ਖੇਤਾਂ ’ਚੋਂ ਅਣਪਛਾਤੇ ਬਜ਼ੁਰਗ ਦੀ ਕੁੱਤਿਆਂ ਤੇ ਸੂਰਾਂ ਵੱਲੋਂ ਨੋਚ-ਨੋਚ ਖਾਧੀ ਲਾਸ਼ ਬਰਾਮਦ
Saturday, Jan 04, 2025 - 02:22 AM (IST)
ਕਿਸ਼ਨਗੜ੍ਹ (ਬੈਂਸ) - ਬੀਤੇ ਦਿਨ ਅੱਡਾ ਨੋਗੱਜਾ ਨਜ਼ਦੀਕ ਇਕ ਗੰਨੇ ਦੇ ਵੱਢ ਵਿਚੋਂ ਇਕ ਅਣਪਛਾਤੇ ਬਜ਼ੁਰਗ ਦੀ ਕੁੱਤਿਆਂ ਅਤੇ ਸੂਰਾਂ ਵੱਲੋਂ ਨੋਚ-ਨੋਚ ਕੇ ਖਾਧੀ ਹੋਈ ਲਾਸ਼ ਬਰਾਮਦ ਹੋਣ ਦੀ ਖਬਰ ਹੈ। ਇਸ ਮਾਮਲੇ ਸਬੰਧੀ ਪੁਲਸ ਚੌਕੀ ਕਿਸ਼ਨਗੜ੍ਹ ਦੇ ਇੰਚਾਰਜ ਏ. ਐੱਸ. ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਬਚਿੱਤਰ ਸਿੰਘ ਪੁੱਤਰ ਫੁੰਮਣ ਸਿੰਘ ਨਿਵਾਸੀ ਪਿੰਡ ਰਹੀਮਪੁਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਗੰਨੇ ਦੇ (ਵੱਢ) ਵਾਲੇ ਖੇਤ ਵਿਚ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਹੈ।
ਜਦੋਂ ਉਨ੍ਹਾਂ ਪੁਲਸ ਪਾਰਟੀ ਸਮੇਤ ਮੌਕੇ ’ਤੇ ਜਾ ਕੇ ਦੇਖਿਆ ਕਿ ਇਕ ਬਜ਼ੁਰਗ ਵਿਅਕਤੀ (55 ਤੋਂ 60 ਸਾਲ), ਜਿਸ ਦੀ ਦਾੜ੍ਹੀ ਚਿੱਟੀ ਤੇ ਭਗਵੇ ਕੱਪੜੇ ਪਾਏ ਹੋਏ ਸਨ, ਜਿਸ ਦੀ ਲਾਸ਼ ਨੂੰ ਕੁੱਤਿਆਂ ਅਤੇ ਸੂਰਾਂ ਨੇ ਨੋਚ-ਨੋਚ ਕੇ ਖਾਧਾ ਹੋਇਆ ਸੀ ਤੇ ਉਸ ਅਣਪਛਾਤੇ ਵਿਅਕਤੀ ਦਾ ਸਿਰਫ ਚਿਹਰਾ ਤੇ ਪਿੰਜਰ ਹੀ ਦਿਖਾਈ ਦੇ ਰਿਹਾ ਸੀ।
ਮ੍ਰਿਤਕ ਦੇ ਪਹਿਨੇ ਹੋਏ ਕੱਪੜਿਆਂ ਵਿਚੋਂ ਕੋਈ ਵੀ ਪਛਾਣ ਪੱਤਰ ਨਾ ਮਿਲਣ ’ਤੇ ਮੌਕੇ ’ਤੇ ਉਸ ਦੀ ਪਛਾਣ ਨਾ ਹੋਣ ਦੀ ਸੂਰਤ ਵਿਚ ਪੁਲਸ ਪਾਰਟੀ ਵੱਲੋਂ ਉਸ ਦੀ ਲਾਸ਼ ਨੂੰ ਕਬਜ਼ੇ ’ਚ ਲੈਣ ਉਪਰੰਤ ਸਿਵਲ ਹਸਪਤਾਲ ਜਲੰਧਰ ਵਿਖੇ 72 ਘੰਟੇ ਲਈ ਪਛਾਣ ਲਈ ਭੇਜ ਦਿੱਤਾ ਗਿਆ।