ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, 5 ਨਾਮਜ਼ਦ

Wednesday, Sep 09, 2026 - 04:53 PM (IST)

ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ, 5 ਨਾਮਜ਼ਦ

ਮੋਗਾ (ਆਜ਼ਾਦ) : ਮਹਿੰਮੇਵਾਲਾ ਰੋਡ ਮੋਗਾ ਨਿਵਾਸੀ ਅਕਾਸ਼ਦੀਪ ਸਿੰਘ ਵਲੋਂ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਵਲੋਂ ਮ੍ਰਿਤਕ ਦੀ ਪਤਨੀ ਪਾਇਲ ਉਸ ਦੇ ਸਾਲੇ ਜਤਿਨ ਕੰਡਾ, ਅਮਨਦੀਪ ਕੰਡਾ, ਜੋਤੀ ਸਾਰੇ ਨਿਵਾਸੀ ਲਾਲ ਸਿੰਘ ਰੋਡ ਮੋਗਾ ਅਤੇ ਵਿਚੋਲਾ ਸੰਜੇ ਕੁਮਾਰ ਨਿਵਾਸੀ ਰਾਮ ਨਗਰ ਬਾਈਪਾਸ ਮੋਗਾ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿਚ ਪੁਲਸ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਗੁਰਦੇਵ ਸਿੰਘ ਨਿਵਾਸੀ ਮਹਿਮੇਵਾਲਾ ਰੋਡ ਮੋਗਾ ਨੇ ਕਿਹਾ ਕਿ ਮੈਂ ਦਾਣਾ ਮੰਡੀ ਵਿਚ ਸਬਜ਼ੀ ਦਾ ਕੰਮ ਕਰਦਾ ਹਾਂ। ਮੇਰੇ ਲੜਕੇ ਅਕਾਸ਼ਦੀਪ ਸਿੰਘ ਦੀ ਪਾਇਲ ਕੰਡਾ ਨਿਵਾਸੀ ਲਾਲ ਸਿੰਘ ਰੋਡ ਮੋਗਾ ਨਾਲ ਦੋਸਤੀ ਸੀ ਇਸ ਉਪਰੰਤ ਅਸੀਂ ਪਾਇਲ ਕੰਡਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਦੋਨਾ ਧਿਰਾਂ ਦੀ ਸਹਿਮਤੀ ਦੇ ਬਾਅਦ ਮੇਰੇ ਲੜਕੇ ਅਕਾਸ਼ਦੀਪ ਸਿੰਘ ਦਾ ਵਿਆਹ ਮਈ 2025 ਨੂੰ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ, ਵਿਆਹ ਮਗਰੋਂ ਮੇਰੇ ਲੜਕੇ ਦੇ ਘਰ ਇਕ ਬੇਟੇ ਨੇ ਜਨਮ ਲਿਆ। ਵਿਆਹ ਦੇ ਕੁਝ ਸਮੇਂ ਬਾਅਦ ਮੇਰੀ ਨੂੰਹ ਪਾਇਲ ਕੰਡਾ ਨੇ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਬੇਟੇ ਅਕਾਸ਼ਦੀਪ ਸਿੰਘ ਨੂੰ ਸਾਡੇ ਤੋਂ ਅਲੱਗ ਰਹਿਣ ਲਈ ਮਜ਼ਬੂਰ ਕਰਨ ਲੱਗ ਪਈ ਅਤੇ ਉਸਦਾ ਸਹੁਰਾ ਪਰਿਵਾਰ ਜਿਸ ਵਿਚ ਸਾਲਾ ਜਤਿਨ ਕੰਡਾ, ਸਹੁਰਾ ਅਮਨਦੀਪ ਕੰਡਾ ਅਤੇ ਸੱਸ ਜੋਤੀ ਮੇਰੇ ਲੜਕੇ ਨੂੰ ਨਿੱਕੀ ਨਿੱਕੀ ਗੱਲ ’ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। 

ਮੇਰਾ ਲੜਕਾ ਅਕਸਰ ਮੈਂਨੂੰ ਕਹਿੰਦਾ ਕਿ ਮੇਰੀ ਪਤਨੀ ਪਾਇਲ ਦਾ ਪਰਿਵਾਰ ਮੈਂਨੂੰ ਘਰ ਜਵਾਈ ਬਣ ਕੇ ਰਹਿਣ ਲਈ ਕਹਿ ਰਿਹਾ ਹੈ ਅਤੇ ਵਿਚੋਲਾ ਸੰਜੇ ਕੁਮਾਰ ਵੀ ਮੈਂਨੂੰ ਤੰਗ ਪ੍ਰੇਸ਼ਾਨ ਕਰਦਾ ਹੈ। ਉਸ ਨੇ ਕਿਹਾ ਕਿ ਮੇਰੀ ਨੂੰਹ ਸੁਨਿਆਰ ਘਰਾਣੇ ਨਾਲ ਸਬੰਧਤ ਹੈ ਅਤੇ ਉਹ ਕਹਿੰਦੀ ਹੈ ਕਿ ਤੁਸੀਂ ਸਬਜ਼ੀ ਦਾ ਕੰਮ ਕਰਦੇ ਹੋ। ਇੰਨ੍ਹਾਂ ਗੱਲਾਂ ਨੂੰ ਕਹਿ ਕੇ ਮੇਰਾ ਬੇਟਾ ਤੰਗ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ ਮੈਨੂੰ ਕਹਿੰਦਾ ਸੀ ਕਿ ਮੈਂ ਅਪਣੀ ਪਤਨੀ ਅਤੇ ਸਹੁਰੇ ਦੇ ਇਲਾਵਾ ਵਿਚੋਲਾ ਸੰਜੇ ਕੁਮਾਰ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਖਾ ਕੇ ਮਰ ਜਾਣਾ ਹੈ, ਮੈਂ ਉਸ ਨੂੰ ਬਹੁਤ ਸਮਝਾਇਆ ਅਤੇ ਅਤੇ ਸਹੁਰੇ ਪਰਿਵਾਰ ਨੂੰ ਵੀ ਦੱਸਿਆ। ਉਸ ਨੇ ਕਿਹਾ ਕਿ ਮੇਰੀ ਨੂੰਹ ਪਾਇਲ ਨੂੰ ਉਸਦੇ ਮਾਤਾ ਪਿਤਾ ਆਪਣੇ ਘਰ ਲੈ ਗਏ, ਅਸੀਂ ਪੰਚਾਇਤ ਰਾਹੀਂ ਵੀ ਮਿੰਨਤਾ ਕੀਤੀਆਂ ਪਰ ਉਨ੍ਹਾਂ ਨੇ ਕੋਈ ਗੱਲ ਨਾ ਸੁਣੀ। ਆਖਿਰ ਮੇਰੇ ਬੇਟੇ ਅਕਾਸ਼ਦੀਪ ਸਿੰਘ ਨੇ ਇੰਨ੍ਹਾਂ ਤੋਂ ਤੰਗ ਆਕੇ ਕੋਈ ਜ਼ਹਿਰੀਲੀ ਦਵਾਈ ਖਾ ਲਈ। ਇਸ ਸਬੰਧ ਵਿਚ ਉਸ ਨੇ ਫੋਨ ਵਿਚ ਖੁਦਕੁਸ਼ੀ ਨੋਟ ਵੀ ਟਾਈਪ ਕੀਤਾ। ਮੇਰੇ ਬੇਟੇ ਨੂੰ ਮੋਗਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਆਖਿਰ ਉਸਦੀ ਏਮਜ਼ ਹਸਪਤਾਲ ਬਠਿੰਡਾ ਵਿਚ ਮੌਤ ਹੋ ਗਈ। ਉਸ ਨੇ ਕਿਹਾ ਕਿ ਮੇਰੇ ਬੇਟੇ ਦੀ ਮੌਤ ਲਈ ਸਾਰੇ ਕਥਿਤ ਮੁਲਜਮ ਜ਼ਿੰਮੇਵਾਰ ਹਨ। ਇਸ ਮਾਮਲੇ ਦੀ ਜਾਂਚ ਫੋਕਲ ਪੁਆਇੰਟ ਪੁਲਸ ਚੌਂਕੀ ਦੇ ਇੰਚਾਰਜ ਮੋਹਕਮ ਸਿੰਘ ਵਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰੀ ਬਾਕੀ ਹੈ। ਮੋਹਕਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।


author

Gurminder Singh

Content Editor

Related News