ਭੈਣ ਤੋਂ ਰੱਖੜੀ ਬੰਨ੍ਹਵਾਉਣ ਆਏ ਨੌਜਵਾਨ ਦੀ ਸ਼ੱਕੀ ਹਾਲਾਤਾਂ ’ਚ ਮੌਤ, ਪਲਾਟ ’ਚੋਂ ਮਿਲੀ ਲਾਸ਼
Tuesday, Sep 01, 2026 - 05:52 PM (IST)
ਮੋਗਾ (ਆਜ਼ਾਦ) : ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾਉਣ ਲਈ ਆਏ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਬਹੋਨਾ ਚੌਕ ਨੇੜੇ ਸਤਿਸੰਗ ਭਵਨ ਕੋਲ ਇਕ ਪਲਾਟ ਵਿਚੋਂ ਮਿਲੀ। ਬਾਅਦ ਵਿਚ ਅਣਪਛਾਤੇ ਨੌਜਵਾਨ ਦੀ ਪਛਾਣ ਅਬੋਹਰ ਜ਼ਿਲੇ ਦੇ ਪਿੰਡ ਬੱਲੂਆਣਾ ਵਾਸੀ ਰਾਜਿੰਦਰ ਪਾਲ (30) ਵਜੋਂ ਹੋਈ। ਘਟਨਾ ਦੀ ਜਾਣਕਾਰੀ ਮਿਲਣ ’ਤੇ ਫੋਕਲ ਪੁਆਇੰਟ ਪੁਲਸ ਚੌਕੀ ਦੇ ਸਹਾਇਕ ਥਾਣੇਦਾਰ ਸਤਨਾਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਕਰਨ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਨੌਜਵਾਨ ਕੋਲੋਂ ਮਿਲੇ ਮੋਬਾਈਲ ਫੋਨ ਰਾਹੀਂ ਉਸ ਦੀ ਭੈਣ ਨਾਲ ਸੰਪਰਕ ਕੀਤਾ ਗਿਆ। ਫੋਨ ’ਤੇ ਸੰਪਰਕ ਹੋਣ ਉਪਰੰਤ ਮ੍ਰਿਤਕ ਦਾ ਜੀਜਾ ਮਲਕੀਤ ਰਾਮ, ਮੰਜੂ ਅਤੇ ਹੋਰ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਉਕਤ ਨੌਜਵਾਨ ਦੀ ਲਾਸ਼ ਦੀ ਪਛਾਣ ਕੀਤੀ। ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਅੱਜ ਨੌਜਵਾਨ ਦੀ ਲਾਸ਼ ਦਾ ਉਸ ਦੇ ਜੀਜਾ ਮਲਕੀਤ ਰਾਮ ਦੇ ਬਿਆਨਾਂ ਦੇ ਆਧਾਰ ’ਤੇ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਨੌਜਵਾਨ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
