ਬਜਟ ਦੇ ਵਿਰੋਧ ''ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ

Wednesday, Feb 07, 2018 - 07:17 AM (IST)

ਬਜਟ ਦੇ ਵਿਰੋਧ ''ਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ

ਤਰਨਤਾਰਨ,   (ਆਹਲੂਵਾਲੀਆ)-  ਭਾਰਤੀ ਇਨਕਬਾਲੀ ਮਾਰਕਸਵਾਦੀ ਪਾਰਟੀ ਵੱਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਕੇਂਦਰ ਦੀ ਮੋਦੀ ਸਰਕਾਰ 
ਵੱਲੋਂ ਲੋਕ ਵਿਰੋਧੀ ਬਜਟ ਦੇ ਵਿਰੋਧ 'ਚ ਤੁੜ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
 ਇਸ ਮੌਕੇ ਪਾਰਟੀ ਆਗੂ ਸੁਲੱਖਣ ਸਿੰਘ ਤੁੜ ਤੇ ਮਨਜੀਤ ਸਿੰਘ ਬੱਗੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਜਟ ਲੋਕ ਵਿਰੋਧੀ ਹੈ। ਬਜਟ 'ਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਕੋਈ ਵੀ ਠੋਸ ਤਜਵੀਜ਼ ਨਹੀਂ ਲਿਆਂਦੀ ਗਈ, ਸਿੱਖਿਆ 'ਤੇ ਖਰਚ ਪਿਛਲੇ ਬਜਟ ਨਾਲੋਂ ਵੀ ਘੱਟ ਰੱਖਿਆ ਹੈ, ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਦਾ ਵੀ ਕੋਈ ਨਿਪਟਾਰਾ ਨਹੀਂ ਕੀਤਾ ਗਿਆ ਤੇ ਕਿਸਾਨਾਂ ਦੀਆਂ ਫਸਲਾਂ ਦੇ ਭਾਅ ਡਾ. ਸਵਾਮੀਨਾਥਨ ਰਿਪੋਰਟ ਮੁਤਾਬਕ ਦੇਣ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ, ਸਗੋਂ ਲੱਖਾਂ-ਕਰੋੜ ਦੇ ਘਾਟੇ ਦਾ ਬਜਟ ਪੇਸ਼ ਕਰ ਕੇ ਟੈਕਸਾਂ ਦਾ ਭਾਰ ਆਮ ਲੋਕਾਂ 'ਤੇ ਪਾਉਣ ਦੀ ਤਿਆਰੀ ਕੀਤੀ ਗਈ ਹੈ।
 ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਨਿਰੰਜਣ ਸਿੰਘ, ਆਗੂ ਰੇਸ਼ਮ ਸਿੰਘ ਫੈਲੋਕੇ, ਨਰਿੰਦਰ ਸਿੰਘ ਤੁੜ, ਦਾਰਾ ਸਿੰਘ ਮੁੰਡਾਪਿੰਡ, ਬਾਬਾ ਸੰਤੋਖ ਸਿੰਘ, ਜਮਹੂਰੀ ਕਿਸਾਨ ਸਭਾ ਆਗੂ ਬਲਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਆਗੂ ਸੁਰਜੀਤ ਸਿੰਘ ਤੇ ਬੂਟਾ ਸਿੰਘ ਕੋਟ ਆਦਿ ਹਾਜ਼ਰ ਸਨ।
ਭਿੱਖੀਵਿੰਡ,(ਅਮਨ, ਸੁਖਚੈਨ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਵੱਲੋਂ ਅੱਜ ਭਿੱਖੀਵਿੰਡ ਦੇ ਮੇਨ ਚੌਕ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ, ਜਿਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ, ਅਜੀਤ ਸਿੰਘ ਕੰਬੋਕੇ ਤੇ ਅੰਗਰੇਜ਼ ਸਿੰਘ ਨਵਾਂ ਪਿੰਡ ਨੇ ਕੀਤੀ। ਇਸ ਮੌਕੇ ਇਕੱਤਰ ਹੋਏ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਆਰ. ਐੱਮ. ਪੀ. ਆਈ. ਦੇ ਜ਼ਿਲਾ ਸਕੱਤਰ ਮੈਂਬਰ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ, ਉਸ 'ਚ ਗਰੀਬ ਮਜ਼ਦੂਰਾਂ ਅਤੇ ਨੌਜਵਾਨਾਂ ਦੇ ਰੋਜ਼ਗਾਰ ਲਈ ਕੋਈ ਠੋਸ ਨੀਤੀ ਨਹੀਂ ਬਣਾਈ ਗਈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕਾਂਗਰਸ ਸਰਕਾਰ ਵੱਲੋਂ ਜੇ ਗਰੀਬ ਕਿਸਾਨ-ਮਜ਼ਦੂਰਾਂ ਦੀ ਖੁਸ਼ਹਾਲੀ ਲਈ ਕੋਈ ਯੋਗ ਉਪਰਾਲਾ ਨਾ ਕੀਤਾ ਗਿਆ ਤਾਂ ਆਰ. ਐੱਮ. ਪੀ. ਆਈ. ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਇਸ ਮੌਕੇ ਉਨ੍ਹਾਂ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਸਮੇਂ ਪ੍ਰੀਤਮ ਸਿੰਘ ਚੂਸਲੇਵਾੜ, ਗੁਰਲਾਲ ਸਿੰਘ ਅਲਗੋ, ਸੁਖਵੰਤ ਸਿੰਘ ਭਿੱਖੀਵਿੰਡ, ਭਗਵੰਤ ਸਿੰਘ ਤੇ ਸਕੱਤਰ ਸਿੰਘ ਨਵਾਂ ਪਿੰਡ ਹਾਜ਼ਰ ਸਨ।
ਖਡੂਰ ਸਾਹਿਬ,  (ਕੁਲਾਰ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਨੇ ਪਿੰਡ ਕੰਗ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ, ਜਿਸ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਆਗੂ ਡਾ. ਅਜੈਬ ਸਿੰਘ ਜਹਾਗੀਰ, ਮਾ. ਹਰਜਿੰਦਰ ਸਿੰਘ ਕੰਗ ਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਮੁੱਖ ਸਿੰਘ ਦੀਨੇਵਾਲ ਨੇ ਕੀਤੀ। 
ਇਸ ਮੌਕੇ ਆਗੂ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ, ਮਜ਼ਦੂਰਾਂ ਤੇ ਨੌਜਵਾਨ ਵਿਰੋਧੀ ਬਜਟ ਪੇਸ਼ ਕਰ ਕੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਬੁਰੀ ਤਰ੍ਹਾਂ ਖੋਖਲਾ ਸਾਬਿਤ ਹੋਇਆ ਹੈ। ਇਸ ਮੌਕੇ ਸੁਰਜੀਤ ਸਿੰਘ, ਜਸਬੀਰ ਸਿੰਘ, ਬਲਵਿੰਦਰ ਸਿੰਘ ਵੈਰੋਵਾਲ, ਦਲਬੀਰ ਸਿੰਘ ਮੱਲ੍ਹਾ, ਬਚਨ ਸਿੰਘ ਜਹਾਂਗੀਰ, ਹਰਜਿੰਦਰ ਸਿੰਘ, ਦਿਆਲ ਸਿੰਘ ਤੇ ਸਰਦਾਰਾ ਸਿੰਘ ਜਹਾਂਗੀਰ ਆਦਿ ਹਾਜ਼ਰ ਸਨ।


Related News