ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਮਜ਼ਦੂਰ ਦੇ ਪੱਟ ’ਚ ਮਾਰੀ ਗੋਲੀ, ਫਰਾਰ

Wednesday, Jul 28, 2021 - 02:07 AM (IST)

ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਮਜ਼ਦੂਰ ਦੇ ਪੱਟ ’ਚ ਮਾਰੀ ਗੋਲੀ, ਫਰਾਰ

ਨਕੋਦਰ (ਪਾਲੀ)- ਸ਼ਹਿਰ ’ਚ ਦਿਨ-ਦਿਹਾੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਦਿਹਾੜੀਦਾਰ ਮਜ਼ਦੂਰ ਦੇ ਪੱਟ ਵਿਚ ਗੋਲੀ ਮਾਰੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਮਜ਼ਦੂਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿਸ ਦੀ ਪਛਾਣ ਰਘਬੀਰ ਕੁਮਾਰ (43) ਪੁਤਰ ਰਾਮ ਪ੍ਰਸ਼ਾਦ ਵਾਸੀ ਨਵੀਂ ਅਬਾਦੀ ਨਕੋਦਰ ਵਜੋਂ ਹੋਈ ਹੈ। ਉਧਰ ਸ਼ਹਿਰ ’ਚ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਤੁਰੰਤ ਡੀ. ਐੱਸ. ਪੀ. ਨਕੋਦਰ ਨਵਨੀਤ ਸਿੰਘ ਮਾਹਲ ਅਤੇ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਜ਼ਖ਼ਮੀ ਰਘਵੀਰ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਘਬੀਰ, ਜੋ ਮਜ਼ਦੂਰੀ ਕਰਦਾ ਹੈ ਤੇ ਰਾਜ ਮਿਸਤਰੀ ਨਾਲ ਪਿੰਡ ਸ਼ੰਕਰ ਵੱਲ ਦਿਹਾੜੀ ਜਾਂਦਾ ਸੀ। ਅੱਜ ਰਘਵੀਰ ਆਪਣੇ ਸਾਥੀ ਦੇ ਨਾਲ ਮੋਟਰਸਾਈਕਲ ’ਤੇ ਨਕੋਦਰ ਨੂੰ ਆ ਰਿਹਾ ਸੀ ਤਾਂ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਨੇੜੇ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਰਘਬੀਰ ਨੂੰ ਗੋਲੀ ਮਾਰ ਦਿੱਤੀ, ਜੋ ਉਸ ਦੇ ਪੱਟ ਵਿਚ ਲੱਗੀ। ਗੋਲੀ ਮਾਰਨ ਉਪਰੰਤ ਨੌਜਵਾਨ ਰਘਵੀਰ ਦਾ ਮੋਬਾਈਲ ਫੋਨ ਲੈ ਕੇ ਫ਼ਰਾਰ ਹੋ ਗਏ।

‘ਪੁਲਸ ਖੰਗਾਲ ਰਹੀ ਹੈ ਸੀ. ਸੀ. ਟੀ. ਵੀ. ਫੁਟੇਜ : ਸਿਟੀ ਥਾਣਾ ਮੁਖੀ
ਸ਼ਹਿਰ ’ਚ ਗੋਲੀ ਚੱਲਣ ਦੀ ਘਟਨਾ ਸਬੰਧੀ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਜ਼ਖ਼ਮੀ ਰਘਵੀਰ ਕੁਮਾਰ ਦੇ ਬਿਆਨ ਨਹੀਂ ਹੋਏ ਪਰ ਪੁਲਸ ਗੋਲੀ ਚੱਲਣ ਵਾਲੀ ਜਗ੍ਹਾ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ। ਉਨ੍ਹਾਂ ਕਿਹਾ ਮਾਮਲੇ ਨੂੰ ਜਲਦ ਹੀ ਟਰੇਸ ਕਰ ਲਿਆ ਜਾਵੇਗਾ।
 


author

Bharat Thapa

Content Editor

Related News