ਟਾਟਾ 207 ਦੀ ਟੱਕਰ ਨਾਲ 2 ਕਾਰਾਂ ਨੁਕਸਾਨੀਆਂ
Wednesday, Aug 02, 2017 - 07:30 AM (IST)
ਜਲੰਧਰ, (ਮਹੇਸ਼)- ਪੀ. ਏ. ਪੀ. ਚੌਕ ਵਿਚ ਮੰਗਲਵਾਰ ਸ਼ਾਮ ਨੂੰ ਰੈੱਡ ਲਾਈਟ ਦੌਰਾਨ ਬ੍ਰੇਕ ਨਾ ਲੱਗਣ 'ਤੇ ਟਾਟਾ 207 ਟੈਂਪੂ ਦੀ ਟੱਕਰ ਨਾਲ ਉਸ ਦੇ ਅੱਗੇ ਜਾ ਰਹੀਆਂ 2 ਕਾਰਾਂ ਨੁਕਸਾਨੀਆਂ ਗਈਆਂ। ਇਸ ਦੌਰਾਨ ਕੁਝ ਸਮੇਂ ਲਈ ਉਥੇ ਜਾਮ ਵੀ ਲੱਗ ਗਿਆ। ਵਾਹਨਾਂ ਦੀ ਇਕੱਠੀ ਹੋਈ ਟੱਕਰ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੈਂਟ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਪੁਲਸ ਦੀ ਸੂਚਨਾ ਮੁਤਾਬਿਕ ਪੀ. ਏ. ਪੀ. ਦੀ ਲੇਡੀ ਡਾਕਟਰ ਆਪਣੇ ਬੇਟੇ ਨਾਲ ਇਟੀਓਸ ਕਾਰ (ਪੀਬੀ 10 ਡੀ. ਜੇ. 4670) ਵਿਚ ਜਾ ਰਹੀ ਸੀ। ਕਾਰ ਨੂੰ ਤਰੁਣ ਸ਼ਰਮਾ ਚਲਾ ਰਿਹਾ ਸੀ, ਜਿਸ ਨੇ ਰੈੱਡ ਲਾਈਟ ਹੋਣ 'ਤੇ ਆਪਣੀ ਕਾਰ ਨੂੰ ਰੋਕ ਲਿਆ। ਇਸੇ ਤਰ੍ਹਾਂ ਲੇਡੀ ਡਾਕਟਰ ਦੀ ਕਾਰ ਆਈ. ਟਵੰਟੀ (ਪੀਬੀ 08 ਸੀ. ਐੱਚ. 6606) ਨੂੰ ਭੋਗਪੁਰ ਵਾਸੀ ਜਸਵਿੰਦਰ ਸਿੰਘ ਚਲਾ ਰਿਹਾ ਸੀ।
ਇਨ੍ਹਾਂ ਦੋਵਾਂ ਕਾਰਾਂ ਦੇ ਪਿੱਛੇ ਚੁਗਿੱਟੀ ਚੌਕ ਵੱਲੋਂ ਆ ਰਿਹਾ ਟਾਟਾ 207 ਟੈਂਪੂ ਬ੍ਰੇਕ ਨਾ ਲੱਗਣ ਕਾਰਨ ਪਹਿਲਾਂ ਆਈ ਟਵੰਟੀ ਕਾਰ ਨਾਲ ਟਕਰਾਇਆ ਤੇ ਆਈ. ਟਵੰਟੀ ਕਾਰ ਅੱਗੇ ਖੜ੍ਹੀ ਕਾਰ ਨਾਲ ਟਕਰਾ ਗਈ। ਦੋਵੇਂ ਕਾਰਾਂ ਨੁਕਸਾਨੀਆਂ ਜਾਣ 'ਤੇ ਉਨ੍ਹਾਂ ਦੇ ਚਾਲਕ ਟੈਂਪੂ ਟਾਟਾ 207 (ਪੀਬੀ 08 ਬੀ. ਕੇ. 8671) ਦੇ ਚਾਲਕ ਬਿਜੂ ਪਾਸਵਾਨ ਪੁੱਤਰ ਰਾਮ ਨਰੇਸ਼ ਪਾਸਵਾਨ ਨਿਵਾਸੀ ਬਿਹਾਰ ਹਾਲ ਵਾਸੀ ਸੰਜੇ ਗਾਂਧੀ ਨਗਰ ਗਲੀ ਨੰ. 11 ਜਲੰਧਰ ਨਾਲ ਬਹਿਸ ਕਰਨ ਲੱਗੇ। ਟੈਂਪੂ ਚਾਲਕ ਬਿਜੂ ਪਾਸਵਾਨ ਵੱਲੋਂ ਗਲਤੀ ਕਾਰਨ ਹੋਏ ਦੋਵਾਂ ਕਾਰਾਂ ਦੇ ਨੁਕਸਾਨ ਨੂੰ ਉਸ ਕੋਲੋਂ ਭਰਵਾਉਣ ਲਈ ਚਾਲਕਾਂ ਨੇ ਕੈਂਟ ਪੁਲਸ ਨੂੰ ਸ਼ਿਕਾਇਤ ਦਿੱਤੀ। ਕੈਂਟ ਪੁਲਸ ਉਨ੍ਹਾਂ ਵਾਹਨਾਂ ਨੂੰ ਕੈਂਟ ਥਾਣੇ ਲੈ ਆਈ। ਲੇਡੀ ਡਾਕਟਰ ਤਾਂ ਆਪਣਾ ਹੋਇਆ ਨੁਕਸਾਨ ਨਾ ਲੈਣ ਦਾ ਮਨ ਬਣਾ ਕੇ ਉਥੋਂ ਚਲੀ ਗਈ ਪਰ ਬਹਿਰਾਮ ਸਰਿਸ਼ਤਾ ਵਾਸੀ ਜਸਵਿੰਦਰ ਸਿੰਘ ਦਾ ਪੁਲਸ ਨੂੰ ਕਹਿਣਾ ਸੀ ਕਿ ਜਾਂ ਤਾਂ ਉਸ ਦਾ ਨੁਕਸਾਨ ਭਰਵਾਇਆ ਜਾਵੇ, ਨਹੀਂ ਤਾਂ ਟੈਂਪੂ ਚਾਲਕ ਖਿਲਾਫ ਕੇਸ ਦਰਜ ਕੀਤਾ ਜਾਵੇ।
ਨਕੋਦਰ ਰੋਡ ਵੱਲ ਜਾ ਰਿਹਾ ਟੈਂਪੂ ਚਾਲਕ ਬਿਜੂ ਪਾਸਵਾਨ ਦੇਰ ਰਾਤ ਥਾਣਾ ਕੈਂਟ ਵਿਚ ਹੀ ਸੀ। ਉਸ ਦੇ ਟਂੈਪੂ ਦੀ ਆਰ. ਸੀ. ਸ਼ੀਤਲ ਫਾਈਬਰਜ਼ ਦੇ ਨਾਂ 'ਤੇ ਬੋਲ ਰਹੀ ਸੀ ਪਰ ਪੁਲਸ ਨੂੰ ਉਸ ਦੇ ਬਚਾਅ ਨੂੰ ਲੈ ਕੇ ਕਿਸੇ ਦਾ ਕੋਈ ਫੋਨ ਨਹੀਂ ਸੀ ਆਇਆ। ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਦੋਵਾਂ ਧਿਰਾਂ ਵਿਚ ਰਾਜ਼ੀਨਾਮਾ ਨਹੀਂ ਹੁੰਦਾ ਤਾਂ ਆਈ ਟਵੰਟੀ ਕਾਰ ਦੇ ਚਾਲਕ ਜਸਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਟੈਂਪੂ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਜਾਵੇਗਾ।
