ਮਾਮਲਾ ਦੋ ਭਰਾਵਾਂ ਵੱਲੋਂ ਦਰਿਆ ਬਿਆਸ ’ਚ ਛਾਲ ਮਾਰਨ ਦਾ, 4 ਦਿਨ ਬਿਤਣ ’ਤੇ ਵੀ ਨਹੀਂ ਲੱਗਾ ਕੋਈ ਥਹੁ-ਪਤਾ

Wednesday, Aug 23, 2023 - 11:31 AM (IST)

ਮਾਮਲਾ ਦੋ ਭਰਾਵਾਂ ਵੱਲੋਂ ਦਰਿਆ ਬਿਆਸ ’ਚ ਛਾਲ ਮਾਰਨ ਦਾ, 4 ਦਿਨ ਬਿਤਣ ’ਤੇ ਵੀ ਨਹੀਂ ਲੱਗਾ ਕੋਈ ਥਹੁ-ਪਤਾ

ਸੁਲਤਾਨਪੁਰ ਲੋਧੀ (ਧੀਰ)-ਜਲੰਧਰ ਦੇ ਥਾਣਾ ਨੰ. 1 ਦੇ ਐੱਸ. ਐੱਚ. ਓ. ਨਵਦੀਪ ਸਿੰਘ ਵੱਲੋਂ ਕਥਿਤ ਤੌਰ ’ਤੇ ਜ਼ਲੀਲ ਕਰਨ ’ਤੇ ਦਰਿਆ ਬਿਆਸ ’ਚ ਛਾਲ ਮਾਰ ਵਾਲੇ ਮਾਨਵਜੀਤ ਸਿੰਘ ਢਿੱਲੋਂ ਅਤੇ ਜਸ਼ਨਬੀਰ ਸਿੰਘ ਢਿੱਲੋਂ ਦਾ 4 ਦਿਨ ਬਿਤਣ ’ਤੇ ਵੀ ਪੁਲਸ ਨੂੰ ਕੋਈ ਥਹੁ-ਪਤਾ ਨਹੀਂ ਲੱਗਾ, ਜਿਸ ਕਾਰਨ ਪੀੜਤ ਪਰਿਵਾਰ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਮਾਮਲੇ ’ਚ ਪੁਲਸ ਮੁਲਾਜ਼ਮਾਂ ਦਾ ਨਾਂ ਆਉਣ ਕਰਕੇ ਕਾਰਵਾਈ ’ਚ ਢਿੱਲ ਵਰਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਤੀ-ਪਤਨੀ ਦੇ ਇਕ ਘਰੇਲੂ ਨੂੰ ਹੱਲ ਕਰਨ ਲਈ ਜਲੰਧਰ ਦੇ ਥਾਣਾ ਨੰਬਰ 1 ’ਚ ਦੋਵੇ ਧਿਰਾਂ ਇਕੱਠੀਆਂ ਹੋਈਆਂ ਸਨ, ਦੋਵਾਂ ਧਿਰਾਂ ’ਚ ਕਾਫ਼ੀ ਤੂੰ-ਤੂੰ, ਮੈਂ-ਮੈਂ ਹੋਈ। ਇਸ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰਾਂ ਨਾਲ ਆਏ ਇਕ ਨੌਜਵਾਨ ਮਾਨਵਜੀਤ ਸਿੰਘ ਢਿੱਲੋਂ ਦੀ ਪੁਲਸ ਪਾਰਟੀ ਵੱਲੋਂ ਪੱਗ ਲਾਉਣ ਅਤੇ ਕੁੱਟਮਾਰ ਹੋਈ ਬਾਰੇ, ਜਦ ਉਸ ਦੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਨੂੰ ਪਤਾ ਲੱਗ ਤਾਂ ਇਹ ਸਭ ਕੁਝ ਨਾ ਸਹਾਰ ਸਕਿਆ, ਜਿਸ ਕਾਰਨ ਉਸ ਨੇ ਗੋਇੰਦਵਾਲ ਪੁਲ ਤੋਂ ਦਰਿਆ ਬਿਆਸ ’ਚ ਛਾਲ ਮਾਰ ਦਿੱਤੀ, ਜਿਸ ਦੇ ਮਗਰ ਹੀ ਮਾਨਵਜੀਤ ਸਿੰਘ ਢਿੱਲੋਂ ਨੇ ਛਾਲ ਮਾਰ ਦਿੱਤੀ ਸੀ।

ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ 4 ਦਿਨ ਬੀਤ ਗਏ ਹਨ ਪਰ ਮਾਨਵਜੀਤ ਸਿੰਘ ਢਿੱਲੋਂ ਤੇ ਜਸ਼ਨਬੀਰ ਸਿੰਘ ਢਿੱਲੋਂ ਦਾ ਪੁਲਸ ਕੋਈ ਪਤਾ ਨਹੀਂ ਲਗਾ ਸਕੀ ਹੈ। ਪਤਾ ਨਹੀਂ ਪੁਲਸ ਵੱਲੋਂ ਇੰਨੀ ਦੇਰੀ ਕਿਉਂ ਕੀਤੀ ਜਾ ਰਹੀ ਹੈ। ਹਾਲੇ ਤੱਕ ਪੁਲਸ ਨੇ ਇਸ ਮਾਮਲੇ ’ਚ ਕੋਈ ਕੇਸ ਦਰਜ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੜਕਿਆਂ ਨੇ ਐੱਸ. ਐੱਚ. ਓ. ਵੱਲੋਂ ਜ਼ਲੀਲ ਕਰਨ ’ਤੇ ਦਰਿਆ ’ਚ ਛਾਲ ਮਾਰੀ ਹੈ। ਸਾਡੇ ਮੋਹਤਬਰਾਂ ਨੇ ਮੌਕੇ ’ਤੇ ਹੋਏ ਝਗੜੇ ਨੂੰ ਅੱਖੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਚਾਹੁੰਦੀ ਤਾਂ ਘਰੇਲੂ ਝਗੜੇ ਨੂੰ ਦੋਵਾਂ ਧਿਰਾਂ ਨੂੰ ਆਸਾਨੀ ਨਾਲ ਸਮਝਾ ਕੇ ਨਿਬੇੜਿਆ ਜਾ ਸਕਦਾ ਸੀ ਪਰ ਪੁਲਸ ਪਾਰਟੀ ਨੇ ਸਾਡੇ ਹੀ ਲੜਕੇ ’ਤੇ ਧਾਰਾ 107/51 ਲਗਾ ਦਿੱਤੀ, ਜੋ ਪੁਲਸ ਦਾ ਬਹੁਤ ਗਲਤ ਰਵੱਈਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੇ ਨਾਂ ’ਤੇ ਵੋਟਾਂ ਲੈ ਕੇ ਸੱਤਾ ’ਚ ਆਈ ‘ਆਪ’ ਸਰਕਾਰ ਦੇ ਰਾਜ ’ਚ ਹੁਣ ਆਮ ਲੋਕਾਂ ਨਾਲ ਧੱਕਾ ਹੋਣ ਲੱਗ ਪਿਆ ਹੈ। ਸ਼ਾਇਦ ਮਾਮਲੇ ’ਚ ਐੱਸ. ਐੱਚ. ਓ., ਮਹਿਲਾ ਪੁਲਸ ਕਾਂਸਟੇਬਲ ਤੇ ਹੋਰ ਪੁਲਸ ਮੁਲਾਜ਼ਮਾਂ ਦਾ ਨਾਂ ਆਉਣ ਕਰ ਕੇ ਹੁਣ ਤੱਕ ਪੁਲਸ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਕੋਈ ਕੇਸ ਦਰਜ ਕੀਤਾ ਗਿਆ ਹੈ, ਇਸੇ ਕਰ ਕੇ ਪੁਲਸ ਪਾਰਟੀ ਇਸ ਮਾਮਲੇ ’ਚ ਕੋਈ ਦਿਲਚਸਪੀ ਨਹੀਂ ਲੈ ਰਹੀ। ਪਰਿਵਾਰਕ ਮੈਂਬਨਾਂ ਨੇ ਕਿਹਾ ਕਿ ਜਲੰਧਰ ਥਾਣਾ ਪੁਲਸ ਅਤੇ ਥਾਣਾ ਤਲਵੰਡੀ ਚੌਧਰੀਆਂ ਵੱਲੋਂ ਹੁਣ ਤੱਕ ਕੀਤੀ ਗਈ ਕਾਰਵਾਈ ’ਚ ਸਾਨੂੰ ਇਨਸਾਫ ਮਿਲਦਾ ਨਜ਼ਰ ਨਹੀਂ ਆ ਰਿਹਾ, ਜਿਸ ਕਰ ਕੇ ਅੱਜ ਉਹ ਜਲੰਧਰ ਵਿਖੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਹਨ, ਜਿਨ੍ਹਾਂ ਵੱਲੋਂ ਇਨਸਾਫ਼ ਦਾ ਭਰੋਸਾ ਦਿੱਤਾ ਗਿਆ ਹੈ।

ਇਸ ਦੌਰਾਨ ਪੀੜਤ ਪਰਿਵਾਰ ਨੇ ਫਿਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਡੀ. ਜੀ. ਪੀ. ਸ਼੍ਰੀ ਗੌਰਵ ਯਾਦਵ ਕੋਲੋਂ ਮੰਗ ਕੀਤੀ ਕਿ ਮਾਮਲੇ ’ਚ ਸ਼ਾਮਲ ਐੱਸ. ਐੱਚ. ਓ. ਨਵਦੀਪ ਸਿੰਘ, ਮਹਿਲਾ ਪੁਲਸ ਕਾਂਸਟੇਬਲ, ਹੋਰ ਪੁਲਸ ਮੁਲਾਜ਼ਮਾਂ ਸਮੇਤ ਲੜਕੀ ਵਾਲੇ ਮੁਲਜ਼ਮਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ।

ਉੱਚ ਅਧਿਕਾਰੀਆਂ ਦੇ ਧਿਆਨ ’ਚ ਹੈ ਮਾਮਲਾ, ਜਾਂਚ ਜਾਰੀ: ਐੱਸ. ਐੱਚ. ਓ. ਤਲਵੰਡੀ ਚੌਧਰੀਆਂ
ਇਸ ਸੰਬੰਧੀ ਜਦੋਂ ਥਾਣਾ ਤਲਵੰਡੀ ਚੌਧਰੀਆਂ ਦੇ ਐੱਸ. ਐੱਚ. ਓ. ਜਸਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਭਰਾਵਾਂ ਦੀ ਭਾਲ ਜਾਰੀ ਹੈ, ਜਦ ਤਕ ਉਨ੍ਹਾਂ ਦਾ ਪਤਾ ਨਹੀਂ ਲੱਗ ਜਾਂਦਾ, ਤਦ ਤਕ ਉਹ ਕਾਰਵਾਈ ਕਰਨ ’ਚ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮਾਨਵਜੀਤ ਢਿੱਲੋਂ ਤੇ ਜਸ਼ਨਬੀਰ ਸਿੰਘ ਢਿੱਲੋਂ ਦੇ ਪਰਿਵਾਰਕ ਮੈਂਬਰਾਂ ਨੂੰ ਥਾਣੇ ਬੁਲਾਇਆ ਗਿਆ ਸੀ, ਜੋ ਆਪਣਾ ਬਿਆਨ ਨੋਟ ਕਰਵਾ ਗਏ ਹਨ। ਉਨ੍ਹਾਂ ਕਿਹਾ ਕਿ ਦੂਜੇ ਪੱਖ ਦਾ ਵੀ ਬਿਆਨ ਦਰਜ ਕੀਤਾ ਜਾਵੇਗਾ, ਜਿਸ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਚ. ਓ. ਜਸਪਾਲ ਸਿੰਘ ਨੇ ਕਿਹਾ ਕਿ ਇਹ ਸਾਰਾ ਮਾਮਲੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ। ਪੁਲਸ ਵੱਲੋਂ ਮਾਮਲੇ ਸਬੰਧੀ ਜਾਂਚ ਜਾਰੀ ਹੈ।

ਜੇਕਰ ਦੋਵੇਂ ਭਰਾ ਨਹੀਂ ਮਿਲਦੇ ਤਾਂ ਪੁਲਸ ਦਾ ਕੀ ਹੋਵੇਗੀ ਕਾਰਵਾਈ?
ਹੁਣ ਇੱਥੇ ਹੈਰਾਨੀਜਨਕ ਗੱਲ ਇਹ ਹੈ ਕਿ ਜੇਕਰ ਪੁਲਸ ਨੂੰ ਦੋਵੇਂ ਭਰਾ ਨਹੀਂ ਮਿਲਦੇ ਤਾਂ ਕਿਤੇ ਇਹ ਮਾਮਲਾ ਰਫਾ-ਦਫਾ ਹੀ ਨਾ ਹੋ ਜਾਵੇ। ਇੰਨੇ ਦਿਨ ਬੀਤ ਚੁੱਕੇ ਹਨ ਪਰ ਪੁਲਸ ਦੀ ਕਾਰਵਾਈ ਜ਼ੀਰੋ ਹੈ। ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ’ਚ ਪੁਲਸ ਕੀ ਕਾਰਵਾਈ ਕਰਦੀ ਹੈ?, ਪੁਲਸ ਦਾ ਕਹਿਣਾ ਹੈ ਕਿ ਦੋਵੇਂ ਭਰਾਵਾਂ ਨੂੰ ਲੱਭਣ ’ਚ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਹਨ, ਜਦੋਂ ਦੋਵੇਂ ਮਿਲ ਜਾਣਗੇ, ਫਿਰ ਹੀ ਕਾਰਵਾਈ ਨੂੰ ਅੱਗੇ ਤੋਰੇਗੀ।

ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News