ਕੇਂਦਰ ਸਰਕਾਰ ਟਾਈਟਲਰ ਨੂੰ ਕਿਉਂ ਬਚਾ ਰਹੀ ਹੈ, ਹਰਸਿਮਰਤ ਬਾਦਲ ਦੇਵੇ ਜਵਾਬ : ਫੂਲਕਾ

10/31/2017 5:36:00 AM

ਮੁੱਲਾਂਪੁਰ ਦਾਖਾ, (ਸੰਜੀਵ)- 1984 ਦੇ ਦਿੱਲੀ ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਨੂੰ ਬਚਾਉਣ ਲਈ ਸੀ. ਬੀ. ਆਈ. ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਕਿਉਂਕਿ ਸੀ. ਬੀ. ਆਈ. ਹੁਣ ਤੱਕ 3 ਵਾਰ ਟਾਈਟਲਰ ਨੂੰ ਕਲੀਨ ਚਿੱਟ ਦੇ ਚੁੱਕੀ ਹੈ ਪਰ ਉਸ ਦੇ ਖਿਲਾਫ ਇੰਨੇ ਸਬੂਤ ਹੋਣ ਦੇ ਬਾਵਜੂਦ ਸੀ. ਬੀ. ਆਈ. ਉਸ ਖਿਲਾਫ ਐਕਸ਼ਨ ਲੈਣ ਤੋਂ ਭੱਜ ਰਹੀ ਹੈ ਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਵੱਲੋਂ ਕੇਜਰੀਵਾਲ 'ਤੇ ਟਾਈਟਲਰ ਨੂੰ ਬਚਾਉਣ ਦੇ ਦੋਸ਼ ਲਾਏ ਗਏ ਹਨ, ਜਦਕਿ ਟਾਈਟਲਰ ਨੂੰ ਕੇਜਰੀਵਾਲ ਨਹੀਂ, ਕੇਂਦਰ ਦੀ ਮੋਦੀ ਸਰਕਾਰ ਬਚਾ ਰਹੀ ਹੈ ਕਿਉਂਕਿ ਸੀ. ਬੀ. ਆਈ. ਕੇਂਦਰ ਸਰਕਾਰ ਦੇ ਅਧੀਨ ਹੈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਟਾਈਟਲਰ ਨੂੰ ਬਚਾਉਣ ਦਾ ਜਵਾਬ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਮੰਗਣਾ ਚਾਹੀਦਾ ਹੈ।
ਇਹ ਪ੍ਰਗਟਾਵਾ 'ਆਪ' ਦੇ ਸੀਨੀਅਰ ਆਗੂ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਤੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਅੱਜ ਆਪਣੇ ਦਫਤਰ ਦਾਖਾ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀਮਤੀ ਬਾਦਲ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਅਲਟੀਮੇਟਮ ਦੇਣ ਕਿ ਹਵਾਲਾ, ਮਨੀਲਾਂਡਰਿੰਗ ਅਤੇ ਦਿੱਲੀ ਦੰਗਿਆਂ ਦੇ ਮੁਲਜ਼ਮ ਟਾਈਟਲਰ ਨੂੰ ਬਚਾਉਣ ਲਈ ਸਰਕਾਰ ਕਿਉਂ ਜ਼ੋਰ ਲਾ ਰਹੀ ਹੈ।
ਫੂਲਕਾ ਨੇ ਕਿਹਾ ਕਿ ਸੀ. ਬੀ. ਆਈ. ਵੱਲੋਂ ਹੁਣ ਤੱਕ ਟਾਈਟਲਰ ਨੂੰ 3 ਵਾਰ ਕਲੀਨ ਚਿੱਟ ਦਿੱਤੀ ਜਾ ਚੁੱਕੀ ਹੈ। ਪਹਿਲਾਂ 2 ਵਾਰ ਕੇਂਦਰ 'ਚ ਕਾਂਗਰਸ ਸਰਕਾਰ ਸਮੇਂ ਅਤੇ ਤੀਜੀ ਵਾਰ ਭਾਜਪਾ ਸਰਕਾਰ ਸਮੇਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਕੇਂਦਰ ਵਿਚ ਮੰਤਰੀ ਹਨ ਪਰ ਉਨ੍ਹਾਂ ਨੇ ਇਕ ਵਾਰ ਵੀ ਕੇਂਦਰ ਸਰਕਾਰ ਨੂੰ ਟਾਈਟਲਰ ਖਿਲਾਫ ਜਲਦੀ ਜਾਂਚ ਮੁਕੰਮਲ ਕਰਨ ਲਈ ਸੀ. ਬੀ. ਆਈ. ਨੂੰ ਹੁਕਮ ਦੇਣ ਲਈ ਨਹੀਂ ਕਿਹਾ ਤੇ ਸੀ. ਬੀ. ਆਈ. ਵੱਲੋਂ ਟਾਈਟਲਰ ਖਿਲਾਫ ਪੇਸ਼ ਹੋਣ ਵਾਲੇ ਗਵਾਹਾਂ ਨੂੰ ਵੀ ਤੰਗ ਕੀਤਾ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਕੜਕੜਡੂਮਾ ਕੋਰਟ ਵੱਲੋਂ ਹਥਿਆਰ ਡੀਲਰ ਤੇ ਟਾਈਟਲਰ ਦੇ ਪੁਰਾਣੇ ਸਾਥੀ ਅਭਿਸ਼ੇਕ ਵਰਮਾ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਲਈ ਦਿੱਲੀ ਸਰਕਾਰ ਅਧੀਨ ਆਉਂਦੀ ਫੋਰੈਂਸਿਕ ਸਾਇੰਸ ਲੈਬ ਵਿਚ ਲੈ ਕੇ ਜਾਣ ਦੇ ਹੁਕਮ ਦਿੱਤੇ ਗਏ ਸਨ ਪਰ ਲੈਬ ਵਿਚ ਵਿਗਿਆਨਕਾਂ ਤੇ ਟੈਕਨੀਸ਼ੀਅਨਾਂ ਨੇ ਸੀ. ਬੀ. ਆਈ. ਵੱਲੋਂ ਨਿਯੁਕਤ ਜਾਂਚ ਅਧਿਕਾਰੀ ਵੱਲੋਂ ਦਿੱਤੇ ਗਏ ਸਵਾਲ ਹੀ ਅਭਿਸ਼ੇਕ ਵਰਮਾ ਨੂੰ ਪੁੱਛੇ ਸਨ, ਇਸ ਲਈ ਇਸ ਦਾ ਜਵਾਬ ਹਰਸਿਮਰਤ ਕੌਰ ਬਾਦਲ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੰਗਿਆਂ ਦੇ ਮੁੱਖ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਹੀ ਦਮ ਲੈਣਗੇ ਭਾਵੇਂ ਕੇਂਦਰ ਸਰਕਾਰ ਮੁਲਜ਼ਮਾਂ ਨੂੰ ਬਚਾਉਣ ਲਈ ਜਿੰਨਾ ਚਾਹੇ ਜ਼ੋਰ ਲਾ ਲਵੇ।


Related News