210 ਗ੍ਰਾਮ ਨਸ਼ੀਲੇ ਪਾਊਡਰ ਤੇ ਟਾਟਾ ਸਫ਼ਾਰੀ ਗੱਡੀ ਸਮੇਤ ਦੋ ਸਮੱਗਲਰ ਕਾਬੂ
Saturday, Aug 25, 2018 - 05:43 AM (IST)

ਢਿਲਵਾਂ, (ਜਗਜੀਤ)– ਢਿਲਵਾਂ ਪੁਲਸ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 210 ਗ੍ਰਾਮ ਨਸ਼ੀਲੇ ਪਾਊਡਰ ਤੇ ਟਾਟਾ ਸਫ਼ਾਰੀ ਗੱਡੀ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਭੂਸ਼ਣ ਸੇਖਡ਼ੀ ਨੇ ਦੱਸਿਆ ਕਿ ਏ. ਐੱਸ. ਆਈ. ਗੁਰਜਸਵੰਤ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਚੱਕੋਕੀ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਕਿ ਢਿਲਵਾਂ ਵਾਲੇ ਪਾਸਿਓਂ ਇਕ ਸਿਲਵਰ ਰੰਗ ਦੀ ਟਾਟਾ ਸਫ਼ਾਰੀ ਗੱਡੀ ਨੰਬਰ ਪੀ ਬੀ 09 ਜੇ -3957 ਆਈ ਤਾਂ ਉਕਤ ਗੱਡੀ ਨੂੰ ਪੁਲਸ ਕਰਮਚਾਰੀਆਂ ਦੀ ਮਦਦ ਨਾਲ ਜਦੋਂ ਰੋਕਿਆ ਤਾਂ ਗੱਡੀ ਰੋਕਣ ’ਤੇ ਦੋ ਨੌਜਵਾਨਾਂ ਨੂੰ ਆਪਣੀ-ਆਪਣੀ ਸਾਈਡ ’ਤੇ ਉਤਾਰਦਿਆਂ ਸਾਰ ਹੀ ਆਪਣੀਆਂ ਜੇਬਾਂ ’ਚੋਂ ਪਾਰਦਰਸ਼ੀ ਮੋਮੀ ਲਿਫਾਫੇ ਕੱਢ ਕੇ ਜ਼ਮੀਨ ’ਤੇ ਸੁੱਟ ਦਿੱਤੇ ਤੇ ਦੌਡ਼ਨ ਲੱਗੇ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਲਿਫ਼ਾਫ਼ਿਆਂ ਵਿਚ ਚਿੱਟੇ ਰੰਗ ਦੀ ਨਸ਼ੀਲੀ ਵਸਤੂ ਲਪੇਟੀ ਹੋਈ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਹਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਨਾਮ ਪਤਾ ਪੁੱਛਿਆ, ਇਨ੍ਹਾਂ ਨੇ ਆਪਣੀ ਪਛਾਣ ਨਵਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਿਰਜ਼ਾਪੁਰ, ਸਤਵਿੰਦਰ ਸਿੰਘ ਉਰਫ ਬੱਗਾ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਮਿਰਜ਼ਾਪੁਰ ਦੱਸੀ। ਥਾਣਾ ਮੁਖੀ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਤਲਾਸ਼ੀ ਲੈਣ ’ਤੇ ਇਸ ਪਾਸੋਂ ਕਥਿਤ ਤੌਰ ’ਤੇ 100 ਗ੍ਰਾਮ ਨਸ਼ੀਲਾ ਪਾਊਡਰ ਤੇ ਸਤਵਿੰਦਰ ਸਿੰਘ ਦੀ ਤਲਾਸ਼ੀ ਲੈਣ ’ਤੇ ਇਸ ਪਾਸੋਂ ਕਥਿਤ ਤੌਰ ’ਤੇ 110 ਗ੍ਰਾਮ ਨਸ਼ੀਲਾ ਪਾਊਡਰ ਬਾਰਮਦ ਹੋਇਆ। ਪੁਲਸ ਨੇ ਉਕਤ ਨੌਜਵਾਨਾਂ ਵਿਰੁੱਧ ਮੁਕੱਦਮਾ ਨੰਬਰ 56 ਅਧੀਨ ਕੇਸ ਦਰਜ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ।