ਇਸ ਦੇਸ਼ ’ਚ ਨਰਿੰਦਰ ਮੋਦੀ ਦਾ ਕੋਈ ਬਦਲ ਹੈ ਹੀ ਨਹੀਂ: ਅਨੁਰਾਗ ਠਾਕੁਰ
Wednesday, May 03, 2023 - 10:49 AM (IST)
ਜਲੰਧਰ (ਅਨਿਲ ਪਾਹਵਾ)- ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਪਹਿਲਾਂ ਨਾਲੋਂ ਵੱਧ ਸੀਟਾਂ ਜਿੱਤੇਗੀ, ਕਿਉਂਕਿ ਪ੍ਰਧਾਨ ਮੰਤਰੀ ਵਜੋਂ ਨਰਿੰਦਰ ਮੋਦੀ ਦਾ ਕੋਈ ਬਦਲ ਨਹੀਂ ਹੈ। ਇਸ ਵਾਰ ਭਾਜਪਾ 400 ਸੀਟਾਂ ਦੇ ਅੰਕੜੇ ਨੂੰ ਛੂਹ ਲਵੇਗੀ, ਇਹ ਤੈਅ ਹੈ। ਅਨੁਰਾਗ ਠਾਕੁਰ ਨੇ ਪੰਜਾਬ ਕੇਸਰੀ ਦਫ਼ਤਰ ਜਲੰਧਰ ਦੇ ਦੌਰੇ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਆਪਣੀ ਹੋਂਦ ਨੂੰ ਬਚਾਉਣ ਦੀਆਂ ਹਨ, ਜਦਕਿ ਨਰਿੰਦਰ ਮੋਦੀ ਨੇ ਪੂਰੇ ਭਾਰਤ ਦਾ ਵਿਕਾਸ ਕਰਵਾਇਆ ਹੈ। ਨਰਿੰਦਰ ਮੋਦੀ ਨੇ ਵਿਕਾਸ ਕਰਵਾਉਂਦੇ ਹੋਏ ਇਹ ਨਹੀਂ ਵੇਖਿਆ ਕਿ ਕਿੱਥੇ ਆਪਣੀ ਸਰਕਾਰ ਹੈ ਅਤੇ ਕਿੱਥੇ ਦੂਜੀ ਪਾਰਟੀ ਦੀ। ਦੂਜੇ ਪਾਸੇ ਵਿਰੋਧੀ ਧਿਰ ਦੀ ਸਥਿਤੀ ਇਹ ਹੈ ਕਿ ਸਭ ਤੋਂ ਪਹਿਲਾਂ ਇਹ ਹੀ ਤੈਅ ਨਹੀਂ ਹੈ ਕਿ ਵਿਰੋਧੀ ਧਿਰ ’ਚ ਹੈ ਕੌਣ? ਕੌਣ ਉਨ੍ਹਾਂ ਦਾ ਪੀ. ਐੱਮ. ਫੇਸ ਹੈ? ਸਾਰਿਆਂ ਦੇ ਆਪਣੇ-ਆਪਣੇ ਹਿੱਤ ਹਨ, ਸਾਰਿਆਂ ਨੂੰ ਕੁਰਸੀ ਦਿਸਦੀ ਹੈ ਅਤੇ ਜਦੋਂ ਅਜਿਹਾ ਹੁੰਦਾ ਹੈ ਤਾਂ ਕਦੇ ਵੀ ਇਕਜੁਟੱਤਾ ਨਹੀਂ ਆਉਂਦੀ।
ਨਰਿੰਦਰ ਮੋਦੀ ਦੀ ਅਗਵਾਈ ਅਜਿਹੀ ਹੀ ਵਿਸ਼ਾਲ ਹੈ, ਜਿਸ ਦੇ ਅੱਗੇ ਸਾਰੇ ਬੌਣੇ ਹਨ। ਇਹੀ ਕਾਰਨ ਹੈ ਕਿ ਨਰਿੰਦਰ ਮੋਦੀ ਦੇ ਵਿਸ਼ਾਲ ਪ੍ਰਭਾਵ ਤੋਂ ਘਬਰਾਇਆ ਵਿਰੋਧੀ ਧਿਰ ਹੁਣ ਘਟੀਆ ਭਾਸ਼ਾ ’ਤੇ ਉੱਤਰ ਆਇਆ ਹੈ। ਤੁਸੀਂ ਕੇਜਰੀਵਾਲ ਨੂੰ ਹੀ ਵੇਖੋ, ਈਮਾਨਦਾਰੀ ਦੀ ਗੱਲ ਕਰਨ ਵਾਲੇ ਕੇਜਰੀਵਾਲ ਦੇ 2 ਮੰਤਰੀ ਜੇਲ੍ਹ ’ਚ ਹਨ ਅਤੇ ਉਹ ਉਨ੍ਹਾਂ ’ਚੋਂ ਇਕ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਦੇ ਹਨ। ਇਹ ਸ਼ਹੀਦ-ਏ-ਆਜ਼ਮ ਦਾ ਘੋਰ ਅਪਮਾਨ ਹੈ, ਜਿਸ ਦਾ ਜਵਾਬ ਦੇਸ਼ ਜ਼ਰੂਰ ਦੇਵੇਗਾ, ਕਿਉਂਕਿ ਸ਼ਹੀਦ ਭਗਤ ਸਿੰਘ ਹਰ ਦੇਸ਼ ਵਾਸੀ ਅਤੇ ਹਰ ਨੌਜਵਾਨ ਦੇ ਆਦਰਸ਼ ਹਨ ਪਰ ਜਦੋਂ ਉਨ੍ਹਾਂ ਦੀ ਤੁਲਨਾ ਸ਼ਰਾਬ ਕਾਂਡ ’ਚ ਫਸੇ ਲੋਕਾਂ ਨਾਲ ਕੀਤੀ ਜਾਂਦੀ ਹੈ ਤਾਂ ਇਹ ਤੁਲਨਾ ਕਰਨ ਵਾਲਿਆਂ ਦੇ ਪੱਧਰ ਨੂੰ ਆਸਾਨੀ ਨਾਲ ਬਿਆਨ ਕਰਦਾ ਹੈ।
ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਤਮਸਤਕ ਹੋਏ CM ਭਗਵੰਤ ਮਾਨ, ਗਾਇਕ ਗੁਰਦਾਸ ਮਾਨ ਨੇ ਕੀਤਾ ਸਨਮਾਨ
ਇਸੇ ਤਰ੍ਹਾਂ ਰਾਹੁਲ ਗਾਂਧੀ ਜਾਣਬੁੱਝ ਕੇ ਖ਼ੁਦ ਨੂੰ ਸ਼ਹੀਦ ਬਣਾਉਣ ’ਚ ਲੱਗੇ ਹੋਏ ਹਨ, ਜਦਕਿ ਅਸਲ ਗੱਲ ਇਹ ਹੈ ਕਿ ਉਹ ਜਾਣਬੁੱਝ ਕੇ ਆਪਣੇ ਕੇਸ ’ਚ ਰਾਹਤ ਮੰਗਣ ਨਹੀਂ ਗਏ। ਅਦਾਲਤ ਨੇ ਅੰਤ ਤੱਕ ਉਨ੍ਹਾਂ ਨੂੰ ਮੁਆਫ਼ੀ ਮੰਗਣ ਦਾ ਮੌਕਾ ਦਿੱਤਾ ਪਰ ਦੇਸ਼ ਰਾਹੁਲ ਗਾਂਧੀ ਦੀ ਇਸ ਯੋਜਨਾ ਨੂੰ ਸਮਝਦਾ ਹੈ ਅਤੇ ਇਸੇ ਲਈ ਇਸ ਪੂਰੇ ਘਟਨਾਕ੍ਰਮ ਦਾ ਜਨਤਾ ’ਤੇ ਕੋਈ ਅਸਰ ਨਹੀਂ ਹੋਇਆ। ਅਸਲੀਅਤ ਇਹ ਹੈ ਕਿ ਦੇਸ਼ ਕੋਲ 2 ਬਦਲ ਹਨ। ਇਕ ਪਾਸੇ ਅਲੱਗ-ਥਲੱਗ ਅਤੇ ਘਬਰਾਇਆ ਵਿਰੋਧੀ ਧਿਰ, ਜੋ ਨਿੱਤ ਨਵੇਂ ਝੂਠੇ ਢੋਂਗ ਰਚ ਕੇ ਆਪਣੀ ਹੋਂਦ ਬਚਾਉਣ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ ਅਤੇ ਦੂਜਾ ਬਦਲ ਨਰਿੰਦਰ ਮੋਦੀ ਦਾ ਹੈ, ਜਿਨ੍ਹਾਂ ਦਾ ਇਕੋ-ਇਕ ਮੂਲ ਮੰਤਰ ਹੈ, ‘ਸਭ ਦਾ ਸਾਥ ਸਭ ਦਾ ਵਿਕਾਸ’। ਇਸ ’ਚ ਕੋਈ ਦੋ ਰਾਏ ਨਹੀਂ ਕਿ ਜਨਤਾ ਵਿਕਾਸ ਦਾ ਮਾਡਲ ਪਸੰਦ ਕਰ ਰਹੀ ਹੈ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਸਬੰਧੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਬਿਆਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ