ਮਾਮੇ ਦੇ ਮੁੰਡੇ ਨੇ ਭੂਆ ਦੇ ਮੁੰਡੇ ਨਾਲ ਮਾਰੀ 5 ਲੱਖ ਦੀ ਠੱਗੀ, ਲੋਹ ਲੰਗਰ ਦੀ ਜ਼ਮੀਨ ’ਚੋਂ ਵੇਚ ’ਤਾ ਪਲਾਟ
Monday, Mar 17, 2025 - 07:49 AM (IST)

ਸਾਹਨੇਵਾਲ/ਕੁਹਾੜਾ (ਜਗਰੂਪ) : ਬਹੁ-ਚਰਚਿਤ ਲੋਹ ਲੰਗਰ ਦੀ ਜ਼ਮੀਨ ’ਚੋਂ ਨਾਜਾਇਜ਼ ਢੰਗ ਨਾਲ ਆਪਣੀ ਹੀ ਭੂਆ ਦੇ ਮੁੰਡੇ ਨੂੰ ਵੇਚ ਕੇ 5 ਲੱਖ ਠੱਗਣ ਵਾਲੇ ਮਾਮੇ ਦੇ ਮੁੰਡੇ ਵੱਲੋਂ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ’ਚ ਥਾਣਾ ਸਾਹਨੇਵਾਲ ਪੁਲਸ ਨੇ ਭੂਆ ਦੀ ਨੂੰਹ ਸਿਮਰਨ ਕੌਰ ਪਤਨੀ ਸੁਰਜੀਤ ਸਿੰਘ ਵਾਸੀ ਸਾਹਿਬਜ਼ਾਦਾ ਫਤਹਿ ਸਿੰਘ ਨਗਰ ਸ਼ਿਮਲਾਪੁਰੀ ਲੁਧਿਆਣਾ ਦੀ ਸ਼ਿਕਾਇਤ ’ਤੇ ਰਾਜ ਕੁਮਾਰ ਵਰਮਾ ਪੁੱਤਰ ਲੇਟ ਮਦਨ ਲਾਲ ਅਤੇ ਉਸ ਦੀ ਪਤਨੀ ਮੋਨਿਕਾ ਵਰਮਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕੀਤੀ ਹੈ।
ਇਹ ਵੀ ਪੜ੍ਹੋ : ਸਰਕਾਰੀ ਮੁਲਾਜ਼ਮਾਂ ਦੀ ਅਣ-ਅਧਿਕਾਰਤ ਗੈਰ-ਹਾਜ਼ਰੀ ’ਤੇ ਸਰਕਾਰ ਸਖ਼ਤ, ਹੋਵੇਗੀ ਵੱਡੀ ਕਾਰਵਾਈ
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸਿਮਰਨ ਕੌਰ ਦੇ ਪਤੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਰੰਗ ਰੋਗਨ ਦਾ ਕੰਮ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹਾਂ। ਉਸ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਮੁੰਡਾ ਰਾਜ ਕੁਮਾਰ ਵਰਮਾ ਪ੍ਰਾਪਰਟੀ ਦਾ ਕੰਮ ਕਰਦਾ ਸੀ, ਜਿਸ ਨੇ ਸਾਜ਼ਿਸ਼ ਤਹਿਤ ਮੈਨੂੰ ਅਤੇ ਮੇਰੀ ਪਤਨੀ ਨੂੰ ਵਿਸ਼ਵਾਸ ’ਚ ਲੈਂਦਿਆਂ ਕਿਹਾ ਕਿ ਮੇਰੇ ਕੋਲ 127 ਗਜ਼ ਦਾ ਇਕ ਵਧੀਆ ਪਲਾਟ ਪਿਆ ਹੈ, ਜਿਹੜਾ ਪਤਨੀ ਮੋਨਿਕਾ ਦੇ ਨਾਂ ’ਤੇ ਹੈ। ਅਸੀਂ ਉਸ ਨੂੰ ਪਲਾਟ ਦੇਖਣ ਵਾਸਤੇ ਮਿਲੇ। ਪਲਾਟ ਪਿੰਡ ਜਸਪਾਲ ਬਾਂਗਰ ਸੀ ਅਤੇ ਸਾਨੂੰ ਪਲਾਟ ਪਸੰਦ ਆ ਗਿਆ, ਜਿਸ ਦਾ ਸੌਦਾ 5 ਲੱਖ ’ਚ ਤੈਅ ਹੋ ਗਿਆ। ਪੀੜਤ ਸੁਰਜੀਤ ਸਿੰਘ ਨੇ ਦੱਸਿਆ ਕਿ ਸੌਦੇ ਮੁਤਾਬਕ ਅਸੀਂ ਸਾਰੀ ਰਕਮ 5 ਲੱਖ ਉਸ ਨੂੰ ਦੇ ਦਿੱਤੀ, ਜਿਸ ’ਤੇ ਉਸ ਨੇ ਰਜਿਸਟਰੀ ਮੇਰੀ ਪਤਨੀ ਸਿਮਰਨ ਕੌਰ ਦੇ ਨਾਂ ’ਤੇ ਕਰਵਾ ਦਿੱਤੀ।
ਉਸ ਨੇ ਦੱਸਿਆ ਕਿ ਜਦੋਂ ਅਸੀਂ ਪਲਾਟ ਦੀ ਰਜਿਸਟਰੀ ਲੈ ਕੇ ਇੰਤਕਾਲ ਕਰਾਉਣ ਲਈ ਪਟਵਾਰੀ ਕੋਲ ਗਏ ਤਾਂ ਪਟਵਾਰੀ ਨੇ ਸਾਨੂੰ ਦੱਸਿਆ ਕਿ ਪਲਾਟ ਮਹੰਤਾਂ ਦੀ ਲੋਹ ਲੰਗਰ ਵਾਲੀ ਜ਼ਮੀਨ ਦਾ ਹੈ, ਜਿਸ ’ਤੇ ਮਾਣਯੋਗ ਸਰਵਉੱਚ ਅਦਾਲਤ ਤੋਂ ਸਟੇਅ ਹੋਇਆ ਹੈ। ਸਾਡੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਅਤੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ Visa ਰਿਜੈਕਟ ਹੋਣ ਕਾਰਨ ਭਾਰਤੀਆਂ ਨੂੰ ਹੋਇਆ 664 ਕਰੋੜ ਰੁਪਏ ਦਾ ਨੁਕਸਾਨ
ਉਸ ਨੇ ਦੱਸਿਆ ਕਿ ਮੇਰੇ ਮਾਮੇ ਦਾ ਮੁੰਡਾ ਰਾਜ ਕੁਮਾਰ ਜਿਸ ’ਤੇ ਮੈਂ ਵਿਸ਼ਵਾਸ ਕੀਤਾ, ਉਸ ਨੇ ਮੇਰੀ ਦਸਾਂ ਨਹੁੰਆਂ ਦੀ ਕਮਾਈ ਧੋਖੇ ਨਾਲ ਹੜੱਪ ਲਈ, ਜਿਸ ਦੀ ਸ਼ਿਕਾਇਤ ਲੈ ਕੇ ਉੱਚ ਅਧਿਕਾਰੀਆਂ ਕੋਲ ਗਿਆ। ਸ਼ਿਕਾਇਤ ਦੀ ਪੜਤਾਲ ਹੋਣ ਉਪਰੰਤ ਥਾਣਾ ਸਾਹਨੇਵਾਲ ’ਚ ਰਾਜ ਕੁਮਾਰ ਵਰਮਾ ਪੁੱਤਰ ਲੋਟ ਮਦਨ ਲਾਲ ਅਤੇ ਉਸ ਪਤਨੀ ਮੋਨਿਕਾ ਵਰਮਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ, ਜਿਨਾਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8