ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ, 1,00,000 ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਪੁਲਸ ਮੁਲਾਜ਼ਮ ਗ੍ਰਿਫ਼ਤਾਰ
Monday, Nov 14, 2022 - 06:46 PM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਹਦਾਇਤਾਂ ’ਤੇ ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਰੀ ਮੁਹਿੰਮ ਦੌਰਾਨ ਥਾਣਾ ਸਦਰ ਨਕੋਦਰ, ਜ਼ਿਲ੍ਹਾ ਜਲੰਧਰ ਦੇ ਐੱਸ. ਐੱਚ. ਓ. ਵਜੋਂ ਤਾਇਨਾਤ ਰਹੇ ਸਬ-ਇੰਸਪੈਕਟਰ ਬਿਸਮਨ ਸਿੰਘ, ਸੀ.ਆਈ.ਏ.ਜਲੰਧਰ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐੱਸ.ਆਈ.) ਰੇਸ਼ਮ ਸਿੰਘ ਅਤੇ ਇਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸਾਰੇ ਮੁਲਜ਼ਮਾਂ ਨੂੰ ਹਰਜਿੰਦਰ ਕੁਮਾਰ ਵਾਸੀ ਪਿੰਡ ਰਾਮਪੁਰ ਠੋਡਾ, ਜ਼ਿਲ੍ਹਾ ਰੂਪਨਗਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਸਬ-ਇੰਸਪੈਕਟਰ ਬਿਸਮਨ ਸਿੰਘ ਨੇ ਐੱਸ. ਐੱਚ. ਓ. ਹੁੰਦਿਆਂ ਉਸ ਦੇ ਭਰਾ ਨੂੰ ਹੁਸ਼ਿਆਰਪੁਰ ਤੋਂ ਉਸ ਦੇ ਟਰੱਕ ਸਮੇਤ ਗੱਡੀ ਵਿਚ ਭੁੱਕੀ ਦੀ ਬਰਾਮਦਗੀ ਦਿਖਾ ਕੇ ਝੂਠੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਸਬੰਧਤ ਐੱਸ. ਐੱਚ. ਓ. ਬਿਸਮਨ ਸਿੰਘ ਨੇ ਉਸ ਵੇਲੇ ਏ. ਐੱਸ. ਆਈ. ਰੇਸ਼ਮ ਸਿੰਘ ਅਤੇ ਇਕ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਰਾਹੀਂ ਉਸਦੇ ਭਰਾ ਅਤੇ ਸ੍ਰੀਨਗਰ ਤੋਂ ਲੱਦਿਆ ਹੋਇਆ ਉਸਦਾ ਟਰੱਕ ਛੁਡਾਉਣ ਲਈ 11,00,000 ਰੁਪਏ ਪਹਿਲਾਂ ਹੀ ਕਿਸ਼ਤਾਂ ਵਿਚ ਹਾਸਲ ਕਰ ਲਏ ਹਨ। ਉਸਨੇ ਦੋਸ਼ ਲਾਇਆ ਕਿ ਮੁਲਜ਼ਮ ਸਬ-ਇੰਸਪੈਕਟਰ ਬੇਸ਼ੱਕ ਪੁਲਿਸ ਲਾਈਨ ਜਲੰਧਰ ਵਿਖੇ ਬਦਲ ਚੁੱਕਾ ਹੈ ਪਰ ਉਹ ਆਪਣੇ ਉਪਰੋਕਤ ਦੋ ਵਿਚੋਲਿਆਂ ਰਾਹੀਂ ਇਸ ਪੁਲੀਸ ਕੇਸ ਵਿੱਚ ਉਸ ਦੀ ਮੱਦਦ ਕਰਨ ਲਈ ਉਸ ਤੋਂ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ।
ਇਸ ਸ਼ਿਕਾਇਤ ਦੇ ਤੱਥਾਂ ਅਤੇ ਪ੍ਰਾਪਤ ਸਬੂਤਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਪਰੋਕਤ ਸਬ-ਇੰਸਪੈਕਟਰ ਬਿਸਮਾਨ ਸਿੰਘ, ਏ.ਐੱਸ.ਆਈ ਰੇਸ਼ਮ ਸਿੰਘ ਅਤੇ ਪ੍ਰਾਈਵੇਟ ਵਿਅਕਤੀ ਸੁਰਜੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 1,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਸਾਰੇ ਦੋਸ਼ੀਆਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ.ਪੀ.ਸੀ. ਦੀ 120-ਬੀ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਹੋਰ ਅੱਗੇ ਜਾਂਚ ਚੱਲ ਰਹੀ ਹੈ।