ਮਸਕਟ ’ਚ ਫਸੀਆਂ ਦੋ ਔਰਤਾਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਪਰਤੀਆਂ ਵਾਪਸ (ਵੀਡੀਓ)
Thursday, Jul 27, 2023 - 01:13 AM (IST)
ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ, ਤ੍ਰੇਹਨ)-ਟ੍ਰੈਵਲ ਏਜੰਟਾਂ ਹੱਥੋਂ ਠੱਗੀਆਂ ਔਰਤਾਂ ਦਾ ਅਰਬ ਦੇਸ਼ਾਂ ’ਚ ਸ਼ੋਸ਼ਣ ਲਗਾਤਾਰ ਜਾਰੀ ਹੈ। ਇਨ੍ਹਾਂ ਟ੍ਰੈਵਲ ਏਜੰਟਾਂ ਹੱਥੋਂ ਸਤਾਈਆਂ ਔਰਤਾਂ ਨੂੰ ਬਚਾਉਣ ’ਚ ਲੱਗੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਅੱਜ 2 ਹਰ ਪੰਜਾਬ ਦੀਆਂ ਧੀਆਂ ਆਪਣੇ ਪਰਿਵਾਰਾਂ ’ਚ ਪਰਤ ਸਕੀਆਂ। ਅੱਜ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਇਨ੍ਹਾਂ ਦੋਵਾਂ ਔਰਤਾਂ ਨੂੰ ਲੈਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਉਥੇ ਪਹੁੰਚੇ ਹੋਏ ਸਨ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਦਿੱਲੀ ਵਿਚਲੀ ਰਿਹਾਇਸ਼ ’ਤੇ ਇਨ੍ਹਾਂ ਦੋਵਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਟ੍ਰੈਵਲ ਏਜੰਟਾਂ ਵਿਰੁੱਧ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਯਤਨ ਕਰਨਗੇ ਕਿ ਵਿਦੇਸ਼ ਜਾਣ ਲਈ ਲੱਗੇ ਉਨ੍ਹਾਂ ਦੇ ਪੈਸੇ ਵਾਪਸ ਹੋ ਸਕਣ।
ਇਹ ਖ਼ਬਰ ਵੀ ਪੜ੍ਹੋ : ਕੱਚੇ ਅਧਿਆਪਕਾਂ ਦੀ ਦਹਾਕਿਆਂ ਦੀ ਉਡੀਕ ਹੋਵੇਗੀ ਖ਼ਤਮ, CM ਮਾਨ ਸੌਂਪਣਗੇ ਸਰਵਿਸ ਰੈਗੂਲਰਾਈਜ਼ੇਸ਼ਨ ਲੈਟਰ
ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦੀ ਰਹਿਣ ਵਾਲੀ ਸੁਨੀਤਾ (ਕਾਲਪਨਿਕ ਨਾਂ) 3 ਮਹੀਨੇ ਪਹਿਲਾਂ ਹੀ ਮਸਕਟ ਗਈ ਸੀ। ਸੁਨੀਤਾ ਨੇ ਦੱਸਿਆ ਕਿ ਉਸ ਦੀ ਮਾਸੀ ਨੇ ਹੀ ਉਸ ਨੂੰ ਫਸਾਇਆ ਸੀ। ਮਸਕਟ ਗਈ ਉਸ ਦੀ ਮਾਸੀ ਨੇ ਫੋਨ ਕਰਕੇ ਕਿਹਾ ਕਿ ਉਹ ਬੀਮਾਰ ਹੋ ਗਈ ਹੈ ਤੇ ਇਲਾਜ ਲਈ ਇੰਡੀਆ ਆਉਣਾ ਚਾਹੁੰਦੀ ਹੈ ਤੇ ਉਹ ਉਸ ਦੀ ਥਾਂ ’ਤੇ ਘਰੇਲੂ ਕੰਮ ਕਰ ਲਵੇ ਤਾਂ ਉਸ ਨੂੰ ਤਨਖਾਹ ਵੀ ਮੋਟੀ ਮਿਲੇਗੀ। ਸੁਨੀਤਾ ਨੇ ਦੱਸਿਆ ਕਿ ਉਹ 9 ਮਈ ਨੂੰ ਦਿੱਲੀ ਤੋਂ ਮਸਕਟ ਗਈ ਸੀ। ਉਥੇ ਜਾ ਕੇ ਉਸ ਨੂੰ ਉਸ ਦੀ ਮਾਸੀ ਕੋਲ ਪਹੁੰਚਾਉਣ ਦੀ ਥਾਂ ਇਕ ਹੋਰ ਸ਼ਰੀਫਾਂ ਨਾਂ ਦੀ ਔਰਤ ਕੋਲ ਭੇਜ ਦਿੱਤਾ, ਜਿੱਥੇ ਉਸ ਦਾ ਪਾਸਪੋਰਟ ਵੀ ਖੋਹ ਲਿਆ ਗਿਆ। ਸੁਨੀਤਾ ਨੇ ਦੱਸਿਆ ਕਿ ਉਸ ਕੋਲ ਸਿਰਫ ਇਕ ਮਹੀਨੇ ਦਾ ਸੈਲਾਨੀ ਵੀਜ਼ਾ ਹੀ ਸੀ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਪੰਜਾਬ ਦੀ ਧੀ ਨੇ ਜਰਮਨੀ ’ਚ ਹਾਸਲ ਕੀਤੀ ਇਹ ਪ੍ਰਾਪਤੀ
ਫਤਿਹਗੜ੍ਹ ਸਾਹਿਬ ਦੀ ਰਹਿਣ ਵਾਲੀ ਇਕ ਹੋਰ ਔਰਤ ਵੀ ਸੁਨੀਤਾ ਦੇ ਨਾਲ ਹੀ ਵਾਪਸ ਪਰਤੀ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ (ਜਸਲੀਨ ਕੌਰ ਕਾਲਪਨਿਕ ਨਾਂ) 14 ਮਈ ਨੂੰ ਮਸਕਟ ਗਈ ਸੀ। ਉਸ ਨੂੰ ਰਿਸ਼ਤੇਦਾਰੀ ’ਚੋਂ ਹੀ ਇਕ ਲੜਕੀ ਨੇ ਦੱਸਿਆ ਕਿ ਉਹ ਮਸਕਟ ’ਚ ਘਰਾਂ ਵਿਚ ਕੰਮ ਕਰਦੀ ਹੈ ਤੇ 35 ਹਾਜ਼ਾਰ ਰੁਪਏ ਕਮਾਉਂਦੀ ਹੈ। ਮਸਕਟ ਪਹੁੰਚਦਿਆਂ ਹੀ ਉਥੇ ਘੁੰਮਦੇ ਟ੍ਰੈਵਲ ਏਜੰਟ ਲੜਕੀਆਂ ਨੂੰ ਆਪਣੇ ਝਾਂਸੇ ’ਚ ਲੈ ਲੈਂਦੇ ਹਨ। ਟ੍ਰੈਵਲ ਏਜੰਟ ਜਸਲੀਨ ਕੌਰ ਨੂੰ ਟ੍ਰੇਨਿੰਗ ਦੇਣ ਦੇ ਬਹਾਨੇ ਨਾਲ ਕਿੱਧਰੇ ਹੋਰ ਦਫ਼ਤਰ ਵਿਚ ਲੈ ਗਏ, ਜਿੱਥੇ ਉਸ ਨੂੰ ਕਮਰੇ ਵਿਚ ਬੰਦ ਰੱਖਿਆ ਗਿਆ ਤੇ ਇਕ ਸ਼ੀਆ ਨਾਂ ਦੀ ਔਰਤ ਕੋਲੋਂ ਕੁੱਟਮਾਰ ਕਰਵਾਈ ਜਾਂਦੀ ਸੀ। ਇਹ ਔਰਤ ਹੀ ਧਮਕੀਆਂ ਦਿੰਦੀ ਸੀ ਕਿ ਜੇ ਉਸ ਨੇ ਇੰਡੀਆ ’ਚੋਂ ਪੈਸੇ ਨਾ ਮੰਗਵਾ ਕੇ ਦਿੱਤੇ ਤਾਂ ਉਸ ਨੂੰ ਗ਼ਲਤ ਕੰਮ ਪਾ ਦਿੱਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੇ 19 ਜ਼ਿਲ੍ਹੇ ਅਜੇ ਵੀ ਹੜ੍ਹਾਂ ਤੋਂ ਪ੍ਰਭਾਵਿਤ, ਤਬਾਹ ਹੋਏ 377 ਘਰ, ਸਰਕਾਰ ਵੱਲੋਂ ਅੰਕੜੇ ਜਾਰੀ
ਜਸਲੀਨ ਕੌਰ ਨੇ ਦੱਸਿਆ ਕਿ ਉਸ ਕੋਲੋਂ ਧੱਕੇ ਨਾਲ ਇਕ ਵੀਡੀਓ ਵੀ ਬਣਾਈ ਗਈ ਸੀ, ਜਿਸ ’ਚ ਪੈਸਿਆਂ ਦੀ ਮੰਗ ਕੀਤੀ ਗਈ ਸੀ। ਮਸਕਟ ’ਚੋਂ ਵਾਪਸ ਪਰਤੀਆਂ ਔਰਤਾਂ ਨੇ ਦੱਸਿਆ ਕਿ ਉੱਥੇ ਅਜੇ ਵੀ ਬਹੁਤ ਸਾਰੀਆਂ ਲੜਕੀਆਂ ਹਨ, ਜਿਹੜੀਆਂ ਮਜਬੂਰੀ ਕਾਰਨ ਉਥੇ ਫਸੀਆਂ ਹੋਈਆਂ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਦੋਵੇਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇਕ ਪਰਿਵਾਰ ਨੇ 31 ਮਈ ਨੂੰ ਅਤੇ ਦੂਜੇ ਨੇ 8 ਜੂਨ ਨੂੰ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਦੋਂ ਹੀ ਦੋਵਾਂ ਦੇ ਕੇਸ ਓਮਾਨ ਵਿਚਲੀ ਭਾਰਤੀ ਐਬੰਸੀ ਨੂੰ ਭੇਜ ਦਿੱਤੇ ਸਨ ਤੇ ਅੱਜ ਉਹ ਆਪਣੇ ਪਰਿਵਾਰਕ ਮੈਂਬਰਾਂ ਵਿਚ ਸੁੱਖੀ-ਸਾਂਦੀ ਆ ਗਈਆ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਮਾਨਤਾ ਪ੍ਰਾਪਤ ਟ੍ਰੈਵਲ ਏਜੰਟਾਂ ਰਾਹੀਂ ਹੀ ਜਾਣ। ਉਨ੍ਹਾਂ ਵਿਦੇਸ਼ ਮੰਤਰੀ ਜੈਸ਼ੰਕਰ ਜੀ ਦਾ ਵੀ ਧੰਨਵਾਦ ਕੀਤਾ, ਜਿਹੜੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਕੇ ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਕੱਢਣ ਵਿਚ ਸਹਿਯੋਗ ਦੇ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8