹੋਵੇਗਾ ਕੈਬਨਿਟ ਮੰਤਰੀ ਨੂੰ : ਕੇਂਦਰੀ ਮੰਤਰੀ

ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਅੱਜ ਸਮਾਗਮ ਵਿਚ ਨਾ ਆਉਣ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਉਹ ਸ਼ਾਇਦ ਕਿਸੇ ਜ਼ਰੂਰੀ ਮੀਟਿੰਗ ਜਾਂ ਕੰਮ ਵਿਚ ਫਸ ਗਏ ਹੋਣ, ਇਸ ਲਈ ਉਹ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਖੇਡ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੂੰ ਉਮੀਦ ਹੈ ਕਿ ਮੀਤ ਹੇਅਰ ਖਿਡਾਰੀਆਂ ਦੀ ਭਲਾਈ ਲਈ ਹਮੇਸ਼ਾ ਗੰਭੀਰ ਰਹਿਣਗੇ। ਵਰਣਨਯੋਗ ਹੈ ਕਿ ਅੱਜ ਦੇ ਸਮਾਗਮ ’ਚ ਗੁਰਮੀਤ ਸਿੰਘ ਮੀਤ ਹੇਅਰ ਨੇ ਸਮਾਗਮ ਵਿਚ ਆਪਣਾ ਪ੍ਰਧਾਨਗੀ ਭਾਸ਼ਣ ਦੇਣਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸੱਦੀ ਗਈ ਕੈਬਨਿਟ ਮੀਟਿੰਗ ਵਿਚ ਸ਼ਾਮਲ ਹੋਣ ਕਾਰਨ ਉਹ ਨਹੀਂ ਪਹੁੰਚ ਸਕੇ।

ਖਿਡਾਰਨਾਂ ਲਈ ਟਾਇਲਟ ਵਿਚ ਖਾਣਾ ਬਣਾਉਣ ’ਤੇ ਹੋਵੇਗੀ ਸਖਤ ਕਾਰਵਾਈ

ਬੀਤੇ ਦਿਨੀਂ ਸਹਾਰਨਪੁਰ ਵਿਚ ਅੰਡਰ-17 ਲਡ਼ਕੀਆਂ ਦੇ ਕਬੱਡੀ ਮੁਕਾਬਲੇ ਵਿਚ ਮਹਿਲਾ ਖਿਡਾਰੀਆਂ ਦੇ ਟਾਇਲਟ ਵਿਚ ਖਾਣਾ ਬਣਾਉਣ ਦੀ ਵਾਇਰਲ ਹੋਈ ਵੀਡੀਓ ਬਾਰੇ ਜਦੋਂ ਖੇਡ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਕਿਹਾ ਕਿ ਇਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਪ੍ਰਬੰਧਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।


Manoj

Content Editor

Related News