ਮਾਹਿਲਪੁਰ 'ਚ ਦਰਦਨਾਕ ਹਾਦਸਾ, ਟੋਭੇ ’ਚ ਨਹਾਉਣ ਗਏ ਦੋ ਸਕੇ ਭਰਾਵਾਂ ਦੀ ਡੁੱਬ ਕੇ ਮੌਤ, ਘਰ 'ਚ ਮਚਿਆ ਚੀਕ-ਚਿਹਾੜਾ
Sunday, Apr 17, 2022 - 04:22 PM (IST)
ਮਾਹਿਲਪੁਰ (ਅਗਨੀਹੋਤਰੀ)- ਮਾਹਿਲਪੁਰ ਦੇ ਪਿੰਡ ਢਾਡਾ ਖ਼ੁਰਦ ਦੇ ਬਾਹਰਵਾਰ ਉਸ ਵੇਲੇ ਭਜਦੌੜ ਮਚ ਗਈ, ਜਦੋਂ ਟੋਭੇ ਵਿਚ ਡੁੱਬ ਰਹੇ ਦੋ ਸਕੇ ਭਰਾਵਾਂ ਨੇ ਆਪਣੇ ਬਚਾਓ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਦੋਵੇਂ ਭਰਾ ਆਪਣੇ ਪਿਤਾ ਤੋਂ ਅੱਖ ਬਚਾਅ ਕੇ ਨਹਾਉਣ ਲਈ ਟੋਬੇ ’ਤੇ ਆਏ ਸਨ ਪਰ ਟੋਭੇ ਦੀ ਡੂੰਘਾਈ ਦਾ ਅੰਦਾਜ਼ਾ ਨਾ ਲਾ ਸਕੇ। ਆਸਪਾਸ ਕੰਮ ਕਰਦੇ ਖੇਤਾਂ ਵਿਚ ਆਏ ਲੋਕਾਂ ਨੇ ਜਦੋਂ ਤੱਕ ਪਹੁੰਚ ਕੀਤੀ, ਦੋਵੇਂ ਭਰਾ ਡੁੱਬ ਚੁੱਕੇ ਸਨ। ਥਾਣਾ ਮਾਹਿਲਪੁਰ ਦੇ ਮੁਖੀ ਬਲਵਿੰਦਰ ਪਾਲ ਪੁਲਸ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਦੋ ਘੰਟੇ ਦੀ ਜੱਦੋ-ਜਹਿਦ ਬਾਅਦ ਦੋਹਾਂ ਬੱਚਿਆਂ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਦਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਫ਼ੈਸਲਾ ਜਨਤਾ ’ਤੇ ਕੋਈ ਅਹਿਸਾਨ ਨਹੀਂ: ਰਾਜਾ ਵੜਿੰਗ
ਪ੍ਰਾਪਤ ਜਾਣਕਾਰੀ ਅਨੁਸਾਰ ਛਿੰਦਰਪਾਲ ਵਾਸੀ ਪਾਲਦੀ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸ਼ਨੀਵਾਰ ਢਾਈ ਵਜੇ ਦੇ ਕਰੀਬ ਆਪਣੇ ਦੋਵੇਂ ਪੁੱਤਰਾਂ ਅਜੇ (11) ਅਤੇ ਗੋਬਿੰਦਾ (9) ਨੂੰ ਨਾਲ ਲੈ ਕੇ ਪਿੰਡ ਢਾਡਾ ਖ਼ੁਰਦ ਦੇ ਬਾਹਰਵਾਰ ਲੱਕੜਾਂ ਇਕੱਠੀਆਂ ਕਰਨ ਲਈ ਆ ਗਏ। ਉਸ ਨੇ ਦੱਸਿਆ ਕਿ ਉਹ ਆਪਣੇ ਮੁੰਡਿਆਂ ਤੋਂ ਕੁਝ ਦੂਰ ਲੱਕੜਾਂ ਇਕੱਠੀਆਂ ਕਰ ਰਿਹਾ ਸੀ ਤਾਂ ਉਸ ਦੇ ਦੋਵੇਂ ਪੁੱਤਰ ਅੱਖ ਬਚਾਅ ਕੇ ਨਾਲ ਲਗਦੇ ਟੋਭੇ ਕੋਲ ਆ ਗਏ ਅਤੇ ਨਹਾਉਣ ਲੱਗ ਪਏ। ਇਸ ਦੌਰਾਨ ਜਦੋਂ 9 ਸਾਲ ਦਾ ਗੋਬਿੰਦਾ ਡੂੰਘੇ ਪਾਣੀ ਵਿਚ ਡੁੱਬਣ ਲੱਗਾ ਤਾਂ ਉਸ ਨੂੰ ਬਚਾਉਣ ਲਈ 11 ਸਾਲਾ ਅਜੇ ਵੀ ਡੂੰਘੇ ਪਾਣੀ ਵਿਚ ਚਲਾ ਗਿਆ। ਉਸ ਨੇ ਦੱਸਿਆ ਕਿ ਅਚਾਨਕ ਦੋਹਾਂ ਦਾ ਪੈਰ ਫਿਸਲ ਗਿਆ ਅਤੇ ਦੋਵੇਂ ਟੋਭੇ ਵਿਚ ਡਿੱਗ ਪਏ।
ਉਸ ਨੇ ਦੱਸਿਆ ਕਿ ਹਾਦਸਾ ਵਾਪਰਨ ਦਾ ਉਸ ਨੂੰ ਉਸ ਸਮੇਂ ਪਤਾ ਲੱਗਾ, ਜਦੋਂ ਟੋਭੇ ਵਿਚੋਂ ਬਚਾਓ-ਬਚਾਓ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਉਸ ਨੇ ਦੱਸਿਆ ਕਿ ਉਸ ਨੇ ਵੀ ਰੌਲਾ ਪਾਇਆ ਤਾਂ ਆਸਪਾਸ ਦੇ ਖੇਤਾਂ ਵਿਚ ਕੰਮ ਕਰਦੇ ਲੋਕ ਇਕੱਠੇ ਹੋ ਗਏ ਪਰ ਤਦ ਤੱਕ ਉਸ ਦੇ ਦੋਵੇਂ ਮੁੰਡੇ ਡੂੰਘੇ ਪਾਣੀ ਦੇ ਹੇਠਾਂ ਜਾ ਚੁੱਕੇ ਸਨ। ਥਾਣਾ ਮੁਖੀ ਬਲਵਿੰਦਰ ਪਾਲ ਪੁਲਸ ਪਾਰਟੀ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਤੈਰਨਾ ਜਾਣਦੇ ਪ੍ਰਵਾਸੀ ਮਜ਼ਦੂਰਾਂ ਦੀ ਸਹਾਇਤਾ ਨਾਲ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਦੋਹਾਂ ਨੂੰ ਮ੍ਰਿਤਕ ਬਾਹਰ ਕੱਢਿਆ। ਪੁਲਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਹਿਲਪੁਰ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪਹਿਲਾਂ ਇਹ ਅਫ਼ਵਾਹ ਫੈਲੀ ਹੋਈ ਸੀ ਕਿ ਦੋਵੇਂ ਮੁੰਡੇ ਮੱਛੀਆਂ ਫੜਨ ਗਏ ਸੀ। ਥਾਣਾ ਮੁਖੀ ਬਲਵਿੰਦਰ ਪਾਲ ਨੇ ਅਫ਼ਵਾਹਾਂ ਦਾ ਖੰਡਨ ਕਰਦਿਆਂ ਦੱਸਿਆ ਕਿ ਗਰਮੀ ਕਾਰਨ ਨਹਾਉਣ ਗਏ ਸੀ ਅਤੇ ਕੰਢੇ ’ਤੇ ਪਹੁੰਚ ਕੇ ਪੈਰ ਫਸਲ ਗਿਆ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਦੇ ਭਰਾ ਨੂੰ ਮਿਲਣ ਲੱਗੀਆਂ ਜਾਨੋਂ ਮਾਰਨ ਦੀਆਂ ਧਮਕੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ