ਚੋਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, ਕਾਰ ਤੇ ਮੋਟਰਸਾਈਕਲ ਬਰਾਮਦ
Friday, Oct 06, 2017 - 07:39 AM (IST)

ਖੰਨਾ, (ਸੁਨੀਲ)- ਸਿਟੀ ਪੁਲਸ ਨੇ 2 ਚੋਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਚੋਰੀ ਕੀਤੀ ਇਕ ਕਾਰ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਜਗਵਿੰਦਰ ਸਿੰਘ ਚੀਮਾ ਅਤੇ ਸਿਟੀ ਐੱਸ. ਐੱਚ. ਓ. ਰਜਨੀਸ਼ ਸੂਦ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਜਦੋਂ ਪੁਲਸ ਪਾਰਟੀ ਏ. ਐੱਸ. ਆਈ. ਜਗਤਾਰ ਸਿੰਘ ਦੇ ਨਾਲ ਗਸ਼ਤ ਦੌਰਾਨ ਮੌਜੂਦ ਸੀ ਤਾਂ ਉਨ੍ਹਾਂ ਨੂੰ ਇਕ ਮੁਖਬਰ ਨੇ ਇਤਲਾਹ ਦਿੱਤੀ ਕਿ ਇਕ ਕਾਰ ਚੋਰੀ ਦੇ ਕੇਸ ਦਾ ਕਥਿਤ ਦੋਸ਼ੀ ਸਥਾਨਕ ਮਾਲੇਰਕੋਟਲਾ ਰੋਡ 'ਤੇ ਜਾ ਰਿਹਾ ਹੈ ਅਤੇ ਜੇਕਰ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੁਲਸ ਨੇ ਸਥਾਨਕ ਚੀਮਾ ਚੌਕ ਵਿਖੇ ਨਾਕਾਬੰਦੀ ਕਰਦੇ ਹੋਏ ਪਿੰਡ ਇਕੋਲਾਹਾ ਵੱਲੋਂ ਆ ਰਹੀ ਇਕ ਕਾਰ ਨੂੰ ਰੋਕਦੇ ਹੋਏ ਉਸ 'ਚ ਸਵਾਰ ਵਿਅਕਤੀ ਤੋਂ ਕਾਗਜ਼ਾਤ ਅਤੇ ਉਸਦੀ ਸ਼ਨਾਖਤ ਬਾਰੇ ਪੁੱਛਿਆ ਤਾਂ ਉਹ ਸੰਤੋਸ਼ਜਨਕ ਜਵਾਬ ਨਾ ਦੇ ਸਕਿਆ। ਪੁਲਸ ਨੇ ਜਦੋਂ ਜਾਂਚ ਕੀਤੀ ਤਾਂ ਉਕਤ ਕਾਰ ਚੋਰੀ ਦੀ ਪਾਈ ਗਈ। ਪੁਲਸ ਨੇ ਕਥਿਤ ਦੋਸ਼ੀ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ। ਕਥਿਤ ਦੋਸ਼ੀ ਦੀ ਪਛਾਣ ਪ੍ਰਦੀਪ ਸਿੰਘ ਪੁੱੱਤਰ ਪਰਮਜੀਤ ਸਿੰਘ ਵਾਸੀ ਪਿੰਡ ਇਕੋਲਾਹਾ ਵਜੋਂ ਹੋਈ।
ਇਸੇ ਤਰ੍ਹਾਂ ਜਦੋਂ ਪੁਲਸ ਪਾਰਟੀ ਏ. ਐੱਸ. ਆਈ. ਜਗਦੀਪ ਸਿੰਘ ਦੀ ਅਗਵਾਈ ਹੇਠ ਸਥਾਨਕ ਅਮਲੋਹ ਰੋਡ 'ਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਦੌਰਾਨ ਮੌਜੂਦ ਸਨ ਤਾਂ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਉਸਦੇ ਵਾਹਨ ਦੇ ਕਾਗਜ਼ਾਤ ਮੰਗੇ ਤਾਂ ਉਹ ਘਬਰਾ ਗਿਆ ਅਤੇ ਵਾਹਨ ਦੇ ਕਾਗਜ਼ਾਤ ਨਾ ਵਿਖਾ ਸਕਿਆ। ਪੁਲਸ ਨੇ ਜਦੋਂ ਸਖਤੀ ਨਾਲ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਹੈ। ਪੁਲਸ ਨੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰਦੇ ਹੋਏ ਮੋਟਰਸਾਈਕਲ ਆਪਣੇ ਕਬਜ਼ੇ 'ਚ ਲੈ ਲਿਆ। ਮੁਲਜ਼ਮ ਦੀ ਪਛਾਣ ਰਛਪਾਲ ਉਰਫ ਗੋਲਡੀ ਪੁੱਤਰ ਬੇਅੰਤ ਸਿੰਘ ਵਾਸੀ ਖੰਨਾ ਵਜੋਂ ਹੋਈ।