ਵਰਕ ਪਰਮਿਟ ਦੱਸ ਕੇ ਵਿਜ਼ਟਰ ਵੀਜ਼ੇ ਲਈ ਕੀਤਾ ਅਪਲਾਈ, ਸਵਾ ਦੋ ਲੱਖ ਠੱਗੇ
Saturday, Dec 21, 2024 - 08:07 AM (IST)
ਖਰੜ (ਰਣਬੀਰ) : ਵਰਕ ਪਰਮਿਟ ਰਾਹੀਂ ਵਿਦੇਸ਼ ਭੇਜਣ ਦੇ ਨਾਂ ’ਤੇ ਖਰੜ ਦੀ ਰਹਿਣ ਵਾਲੀ ਇਕ ਵਿਆਹੁਤਾ ਔਰਤ ਨਾਲ ਕਰੀਬ ਸਵਾ ਦੋ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਪੁਲਸ ਨੇ ਪਰਮਿੰਦਰ ਕੌਰ ਅਤੇ ਦੀਪਕ ਬੇਦੀ ਖ਼ਿਲਾਫ਼ ਧਾਰਾ 420, 120ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ।
ਦਰਖ਼ਾਸਤ ’ਚ ਖਰੜ ਨਿਵਾਸੀ ਸੁਸ਼ਮਾ ਮੁਤਾਬਕ ਉਹ ਵਿਦੇਸ਼ ਜਾਣਾ ਚਾਹੁੰਦੀ ਸੀ। ਇਸ ਲਈ ਆਪਣੇ ਇਕ ਜਾਣਕਾਰ ਦੀ ਮਾਰਫਤ ਖਰੜ ਦੀ ਪਰਵਿੰਦਰ ਕੌਰ ਨੂੰ ਮਿਲਣ ਉਸ ਦੇ ਘਰ ਗਈ ਤਾਂ ਉਸ ਨੇ ਦੱਸਿਆ ਕਿ ਉਹ ਉਸ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜ ਦੇਵੇਗੀ, ਜਿਸ ਦਾ 25 ਲੱਖ ਰੁਪਏ ਖ਼ਰਚਾ ਆਵੇਗਾ। ਪਰ ਫਾਈਲ ਸ਼ੁਰੂ ਕਰਨ ਲਈ ਉਸ ਨੂੰ ਸਭ ਤੋਂ ਪਹਿਲਾਂ 3.20 ਲੱਖ ਰੁਪਏ ਦੇਣੇ ਪੈਣਗੇ, ਬਾਕੀ ਦੀ ਰਕਮ ਵੀਜ਼ਾ ਆਉਣ ਤੋਂ ਬਾਅਦ ਦੇਣੀ ਪਵੇਗੀ। ਉਸ ਨੇ ਕਿਹਾ ਕਿ ਉਹ ਛੁੱਟੀ ’ਤੇ ਚੱਲ ਰਹੀ ਹੈ। ਇਸ ਲਈ 3.20 ਲੱਖ ਰੁਪਏ ਉਸ ਦੇ ਸਾਥੀ ਦੀਪਕ ਬੇਦੀ ਵਾਸੀ ਸਿਵਲ ਲਾਈਨਜ਼ ਪਟਿਆਲਾ ਦੇ ਬੈਂਕ ਖਾਤੇ ’ਚ ਜਮ੍ਹਾਂ ਕਰਵਾ ਦੇਵੇ। ਜੋ ਸ਼ਿਕਾਇਤਕਰਤਾ ਵੱਲੋਂ ਜਮ੍ਹਾਂ ਕਰਵਾ ਦਿੱਤੇ ਗਏ।
ਇਹ ਵੀ ਪੜ੍ਹੋ : ਅਮਰੀਕਾ ਨੇ ਡਿਪੋਰਟ ਕੀਤੇ 192 ਦੇਸ਼ਾਂ ਦੇ 2,71,000 ਪ੍ਰਵਾਸੀ
ਕੁਝ ਸਮਾਂ ਬਾਅਦ ਜਦੋਂ ਬਾਇਓਮੀਟ੍ਰਿਕ ਅਪੁਆਇੰਟਮੈਂਟ ਆਈ ਤਾਂ ਪਤਾ ਲੱਗਾ ਕਿ ਉਸ ਦਾ ਵਿਜ਼ਟਰ ਵੀਜ਼ਾ ਅਪਲਾਈ ਕੀਤਾ ਗਿਆ ਹੈ। ਜਦੋਂ ਇਸ ਬਾਰੇ ਪਰਵਿੰਦਰ ਕੌਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਸ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ ਤੇ ਜਦੋਂ ਪੈਸੇ ਵਾਪਸ ਮੰਗਣ ਘਰ ਗਈ ਤਾਂ ਮੁਲਜ਼ਮ ਨੇ ਪੈਸੇ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਵੀ ਉਸ ਨੇ ਕਈ ਵਾਰ ਦੋਵਾਂ ਮੁਲਜ਼ਮਾਂ ਨੂੰ ਪੈਸੇ ਮੋੜਨ ਲਈ ਕਿਹਾ, ਪਰ ਨਹੀਂ ਦਿੱਤੇ। ਤੰਗ ਆ ਕੇ ਉਸ ਨੇ ਐੱਸ. ਐੱਸ. ਪੀ. ਮੋਹਾਲੀ ਨੂੰ 27 ਅਗਸਤ, 2022 ਨੂੰ ਦਰਖ਼ਾਸਤ ਦਿੱਤੀ। ਜੋ ਪੜਤਾਲ ਲਈ ਡੀ.ਐੱਸ.ਪੀ. (ਡੀ) ਨੂੰ ਮਾਰਕ ਕੀਤੀ ਗਈ। ਸਬੰਧਤ ਅਧਿਕਾਰੀ ਵੱਲੋਂ ਪਰਵਿੰਦਰ ਕੌਰ ਅਤੇ ਦੀਪਕ ਬੇਦੀ ਨੂੰ ਦਫ਼ਤਰ ਬੁਲਾਇਆ ਗਿਆ। ਜਿੱਥੇ ਮੁਲਜ਼ਮਾਂ ਨੇ ਵੱਖ-ਵੱਖ ਮਿਤੀਆਂ ਨੂੰ ਉਸ ਦੇ ਖਾਤੇ ’ਚ ਇਕ ਲੱਖ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ। ਪਰ ਬਾਅਦ ’ਚ ਕੋਈ ਪੈਸਾ ਨਹੀਂ ਦਿੱਤਾ। ਸ਼ਿਕਾਇਤਕਰਤਾ ਨੇ ਮੁੜ ਤੋਂ ਸੀਨੀਅਰ ਪੁਲਸ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ, ਜਿਸ ’ਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8