ਕੈਨੇਡਾ ’ਚ 2 ਟਰਾਲਿਆਂ ਦੀ ਟੱਕਰ ਕਾਰਣ ਲੱਗੀ ਅੱਗ, 2 ਪੰਜਾਬੀ ਨੌਜਵਾਨਾਂ ਦੀ ਮੌਤ
Monday, Feb 24, 2020 - 12:39 AM (IST)
ਚੇਤਨਪੁਰਾ/ਅਜਨਾਲਾ/ਗੁਰੂ ਕਾ ਬਾਗ,(ਨਿਰਵੈਲ, ਵਰਿੰਦਰ, ਬਾਠ, ਭੱਟੀ)- ਰੋਜ਼ੀ-ਰੋਟੀ ਲਈ ਕੈਨੇਡਾ ਗਏ 2 ਪੰਜਾਬੀ ਨੌਜਵਾਨਾਂ ਦੀ ਉਥੇ ਹੋਏ ਇਕ ਭਿਆਨਕ ਸਡ਼ਕ ਹਾਦਸੇ ’ਚ 2 ਟਰਾਲਿਆਂ ਨੂੰ ਅੱਗ ਲੱਗਣ ਕਾਰਣ ਮੌਤ ਹੋ ਗਈ। ਇਥੋਂ ਨੇਡ਼ਲੇ ਪਿੰਡ ਸੈਂਸਰਾ ਕਲਾਂ ਦੇ ਰਹਿਣ ਵਾਲੇ ਨੌਜਵਾਨ ਸਿਦਕਪਾਲ ਸਿੰਘ ਜਿਸ ਦੀ ਇਸ ਸਡ਼ਕੇ ਹਾਦਸੇ ’ਚ ਮੌਤ ਹੋਈ, ਦੇ ਚਾਚਾ ਮਨਦੀਪ ਸਿੰਘ ਅਤੇ ਪ੍ਰਧਾਨ ਸਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੂੰ ਅੱਜ ਸਵੇਰੇ ਫੋਨ ਆਇਆ ਕਿ ਸਿਦਕਪਾਲ ਸਿੰਘ ਤੇ ਉਸ ਦੇ ਦੋਸਤ ਦੀ ਸਡ਼ਕ ਹਾਦਸੇ ’ਚ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਿਦਕਪਾਲ ਕਰੀਬ ਢਾਈ ਸਾਲ ਪਹਿਲਾਂ ਪਡ਼੍ਹਾਈ ਕਰਨ ਕੈਨੇਡਾ ਗਿਆ ਸੀ ਤੇ ਕੁਝ ਮਹੀਨੇ ਪਹਿਲਾਂ ਉਸ ਦੀ ਪਡ਼੍ਹਾਈ ਖਤਮ ਹੋ ਗਈ ਸੀ ਤੇ ਉਸ ਨੂੰ ਵਰਕ ਪਰਮਿਟ ਮਿਲ ਗਿਆ ਸੀ, ਜਿਸ ਤੋਂ ਬਾਅਦ ਉਹ ਟਰਾਲਾ ਚਲਾਉਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਸਿਦਕਪਾਲ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿੰਦਾ ਸੀ ਤੇ ਟਰਾਲਾ ਲੈ ਕੇ ਸਰੀ ਵੱਲ ਗਿਆ ਸੀ ਤੇ ਉਥੋਂ ਵਾਪਸ ਬਰੈਂਪਟਨ ਆਉਂਦੇ ਸਮੇਂ ਰਸਤੇ ’ਚ 2 ਟਰਾਲਿਆਂ ਦੀ ਹੋਈ ਟੱਕਰ ਕਾਰਣ ਭਿਆਨਕ ਅੱਗ ਲੱਗ ਗਈ, ਜਿਸ ਕਾਰਣ ਸਿਦਕਪਾਲ ਅਤੇ ਉਸ ਦੇ ਦੋਸਤ ਦੀ ਮੌਤ ਹੋ ਗਈ, ਜੋ ਰਾਮਦੀਵਾਲੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਿਦਕਪਾਲ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਮਾਡ਼ੀ ਹੋਣ ਕਰ ਕੇ ਉਹ ਆਪਣੇ ਪੱਧਰ ’ਤੇ ਉਸ ਦੀ ਮ੍ਰਿਤਕ ਦੇਹ ਵਾਪਸ ਭਾਰਤ ਲਿਆਉਣ ’ਚ ਅਸਮਰੱਥ ਹਨ, ਇਸ ਲਈ ਭਾਰਤ ਸਰਕਾਰ ਤੁਰੰਤ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰ ਕੇ ਸਿਦਕਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਲਿਆਵੇ ਤਾਂ ਜੋ ਪਰਿਵਾਰਕ ਮੈਂਬਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕਣ।