ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਨੇ ਡਿਗਰੀਆਂ ਸਾਡ਼ ਕੇ ਕੀਤਾ ਪ੍ਰਦਰਸ਼ਨ
Sunday, Jul 01, 2018 - 05:38 AM (IST)
ਮਾਨਸਾ, (ਮਨਜੀਤ ਕੌਰ)- ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਭਰ ਵਿਚ ਡਿਗਰੀ ਫੂਕੋ ਅੰਦੋਲਨ ਦੇ ਦਿੱਤੇ ਸੱਦੇ ਤਹਿਤ ਅੱਜ ਮਾਨਸਾ ਵਿਖੇ ਟੈੱਟ ਪਾਸ ਬੇਰੋਜ਼ਗਾਰ ਅਧਿਆਪਕਾਂ ਵੱਲੋਂ ਸ਼ਹਿਰ ’ਚ ਰੋਸ ਮਾਰਚ ਕਰਦਿਆਂ ਜ਼ਿਲਾ ਹੈੱਡਕੁਆਰਟਰ ’ਤੇ ਡਿਗਰੀਆਂ ਸਾਡ਼ੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦਿਆਂ ਟੈੱਟ ਪਾਸ ਬੇਰੋਜ਼ਗਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਨਿੱਕਾ ਸਿੰਘ ਸਮਾਉ ਅਤੇ ਸੂਬਾ ਆਗੂ ਰਵਿੰਦਰ ਹੋਡਲਾ ਨੇ ਕਿਹਾ ਕਿ ਅੱਜ ਵੱਡੀ ਪੱਧਰ ’ਤੇ ਨੌਜਵਾਨ ਟੈੱਟ ਪਾਸ ਕਰ ਚੁੱਕੇ ਹਨ ਪਰ ਸਰਕਾਰ ਭਰਤੀ ਪ੍ਰਕ੍ਰਿਆ ਸ਼ੁਰੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਅੱਜ ਲਡ਼ਕੇ-ਲਡ਼ਕੀਆਂ ਮਹਿੰਗੀਆਂ ਪਡ਼੍ਹਾਈਆਂ ਕਰਨ ਤੋਂ ਬਾਅਦ ਵੀ ਬੇਰੋਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ। ਅਧਿਆਪਕ ਆਗੂਆਂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਚੋਣਾਂ ਸਮੇੇਂ ਪਵਿੱਤਰ ਗੁਟਕਾ ਸਾਹਿਬ ’ਤੇ ਹੱਥ ਰੱਖ ਕੇ ਕਸਮ ਖਾਧੀ ਸੀ ਕਿ ਹਰ ਘਰ ’ਚ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਨਸ਼ਾ ਮੁਕਤ ਪੰਜਾਬ ਸਿਰਜਿਆ ਜਾਵੇਗਾ। ਇਸ ਦੇ ਉਲਟ ਹਾਕਮ ਧਿਰ ਸਹੁੰ ਤੋਡ਼ ਕੇ ਨੌਜਵਾਨਾਂ ਨਾਲ ਧੋਖਾ ਕਮਾ ਰਹੀ ਹੈ। ਨੌਜਵਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਭਰਤੀ ਪ੍ਰਕ੍ਰਿਆ ਸ਼ੁਰੂ ਕਰਕੇ ਅਤੇ ਇੰਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏ। ਇਸ ਮੌਕੇ ਜ਼ਿਲਾ ਪ੍ਰਧਾਨ ਸੁਖਦੀਪ ਸਿੰਘ, ਸਰਪ੍ਰਸਤ ਹੁਸਨ ਮਾਨਸਾ, ਮੱਖਣ ਬੀਰ, ਅਮਨਦੀਪ ਸਿੰਘ ਕਣਕਵਾਲ, ਮੀਤ ਪ੍ਰਧਾਨ ਗੁਰਦੀਪ ਮਾਨਸਾ, ਖਜ਼ਾਨਚੀ ਮਨਪ੍ਰੀਤ ਕੌਰ, ਅਮਨਦੀਪ ਕੌਰ, ਰੁਪਿੰਦਰ ਕੌਰ, ਕੇਸ਼ਵ ਬੁਢਲਾਡਾ, ਸੁਮਿਤ ਖਾਰਾ, ਜਸਵਿੰਦਰ ਮੰਡੇਰ ਅਤੇ ਬਲਕਾਰ ਮਘਾਣੀਆਂ ਨੇ ਵੀ ਸੰਬੋਧਨ ਕੀਤਾ ।
