ਬੇਰੋਜ਼ਗਾਰ ਅਧਿਆਪਕ ਪਟਿਆਲਾ ਵਿਖੇ ਭੀਖ ਮੰਗਣਗੇ
Thursday, Aug 30, 2018 - 05:12 AM (IST)
ਤਰਨਤਾਰਨ, (ਆਹਲੂਵਾਲੀਆ)- ਈ. ਟੀ. ਟੀ. ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਕੇ. ਦੀਪ ਸਿੰਘ ਛੀਨਾ ਨੇ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦੋ ਲੱਖ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਦਾਅਵੇ ਕਰ ਰਹੀ ਹੈ, ਨੂੰ ਖੋਖਲੇ ਦੱਸਦੇ ਕਿਹਾ ਕਿ ਸਰਕਾਰ ਰੋਜ਼ਗਾਰ ਮੇਲਿਆਂ ਦੇ ਨਾਮ ’ਤੇ ਬੇਰੋਜ਼ਗਾਰਾਂ ਦੀ ਕਾਬਲੀਅਤ ਦਾ ਮਜ਼ਾਕ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮੇਲੇ ਪ੍ਰਾਈਵੇਟ ਅਦਾਰਿਆਂ ਨੂੰ ਫਾਇਦਾ ਦੇਣ ਦਾ ਇਕ ਬਹਾਨਾ ਹੈ। ਜਿਨ੍ਹਾਂ ਵਿਚ ਬਹੁਤ ਘੱਟ ਤਨਖਾਹ ’ਤੇ ਰੋਜ਼ਗਾਰ ਦੇ ਕੇ ਨੌਜਵਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਇਆ ਜਾ ਰਿਹਾ ਹੈ।
ਸਰਕਾਰ ਦੀਆਂ ਨੀਤੀਆਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਸਰਕਾਰ ਕੋਲ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਲਈ ਕੋਈ ਠੋਸ ਨੀਤੀ ਨਹੀਂ ਹੈ। ਜਿਸ ਦੇ ਫਲਸਰੂਪ ਨੌਜਵਾਨ ਵਰਗ ਸਡ਼ਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹੈ। ਆਗੂ ਛੀਨਾ ਨੇ ਕਿਹਾ ਕਿ ਜਿਥੇ ਇਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਦਾ ਭਵਿੱਖ ਟੀਚਰਾਂ ਦੀ ਭਾਰੀ ਕਮੀ ਕਾਰਨ ਹਨੇਰੇ ਵਿਚ ਜਾ ਰਿਹਾ ਹੈ ਉਥੇ ਹੀ ਪੰਜਾਬ ਭਰ ਦੇ ਕਰੀਬ 15000 ਬੇਰੋਜ਼ਗਾਰ ਈ.ਟੀ.ਟੀ. ਅਧਿਆਪਕ, ਟੀਚਰ ਯੋਗਤਾ ਟੈਸਟ ਟੈੱਟ ਪਾਸ ਕਰਨ ਦੇ ਬਾਵਜੂਦ ਬੇਰੋਜ਼ਗਾਰੀ ਦਾ ਸੰਤਾਪ ਝੱਲ ਰਹੇ ਹਨ। ਉਨ੍ਹਾਂ ਨੇ ਆਪਣੀ ਜਥੇਬੰਦੀ ਦੀਆਂ ਸਰਕਾਰਾਂ ਅਤੇ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿਚ ਸਰਕਾਰ ਦੇ ਖਜ਼ਾਨਾ ਖਾਲੀ ਹੋਣ ਦੇ ਬਹਾਨੇ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਸਰਕਾਰ ਦੇ ਇਸ ਬਹਾਨੇ ਨੂੰ ਦੂਰ ਕਰਨ ਲਈ ਭੀਖ ਮੰਗ ਕੇ ਇਕੱਤਰ ਹੋਈ ਰਾਸ਼ੀ ਸਰਕਾਰੀ ਖਜ਼ਾਨੇ ਵਿਚ ਜਮਾ ਕਰਾਉਣ ਦਾ ਫੈਸਲਾ ਲਿਆ ਹੈ। ਜਿਸ ਤਹਿਤ ਪਹਿਲਾਂ ਅੰਮ੍ਰਿਤਸਰ ਅਤੇ ਬਠਿੰਡੇ ਤੋਂ ਬਾਅਦ ਹੁਣ 2 ਸਤੰਬਰ ਨੂੰ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਪਟਿਆਲਾ ਵਿਚ ਕਰੀਬ 15000 ਬੇਰੋਜ਼ਗਾਰ ਈ. ਟੀ. ਟੀ. ਅਧਿਆਪਕਾਂ ਵੱਲੋਂ ਭੀਖ ਮੰਗ ਕੇ ਅਤੇ ਬੂਟ ਪਾਲਸ਼ ਕਰਕੇ ਸਰਕਾਰ ਦੇ ਵਿੱਤੀ ਸੰਕਟ ਦੇ ਨਿਵਾਰਨ ਲਈ ਰਾਸ਼ੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਆਖਿਆ ਕਿ ਜੇਕਰ ਇਸ ਤੋਂ ਬਾਅਦ ਵੀ ਸਰਕਾਰ ਨੇ ਸਮੂਹ ਈ.ਟੀ.ਟੀ. ਤੇ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਤਾਂ ਜਥੇਬੰਦੀ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗੀ। ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
