ਬੇਰੁਜ਼ਗਾਰ ਅਧਿਆਪਕਾਂ ਵੱਲੋਂ ਜੰਗਲਾਤ ਮੰਤਰੀ ਦੀ ਕੋਠੀ ਦਾ ਘਿਰਾਓ

12/5/2019 7:27:19 PM

ਨਾਭਾ,(ਜੈਨ): ਟੈੱਟ ਪਾਸ ਬੀ. ਐੱਡ. ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ, ਈ. ਟੀ. ਟੀ. ਅਧਿਆਪਕ ਯੂਨੀਅਨ ਪੰਜਾਬ ਤੇ ਪੰਜਾਬ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਅੱਜ ਸੈਂਕੜੇ ਅਧਿਆਪਕਾਂ ਨੇ ਐੱਸ. ਡੀ. ਐੱਮ. ਕੋਠੀ ਲਾਗੇ ਚੌਕ ਤੋਂ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਪੁਤਲੇ ਲੈ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਜੰਗਲਾਤ ਮੰਤਰੀ ਧਰਮਸੌਤ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ਨੂੰ ਭਾਰੀ ਪੁਲਸ ਫੋਰਸ ਨੇ ਕੋਠੀ ਨੇੜੇ ਹੀ ਰੋਕ ਲਿਆ।

ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ, ਈ. ਟੀ. ਟੀ. ਯੂਨੀਅਨ ਦੇ ਉਪ ਪ੍ਰਧਾਨ ਸੰਦੀਪ ਸਿੰਘ, ਕੁਲਵਿੰਦਰ ਸਿੰਘ ਨਦਾਮਪੁਰ, ਕੁਲਵੰਤ ਸਿੰਘ, ਰਣਵੀਰ ਸਿੰਘ, ਜਸਵੀਰ ਕੌਰ (ਭਵਾਨੀਗੜ੍ਹ), ਸੁਖਬੀਰ ਸਿੰਘ, ਗੁਰਵਿੰਦਰ ਸਿੰਘ, ਅਮਨ ਸੇਖਾ, ਬਲਕਾਰ ਸਿੰਘ, ਜ਼ਿਲਾ ਪ੍ਰਧਾਨ ਗੁਰਜੰਟ ਸਿੰਘ, ਆਕਾਸ਼ਦੀਪ ਸਿੰਘ ਤੇ ਹੋਰਨਾ ਨੇ ਦੋਸ਼ ਲਾਇਆ ਕਿ ਪੰਜਾਬ ਵਿਚ 50 ਹਜ਼ਾਰ ਬੇਰੁਜ਼ਗਾਰ ਅਧਿਆਪਕਾਂ 'ਚੋਂ 30 ਹਜ਼ਾਰ ਅਧਿਆਪਕ ਟੈੱਟ ਪਾਸ ਹਨ। ਸਰਕਾਰ ਸਾਨੂੰ ਡੰਡੇ ਨਾਲ ਡਰਾ ਕੇ ਚੁੱਪ ਕਰਵਾਉਣਾ ਚਾਹੁੰਦੀ ਹੈ। ਅਸੀਂ ਮੰਗ ਕਰ ਰਹੇ ਹਾਂ ਕਿ ਬੀ. ਐੱਡ. ਅਧਿਆਪਕਾਂ ਦੀ ਭਰਤੀ ਸਮੇਂ ਬੀ. ਏ. ਵਿਚੋਂ 55 ਫੀਸਦੀ ਅੰਕ ਦੀ ਸ਼ਰਤ ਖਤਮ ਕੀਤੀ ਜਾਵੇ। ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਲਈ ਬੀ. ਏ. ਪਾਸ ਦੀ ਸ਼ਰਤ ਖਤਮ ਕੀਤੀ ਜਾਵੇ।

ਸੂਬਾ ਪ੍ਰਧਾਨ ਢਿੱਲਵਾਂ ਨੇ ਕਿਹਾ ਕਿ ਪਹਿਲਾਂ 22 ਸਤੰਬਰ ਅਤੇ ਫਿਰ 24 ਸਤੰਬਰ ਨੂੰ ਮਹਿਲਾ ਅਧਿਆਪਕਾਂ ਅਤੇ ਬੇਰੁਜ਼ਗਾਰ ਟੀਚਰਾਂ 'ਤੇ ਪੁਲਸ ਨੇ ਅੰਨੇਵਾਹ ਤਸ਼ੱਦਦ ਕੀਤਾ। ਸਾਡਾ ਪੱਕਾ ਧਰਨਾ 8 ਸਤੰਬਰ ਤੋਂ ਸੰਗਰੂਰ ਵਿਖੇ ਚੱਲ ਰਿਹਾ ਹੈ ਪਰ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਤਾਨਾਸ਼ਾਹ ਬਣ ਗਿਆ ਹੈ। ਸਾਡੇ ਨਾਲ ਵਾਅਦੇ ਕਰਕੇ ਮੁਕਰ ਜਾਂਦਾ ਹੈ। ਮੁੱਖ ਮੰਤਰੀ ਨਾਲ ਸਾਡੀ ਮੀਟਿੰਗ ਨਹੀਂ ਕਰਵਾਈ ਜਾ ਰਹੀ ਹੈ, ਜਿਸ ਕਰ ਕੇ ਅਸੀਂ ਪ੍ਰੇਸ਼ਾਨ ਹਾਂ ਅਤੇ ਸਾਡੇ ਪਰਿਵਾਰ ਭੁੱਖੇ ਮਰਨ ਲਈ ਮਜਬੂਰ ਹਨ। ਆਗੂਆਂ ਨੇ ਪੁਤਲਾ ਫੂਕਿਆ ਅਤੇ ਨਾਅਰੇਬਾਜ਼ੀ ਕਰਦਿਆਂ ਅਲਟੀਮੇਟਮ ਦਿੱਤਾ ਕਿ ਜੇਕਰ ਜਲਦੀ ਸਾਡੀਆਂ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ਼ ਹੋ ਜਾਵੇਗਾ ਅਤੇ ਅਸੀਂ ਸੱਤਾਧਾਰੀ ਪਾਰਟੀ ਦੇ ਸਾਰੇ ਵਜੀਰਾਂ/ਵਿਧਾਇਕਾਂ ਦਾ ਘਿਰਾਓ ਕਰਾਂਗੇ।