ਉਦੋਵਾਲੀ ਦਾ ਸਾਬਕਾ ਸਰਪੰਚ ਇਨਸਾਫ ਲਈ ਪੁੱਜਾ ਮਨੁੱਖੀ ਅਧਿਕਾਰ ਕਮਿਸ਼ਨ

07/14/2019 10:37:05 AM

ਚੰਡੀਗੜ੍ਹ (ਭੁੱਲਰ) - ਡੇਰਾ ਬਾਬਾ ਨਾਨਕ ਤਹਿਸੀਲ 'ਚ ਪੈਂਦੇ ਉਦੋਵਾਲੀ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਵਲੋਂ ਪੰਜਾਬ ਪੁਲਸ ਦੇ ਡੀ. ਐੱਸ. ਪੀ. ਗੁਰਦੀਪ ਸਿੰਘ ਸੈਣੀ 'ਤੇ ਗੰਭੀਰ ਇਲਜ਼ਾਮ ਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਗੰਭੀਰ ਦੋਸ਼ ਲਾਉਣ ਤੋਂ ਬਾਅਦ ਇਨਸਾਫ ਲਈ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਉਂਦਿਆਂ ਕਿਹਾ ਕਿ ਡੀ.ਐੱਸ.ਪੀ. ਨੇ ਉਸ ਦੀ ਪਤਨੀ ਨੂੰ ਬਲੈਕਮੇਲ ਕਰਕੇ ਨਸ਼ਾ ਮਾਫੀਆ 'ਚ ਧੱਕ ਦਿੱਤਾ ਹੈ ਅਤੇ ਨਿੱਜੀ ਜਾਇਦਾਦ ਦੇ ਝਗੜੇ 'ਚ ਉਹ ਇਕਤਰਫ਼ਾ ਕਾਰਵਾਈ ਕਰਨੀ ਚਾਹੁੰਦਾ ਸੀ। ਅਮਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਨੇ ਦੂਸਰਾ ਵਿਆਹ ਕਰਵਾਇਆ ਸੀ ਅਤੇ ਉਸ ਦੀ ਪਤਨੀ ਦੀ ਵੀ ਰੀ- ਮੈਰਿਜ ਹੋਈ ਸੀ। ਗੁਰਦੀਪ ਸਿੰਘ ਸੈਣੀ ਉਸ 'ਤੇ ਅਤੇ ਉਸ ਦੀ ਪਤਨੀ 'ਤੇ ਇਹ ਦਬਾਅ ਬਣਾ ਰਿਹਾ ਸੀ ਕਿ ਉਸ ਦੀ ਪਤਨੀ ਆਪਣੇ ਪਹਿਲਾਂ ਵਾਲੇ ਸਹੁਰੇ ਪਰਿਵਾਰ ਦੀ ਜਾਇਦਾਦ 'ਤੇ ਹੱਕ ਨਾ ਜਤਾਵੇ।

ਉਸ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਪਤਨੀ ਦੇ ਪਹਿਲੇ ਸਹੁਰੇ ਪਰਿਵਾਰ ਵਿਚਕਾਰ ਜਾਇਦਾਦ ਨੂੰ ਲੈ ਕੇ ਝਗੜਾ ਸੀ ਪਰ ਝਗੜੇ ਦਾ ਨਿਪਟਾਰਾ ਆਪਸੀ ਸਹਿਮਤੀ ਨਾਲ ਹੋ ਗਿਆ। ਮੌਜੂਦਾ ਸਮੇਂ ਮੋਹਾਲੀ ਤਾਇਨਾਤ ਡੀ. ਐੱਸ. ਪੀ. ਗੁਰਦੀਪ ਸਿੰਘ ਸੈਣੀ 2017 'ਚ ਰੋਪੜ ਵਿਖੇ ਐੱਸ. ਐੱਚ. ਓ. ਸਨ। ਉਸ ਨੇ ਦੱਸਿਆ ਕਿ ਗੁਰਦੀਪ ਸਿੰਘ ਸੈਣੀ ਆਪਣੀ ਪੁਲਸੀਆ ਤਾਕਤ ਵਰਤ ਕੇ ਜਾਇਦਾਦ ਸਬੰਧੀ ਹੋਇਆ ਸਮਝੌਤਾ ਤੁੜਵਾਉਣਾ ਚਾਹੁੰਦਾ ਸੀ ਅਤੇ ਉਸ ਨੇ ਉਸ ਦੀ ਪਤਨੀ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਵੀਡੀਓ ਬਣਾ ਕੇ ਬਲੈਕਮੇਲ ਵੀ ਕਰਨ ਲੱਗ ਪਿਆ। ਸਰੀਰਕ ਸ਼ੋਸ਼ਣ ਮਾਮਲੇ ਦੀ ਸ਼ਿਕਾਇਤ ਉਸ ਦੀ ਪਤਨੀ ਨੇ ਗੁਰਦੀਪ ਸਿੰਘ ਖਿਲਾਫ ਰੋਪੜ ਪੁਲਸ ਨੂੰ ਦਿੱਤੀ ਸੀ ਪਰ ਐੱਸ.ਐੱਸ.ਪੀ. ਨੇ ਜਾਂਚ ਦੌਰਾਨ ਗੁਰਦੀਪ ਸਿੰਘ ਨੂੰ ਕਲੀਨ ਚਿੱਟ ਦੇ ਦਿੱਤੀ। ਸਰੀਰਕ ਸ਼ੋਸ਼ਣ ਮਾਮਲੇ ਦੇ ਦੋਸ਼ਾਂ ਵਾਲੀ ਸ਼ਿਕਾਇਤ ਵਾਪਸ ਕਰਵਾਉਣ ਲਈ ਹੀ ਰੋਪੜ ਪੁਲਸ ਉਸ 'ਤੇ ਦਬਾਅ ਬਣਾ ਰਹੀ ਸੀ, ਜਿਸ ਕਾਰਨ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਪੁਲਸ ਨੇ ਉਲਝਾਈ ਰੱਖਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਹਾਈਕੋਰਟ ਵਿਚ ਕੇਸ ਕੀਤਾ ਹੋਇਆ ਹੈ। ਇਸ ਦੇ ਬਾਵਜੂਦ ਗੁਰਦੀਪ ਸਿੰਘ ਨੂੰ ਤਰੱਕੀ ਦੇ ਕੇ ਡੀ. ਐੱਸ. ਪੀ. ਬਣਾਇਆ ਗਿਆ ਹੈ। ਉਸ ਨੇ ਮਾਮਲੇ ਵਿਚ ਇਨਸਾਫ਼ ਲੈਣ ਲਈ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਅੱਜ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦਾਅਵਾ ਕੀਤਾ ਕਿ ਸਬੰਧਤ ਅਧਿਕਾਰੀ ਦੇ ਮਾਮਲੇ 'ਚ ਉਸ ਕੋਲ ਸਾਰੇ ਦਸਤਾਵੇਜ਼ੀ ਸਬੂਤ ਅਤੇ ਉਨ੍ਹਾਂ ਦੀ ਕਾਲ ਡਿਟੇਲ ਦਾ ਰਿਕਾਰਡ ਮੌਜੂਦ ਹੈ।


rajwinder kaur

Content Editor

Related News