550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਨਸਾ ''ਚ ਹੋਣਗੀਆਂ ਅੰਡਰ-25 ਕੁੜੀਆਂ ਦੀਆਂ ਖੇਡਾਂ

11/13/2019 8:50:48 PM

ਮਾਨਸਾ, (ਮਿੱਤਲ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 (ਲੜਕੀਆਂ) 14 ਨਵੰਬਰ ਤੋਂ 17 ਨਵੰਬਰ 2019 ਤੱਕ ਮਾਨਸਾ ਵਿਖੇ ਕਰਵਾਈਆਂ ਜਾ ਰਹੀਆਂ ਹਨ ਜਿਸ ਵਿਚ 3600 ਖਿਡਾਰਨਾਂ ਅਤੇ 400 ਕੋਚ ਭਾਗ ਲੈਣਗੇ। ਇਹ ਦੂਜੀ ਵਾਰ ਹੈ ਕਿ ਮਾਨਸਾ ਵਿਚ ਇਨ੍ਹਾਂ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ’ਚ ਭਾਰੀ ਗਿਣਤੀ ਵਿਚ ਖਿਡਾਰੀ ਇੱਥੇ ਰਹਿ ਕੇ ਭਾਗ ਲੈਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਮਾਨਸਾ ਲਈ ਦੂਜੀ ਵਾਰ ਸ਼ਾਨਦਾਰ ਢੰਗ ਨਾਲ ਰਾਜ ਪੱਧਰੀ ਸਮਾਗਮ ਕਰਵਾਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਇਹ ਸੰਦੇਸ਼ ਦੇਣਾ ਹੈ ਕਿ ਧੀ ਅਤੇ ਪੁੱਤਰ ਵਿਚ ਕੋਈ ਅੰਤਰ ਨਹੀਂ ਹੈ। ਕੁੜੀਆਂ ਉਹ ਸਭ ਕੁਝ ਕਰ ਸਕਦੀਆਂ ਹਨ ਜੋ ਲੜਕੇ ਕਰ ਸਕਦੇ ਹਨ ਅਤੇ ਇਹ ਖੇਡਾਂ ਔਰਤਾਂ ਵਿਚ ਉਤਸ਼ਾਹ ਪੈਦਾ ਕਰਨ ਦਾ ਤਰੀਕਾ ਹਨ।
14 ਨਵੰਬਰ ਨੂੰ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਸੰਜੇ ਕੁਮਾਰ, ਵਧੀਕ ਸਕੱਤਰ ਖੇਡਾਂ ਹੋਣਗੇ। ਸਮਾਗਮ ਦਾ ਆਕਰਸ਼ਣ ਗਾਇਕ ਰਣਜੀਤ ਬਾਵਾ ਹੋਵੇਗਾ ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਮਾਤਾ ਸੁੰਦਰੀ ਕਾਲਜ ਵਿਖੇ ਖਿਡਾਰੀਆਂ ਦੇ ਰਹਿਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਖਿਡਾਰੀ 8 ਸਥਾਨਾਂ ਤੇ ਹੋਣ ਵਾਲੇ 21 ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸ਼ਨ ਮਾਨਸਾ ਦੁਆਰਾ ਸਾਰੇ ਖਿਡਾਰੀਆਂ ਨੂੰ ਟਰੈਕ ਸੂਟ ਦਿੱਤੇ ਜਾਣਗੇ। ਉਦਘਾਟਨੀ ਸਮਾਰੋਹ ਦੌਰਾਨ ਕੁਸ਼ਤੀ ਦਾ ਮੈਚ ਵੀ ਹੋਵੇਗਾ। ਖਾਣਾ, ਡਾਕਟਰੀ ਵਿਵਸਥਾ ਅਤੇ ਖਿਡਾਰੀਆਂ ਦੀ ਆਵਾਜਾਈ ਦੀ ਵਿਵਸਥਾ ਕੀਤੀ ਗਈ ਹੈ।
15 ਨਵੰਬਰ ਤੋਂ 17 ਨਵੰਬਰ ਤੱਕ ਵੱਖ-ਵੱਖ ਮੈਚ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ, ਸੇਂਟ ਜੇਵੀਅਰ ਸਕੂਲ ਮਾਨਸਾ, ਬਹੁਮੰਤਵੀ ਖੇਡ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ, ਸੈਂਟਰਲ ਪਾਰਕ ਮਾਨਸਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਦਿ ਰੇਨੇਸੈਂਸ ਸਕੂਲ ਮਾਨਸਾ, ਦਿ ਕੈਂਬਰਿਜ ਸਕੂਲ ਮਾਨਸਾ 8 ਸਥਾਨਾ ਤੇ ਹੋਣਗੇ। ਜਿਮਨਾਸਟਿਕ ਦਾ ਆਯੋਜਨ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਕੀਤਾ ਜਾਵੇਗਾ।
21 ਖੇਡਾਂ ਵਿਚ ਐਥਲੈਟਿਕ, ਤੀਰਅੰਦਾਜ਼ੀ, ਮੁੱਕੇਬਾਜ਼ੀ, ਬਾਸਕਿਟਬਾਲ, ਬੈਡਮਿੰਟਨ, ਫੁੱਟਬਾਲ, ਹਾਕੀ, ਹੈਂਡਬਾਲ, ਜੂਡੋ, ਜਿਮਨਾਸਟਿਕ, ਕੁਸ਼ਤੀ, ਟੇਬਲ ਟੈਨਿਸ, ਵਾਲੀਬਾਲ, ਖੋ-ਖੋ, ਫੈਂਸਿੰਗ, ਸ਼ਤਰੰਜ, ਤੈਰਾਕੀ, ਵੇਟ ਲਿਫਟਿੰਗ, ਕਬੱਡੀ (ਰਾਸ਼ਟਰੀ ਅਤੇ ਸਰਕਲ ਸਟਾਇਲ) ਸ਼ਾਮਲ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਅਤੇ ਜ਼ਿਲਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ ਵੀ ਮੌਜੂਦ ਸਨ।


Bharat Thapa

Content Editor

Related News