ਟ੍ਰੈਵਲ ਏਜੰਟ ਨੂੰ ਅਗਵਾ ਕਰਨ ਦੇ ਦੋਸ਼ ''ਚ ਦੋ ਗ੍ਰਿਫਤਾਰ
Tuesday, Aug 15, 2017 - 06:39 AM (IST)

ਲੁਧਿਆਣਾ, (ਸਲੂਜਾ)- ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਰਨਾਲਾ ਦੇ ਰਹਿਣ ਵਾਲੇ ਇਕ ਰਣਜੀਤ ਸਿੰਘ ਉਰਫ ਮਨਜੀਤ ਸਿੰਘ ਨਾਮਕ ਟ੍ਰੈਵਲ ਏਜੰਟ ਨੂੰ ਚਾਰ-ਪੰਜ ਦਿਨ ਪਹਿਲਾਂ ਇਨੋਵਾ ਗੱਡੀ ਸਮੇਤ ਅਗਵਾ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਸਰਾਭਾ ਨਗਰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀਆਂ ਦੀ ਪਛਾਣ ਸੁਖਵਿੰਦਰ ਸਿੰਘ ਅਤੇ ਵਿਕਾਸ ਸੂਦ ਦੇ ਰੂਪ ਵਿਚ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਟ੍ਰੈਵਲ ਏਜੰਟ 'ਤੇ ਇਹ ਦੋਸ਼ ਹੈ ਕਿ ਇਸ ਨੇ ਵਿਦੇਸ਼ ਭੇਜਣ ਦੇ ਲਈ 24 ਲੱਖ 50 ਹਜ਼ਾਰ ਰੁਪਏ ਲਏ ਸਨ ਅਤੇ ਜਾਅਲੀ ਵੀਜ਼ਾ ਲਾ ਦਿੱਤਾ ਸੀ। ਉਸ ਦਿਨ ਤੋਂ ਹੀ ਕਥਿਤ ਤੌਰ 'ਤੇ ਧੋਖਾਦੇਹੀ ਦਾ ਸ਼ਿਕਾਰ ਹੋਏ ਵਿਅਕਤੀਆਂ ਵੱਲੋਂ ਇਸ ਦੀ ਤਲਾਸ਼ ਕੀਤੀ ਜਾ ਰਹੀ ਸੀ। ਰਣਜੀਤ ਸਿੰਘ ਨੂੰ ਅਗਵਾ ਕਰਨ ਦੇ ਬਾਅਦ ਦੋਸ਼ੀਆਂ ਨੇ ਵੱਖ-ਵੱਖ ਥਾਵਾਂ 'ਤੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ। ਇਸ ਸਬੰਧੀ ਜਦ ਸਰਾਭਾ ਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਸੁਮਿਤ ਸੂਦ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ ਦੀ ਸ਼ਿਕਾਇਤ 'ਤੇ ਪੁਲਸ ਨੇ ਅਣਪਛਾਤੇ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਸੀ। ਪੁਲਸ ਕਮਿਸ਼ਨਰ ਲੁਧਿਆਣਾ ਦੇ ਆਦੇਸ਼ਾਂ 'ਤੇ ਅਗਵਾਕਾਰਾਂ ਨੂੰ ਦਬੋਚਣ ਲਈ ਜ਼ਿਲਾ ਲੁਧਿਆਣਾ ਸਮੇਤ ਗੁਆਂਢੀ ਪੁਲਸ ਜ਼ਿਲਿਆਂ 'ਚ ਨਾਕਾਬੰਦੀ ਕੀਤੀ। ਦੋਰਾਹਾ ਪੁਲਸ ਨੇ ਜਦ ਨਾਕਾਬੰਦੀ ਦੌਰਾਨ ਇਕ ਵਾਹਨ ਨੂੰ ਰੋਕਿਆ ਤਾਂ ਦੋਸ਼ੀ ਰਣਜੀਤ ਸਿੰਘ ਨੂੰ ਜ਼ਖ਼ਮੀ ਹਾਲਾਤ 'ਚ ਉਥੇ ਉਤਾਰ ਕੇ ਫਰਾਰ ਹੋ ਗਏ ਸਨ। ਜ਼ਖ਼ਮੀ ਰਣਜੀਤ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਲੁਧਿਆਣਾ ਦਾਖਲ ਕਰਵਾਇਆ। ਉਸ ਦੇ ਬਿਆਨ 'ਤੇ ਹੀ ਇਸ ਮਾਮਲੇ 'ਚ ਕਥਿਤ ਦੋਸ਼ੀਆਂ ਰੂਪ ਵਿਚ ਸੁਖਵਿੰਦਰ ਸਿੰਘ, ਵਿਕਾਸ ਸੂਦ ਨਿਵਾਸੀ ਹਿਮਾਂਸ਼ੂਪੁਰ ਸਰਹਿੰਦ, ਕੁਲਦੀਪ ਸਿੰਘ ਪੀਲੀ, ਗੁਰਪ੍ਰੀਤ ਸਿੰਘ ਬਿੱਟੂ ਨਿਵਾਸੀ ਪਿੰਡ ਪੁਰਾਣੇਵਾਲਾ ਜ਼ਿਲਾ ਮੋਗਾ, ਗੁਰਜੰਟ ਸਿੰਘ ਜੰਟੀ ਨੂੰ ਨਾਮਜ਼ਦ ਕਰ ਕੇ ਜੁਰਮ ਦੀ ਧਾਰਾ 'ਚ ਵਾਧਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫਰਾਰ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਦੋਸ਼ੀ ਪੁਲਸ ਗ੍ਰਿਫਤ 'ਚ ਹੋਣਗੇ।