ਭਾਰੀ ਮੁਸ਼ਕਲਾਂ ਤੋਂ ਬਾਅਦ ਯੂਕ੍ਰੇਨ ਤੋਂ ਘਰ ਪਰਤਿਆ ਨਵਨੀਤ, ਪੋਤੇ ਨੂੰ ਦੇਖ ਦੇ ਦਾਦੀ ਦੀਆਂ ਅੱਖਾਂ ’ਚੋਂ ਵਹਿ ਤੁਰੇ ਹੰਝੂ
Tuesday, Mar 08, 2022 - 03:42 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਯੂਕ੍ਰੇਨ ਯੁੱਧ ਕਾਰਨ ਅਜੇ ਵੀ ਭਾਰਤ ਦੇ ਕਈ ਵਿਦਿਆਰਥੀ ਉਥੇ ਫਸੇ ਹੋਏ ਹਨ। ਇਸ ਕਾਰਨ ਮਾਪਿਆਂ ਦੇ ਦਿਲਾਂ ਦੀਆਂ ਧੜਕਣਾਂ ਵਧੀਆਂ ਹੋਈਆਂ ਹਨ। ਜਿੰਨਾਂ ਚਿਰ ਬੱਚੇ ਉਨ੍ਹਾਂ ਦੇ ਕੋਲ ਨਹੀਂ ਆਉਂਦੇ ਉਹ ਚਿੰਤਾ ਵਿਚ ਡੁੱਬੇ ਹੋਏ ਹਨ। ਇਸ ਤਰ੍ਹਾਂ ਹੀ ਕਰੀਬ ਦੋ ਸਾਲ ਪਹਿਲਾਂ ਯੂਕ੍ਰੇਨ ਵਿਚ ਪੜ੍ਹਾਈ ਲਈ ਗਏ ਨਵਨੀਤ ਸਿੰਘ ਜੌੜਾ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਆਪਣੇ ਘਰ ਪਰਤ ਆਇਆ ਹੈ। ਨਵਨੀਤ ਸਿੰਘ ਜੌੜਾ ਪੁੱਤਰ ਕੁਲਦੀਪ ਸਿੰਘ ਜੌੜਾ ਰਿਟਾਇਰ ਖੇਤੀਬਾੜੀ ਅਧਿਕਾਰੀ ਯੂਕ੍ਰੇਨ ਦੇ ਸ਼ਹਿਰ ਖਰਖੀਵ ਵਿਖੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਗਿਆ ਸੀ। ਨਵਨੀਤ ਨੇ ਦੱਸਿਆ ਕਿ ਜਿਵੇਂ ਹੀ ਯੁੱਧ ਸ਼ੁਰੂ ਹੋਇਆ ਤਾਂ ਸਾਰਿਆਂ ਲਈ ਮੁਸ਼ਕਿਲਾਂ ਵੱਧ ਗਈਆਂ। ਕਈ ਕਿਲੋਮੀਟਰ ਲੋਕ ਪੈਦਲ ਚੱਲ ਕੇ ਸੁਰੱਖਿਅਤ ਥਾਵਾਂ ਤੱਕ ਪਹੁੰਚੇ ਹਨ। ਉਪਰੋਂ ਮੈਟਰੋ ਵਿਚ ਵੀ ਮੁਸ਼ਕਿਲ ਨਾਲ ਜਗ੍ਹਾ ਮਿਲੀ ਅਤੇ ਕਈ ਘੰਟੇ ਖੜ੍ਹੇ ਰਹਿਣਾ ਪਿਆ।
ਇਥੇ ਹੀ ਨਹੀਂ ਪੋਲੈਂਡ ਦੇ ਬਾਰਡਰ ’ਤੇ ਵੀ ਕਰੀਬ ਪੰਜ ਘੰਟੇ ਖੜ੍ਹੇ ਰਹਿਣ ਤੋਂ ਬਾਅਦ ਪੋਲੈਂਡ ਵਿਚ ਦਾਖਲਾ ਮਿਲਿਆ। ਇਸ ਸਮੇਂ ਦੌਰਾਨ ਭਾਰਤੀ ਏ. ਟੀ. ਐੱਮ. ਵੀ ਬੰਦ ਹੋ ਗਏ ਸਨ ਤੇ ਸਿਰਫ਼ ਥੋੜਾ ਸਮਾਨ ਖਾਣ ਪੀਣ ਤੇ ਰਿਹਾਇਸ਼ ਲਈ ਉਪਲਬਧ ਸੀ। ਜਿਵੇਂ ਹੀ ਨਵਨੀਤ ਘਰ ਪਹੁੰਚਿਆ ਤਾਂ ਉਸਦੀ ਦਾਦੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਦਾਦੀ ਨੂੰ ਮਿਲ ਕੇ ਨਵਨੀਤ ਵੀ ਕਾਫ਼ੀ ਖੁਸ਼ ਹੋਇਆ ਹਾਲਾਂਕਿ ਖੁਸ਼ ਤਾਂ ਸਾਰਾ ਪਰਿਵਾਰ ਹੈ ਪਰ ਜਿੰਨੀ ਖੁਸ਼ੀ ਦਾਦੀ ਨੂੰ ਹੋਈ ਹੈ ਉਹ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ।