ਵਿਸ਼ਵਾਸ ਨਹੀਂ ਹੁੰਦਾ, ਇਹੋ ਜਿਹੀ ਘਟਨਾ ਵਾਪਰੀ ਹੈ : ਸੁਖਬੀਰ ਬਾਦਲ
Saturday, Dec 18, 2021 - 10:12 PM (IST)
ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਵਉੱਚ ਤੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ ’ਤੇ ਹੈਰਾਨੀ ਤੇ ਰੋਹ ਪ੍ਰਗਟਾਉਂਦਿਆਂ ਕਿਹਾ ਕਿ ਵਿਸ਼ਵਾਸ ਨਹੀਂ ਹੁੰਦਾ, ਇਹੋ ਜਿਹੀ ਘਟਨਾ ਵਾਪਰੀ ਹੈ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਵਿਸ਼ਵਾਸ ਹੀ ਨਹੀਂ ਕੀਤਾ ਜਾ ਸਕਦਾ ਕਿ ਇਹ ਕਾਰਾ ਕਿਸੇ ਇਕ ਵਿਅਕਤੀ ਦਾ ਹੋ ਸਕਦਾ ਹੈ। ਇਸ ਪਿੱਛੇ ਸਪੱਸ਼ਟ ਤੌਰ ’ਤੇ ਡੂੰਘੀ ਸਾਜ਼ਿਸ਼ ਹੈ। ਕਦੇ ਮੁਗਲਾਂ, ਮਸੰਦਾਂ ਜਾਂ ਸਾਕਾ ਨੀਲਾ ਤਾਰਾ ਵੇਲੇ ਵੀ ਸ੍ਰੀ ਹਰਿਮੰਦਰ ਸਾਹਿਬ ਵਿਚ ਇਸ ਤਰੀਕੇ ਨਾਲ ਬੇਅਦਬੀ ਕਰਨ ਦਾ ਯਤਨ ਨਹੀਂ ਹੋਇਆ। ਵਿਸ਼ਵਾਸ ਹੀ ਨਹੀਂ ਹੋ ਰਿਹਾ। ਬਾਦਲ ਨੇ ਕਿਹਾ ਕਿ ਇਸ ਦੀ ਘਟਨਾ ਨੇ ਸਾਰੀ ਸਿੱਖ ਕੌਮ ਨੂੰ ਡੂੰਘੇ ਸਦਮੇ ਵਿਚ ਲੈ ਆਂਦਾ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸੰਗਤ ਨੇ ਕੁੱਟ-ਕੁੱਟ ਕੇ ਮਾਰਿਆ (ਵੀਡੀਓ)
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖਾਂ ਦੇ ਮਨਾਂ ’ਤੇ ਜ਼ਖ਼ਮ ਦੇਣ ਅਤੇ ਸੂਬੇ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਨੇ ਸੂਬਾ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀ ਸਾਜ਼ਿਸ਼ ਬੁਣੀ ਜਾ ਰਹੀ ਹੈ, ਇਸ ਦੇ ਸਪਸ਼ਟ ਸੰਕੇਤ ਮਿਲੇ ਸਨ ਜਦੋਂ ਗੁਟਕਾ ਸਾਹਿਬ ਪਵਿੱਤਰ ਸਰੋਵਰ ’ਚ ਸੁੱਟੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਮਗਰੋਂ ਵੀ ਸੂਬੇ ਦੀਆਂ ਏਜੰਸੀਆਂ ਡੂੰਘੀ ਸਾਜ਼ਿਸ਼, ਜਿਸ ਤਹਿਤ ਅੱਜ ਦੀ ਘਟਨਾ ਵਾਪਰੀ, ਬਾਰੇ ਪਤਾ ਨਾ ਹੋਵੇ, ਇਹ ਹੋ ਨਹੀਂ ਸਕ ਪਰ ਕਿਸੇ ਨੇ ਵੀ ਅਜਿਹਾ ਘਿਨੌਣਾ ਅਪਰਾਧ ਵਾਪਰਨ ਤੋਂ ਰੋਕਣ ਵਾਸਤੇ ਕੋਈ ਕਦਮ ਨਹੀਂ ਚੁੱਕਿਆ। ਖੁਫੀਆ ਏਜੰਸੀਆਂ ਕੀ ਕਰ ਰਹੀਆਂ ਸਨ ? ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਡੂੰਘੀ ਸਾਜ਼ਿਸ਼ ਬੁਣੀ ਗਈ ਹੈ ਤੇ ਸੱਤਾ ਵਿਚ ਬੈਠੇ ਲੋਕਾਂ ਨੂੰ ਕਈ ਜਵਾਬ ਦੇਣੇ ਪੈਣਗੇ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ