ਯੂਕ੍ਰੇਨ ’ਚ MBBS ਦੀ ਪੜ੍ਹਾਈ ਕਰਨ ਗਈ ਮਲੋਟ ਦੀ ਵਿਦਿਆਰਥਣ ਘਰ ਪੁੱਜੀ, ਦੱਸੇ ਮੁਸ਼ਕਲਾਂ ਭਰੇ ਹਾਲਾਤ
Monday, Mar 07, 2022 - 03:10 PM (IST)
ਮਲੋਟ (ਜੁਨੇਜਾ) - ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਦੇ ਚਲਦਿਆਂ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਦੀ ਘਰ ਵਾਪਸੀ ਹੋ ਰਹੀ ਹੈ। ਭਾਰਤ ਸਰਕਾਰ ਦੇ ਯਤਨਾਂ ਸਦਕਾ ਯੂਕ੍ਰੇਨ ਵਿਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਇਕ ਹੋਰ ਵਿਦਿਆਰਥਣ, ਜੋ ਮਲੋਟ ਦੀ ਰਹਿਣ ਵਾਲੀ ਹੈ, ਅੱਜ ਆਪਣੇ ਘਰ ਪੁੱਜੀ। ਘਰ ਆਉਣ ’ਤੇ ਵਿਦਿਆਰਥਣ ਦਾ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਸਵਾਗਤ ਕੀਤਾ। ਵਿਦਿਆਰਥਣ ਏਕਮਦੀਪ ਕੌਰ ਪੁੱਤਰੀ ਹਰਪ੍ਰੀਤ ਸਿੰਘ ਵਾਸੀ ਪੁੱਡਾ ਕਲੋਨੀ ਮਲੋਟ ਯੂਕ੍ਰੇਨ ’ਚ ਇਸ ਸਮੇਂ ਐੱਮ.ਬੀ.ਬੀ.ਐੱਸ ਦੇ ਅਖੀਰਲੇ ਸਾਲ ਦੀ ਪੜ੍ਹਾਈ ਕਰ ਰਹੀ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: BSF ਦੇ ਜਵਾਨ ਨੇ ਸਰਵਿਸ ਕਾਰਬਾਈਨ ਨਾਲ ਕੀਤਾ 4 ਸਾਥੀਆਂ ਦਾ ਕਤਲ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਕਮਦੀਪ ਕੌਰ ਨੇ ਦੱਸਿਆ ਕਿ ਉਹ ਕੋਵਿਡ ਤੋਂ ਪਹਿਲਾਂ ਕਰੀਬ ਪੌਣੇ ਤਿੰਨ ਸਾਲ ਪਹਿਲਾਂ ਉਥੇ ਗਈ ਸੀ ਅਤੇ ਖਾਰਕੇਵ ਵਿਚ ਰਹਿ ਰਹੀ ਸੀ। ਰੂਸ ਅਤੇ ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਦੇ ਹਾਲਾਤ ਅਤੇ ਹਫ਼ਰਾ-ਤਫ਼ਰੀ ਦੇ ਮਾਹੌਲ ’ਚ ਉਹ 1 ਮਾਰਚ ਨੂੰ ਆਪਣੀਆਂ ਤਿੰਨ ਹੋਰ ਸਾਥਣਾਂ ਨਾਲ ਘਰੋਂ ਪੈਦਲ ਚੱਲੀ ਸੀ। ਇਸ ਦੌਰਾਨ ਕਿਸੇ ਭੱਦਰ ਪੁਰਸ਼ ਨੇ ਉਨ੍ਹਾਂ ਨੂੰ ਲਿਫ਼ਟ ਦੇ ਕੇ ਮੈਟਰੋ ਸਟੇਸ਼ਨ ਤੱਕ ਪਹੁੰਚਾਇਆ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਹੋਟਲ ’ਚ ਬੈਠੇ ਨੌਜਵਾਨਾਂ ’ਤੇ ਚਲਾਈਆਂ ਤਾਬੜ-ਤੋੜ ਗੋਲੀਆਂ, 1 ਦੀ ਮੌਤ
ਉਸ ਨੇ ਕਿਹਾ ਕਿ ਮਾਇਨਸ ਡਿਗਰੀ ਦੀ ਸਰਦੀ ਅਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਕੇ ਉਹ ਪੋਲੈਂਡ ਦੀ ਸਰਹੱਦ ’ਤੇ ਪੁੱਜੀ ਜਿਥੇ ਭਾਰਤੀ ਏਬੰਸੀ ਨੇ ਉਨ੍ਹਾਂ ਨੂੰ ਬੱਸ ਰਾਹੀਂ ਇਕ ਹੋਟਲ ਵਿਚ ਪਹੁੰਚਾਇਆ। ਜਿਥੋਂ ਵਾਰੀ ਸਿਰ ਫਲਾਈਟ ਮਿਲਨ ’ਤੇ ਉਹ ਕੱਲ ਭਾਰਤ ਪੁੱਜੀ ਅਤੇ ਦੇਰ ਰਾਤ ਆਪਣੇ ਘਰ ਆਈ। ਦੱਸ ਦੇਈਏ ਕਿ ਏਕਮਦੀਪ ਮਲੋਟ ਦੀ ਤੀਸਰੀ ਵਿਦਿਆਰਥਣ ਹੈ, ਜੋ ਯੂਕ੍ਰੇਨ ਵਿਚੋਂ ਆਪਣੇ ਘਰ ਪੁੱਜੀ ਹੈ। ਉਸਦੇ ਘਰ ਪੁੱਜਣ ’ਤੇ ਪਰਿਵਾਰਕ ਮੈਂਬਰਾਂ ਨੇ ਰਾਹਤ ਮਹਿਸੂਸ ਕੀਤੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਅੰਮ੍ਰਿਤਸਰ ’ਚ 4 ਜਵਾਨਾਂ ਨੂੰ ਮਾਰਨ ਵਾਲੇ BSF ਦੇ ਜਵਾਨ ਨੇ ਕੀਤੀ ਖ਼ੁਦਕੁਸ਼ੀ