ਕਰੋੜਾਂ ਰੁਪਏ ਦੀ ਹੈਰੋਇਨ ਤੇ 5 ਲੱਖ ਦੀ ਡਰੱਗ ਮਨੀ ਸਣੇ ਦੋ ਕਥਿਤ ਸਮੱਗਲਰ ਗ੍ਰਿਫ਼ਤਾਰ

Thursday, Jul 21, 2022 - 06:47 PM (IST)

ਫਿਰੋਜ਼ਪੁਰ (ਕੁਮਾਰ) : ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਲੁਟੇਰਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਨਾਰਕੋਟਿਕਸ ਕੰਟਰੋਲ ਸੈੱਲ ਫਿਰੋਜ਼ਪੁਰ ਪੁਲਸ ਨੇ ਏ. ਐੱਸ. ਆਈ. ਅੰਗਰੇਜ਼ ਸਿੰਘ ਦੀ ਅਗਵਾਈ ’ਚ ਕਾਰ ’ਤੇ ਆਉਂਦੇ 2 ਕਥਿਤ ਸਮੱਗਲਰਾਂ ਨੂੰ ਇਕ ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਰਕੋਟਿਕਸ ਕੰਟਰੋਲ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਜਦੋਂ ਏ. ਐੱਸ. ਆਈ. ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਨਾਰਕੋਟਿਕਸ ਕੰਟਰੋਲ ਸੈੱਲ ਦੀ ਪੁਲਸ ਫਿਰੋਜ਼ਪੁਰ ’ਚ ਬੀ. ਐੱਸ. ਐੱਨ. ਐੱਲ. ਚੌਕ ਨੇੜੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਸੀ।

ਇਹ ਖਬਰ ਵੀ ਪੜ੍ਹੋ : ਵੱਡੀ ਖ਼ਬਰ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਪਾਕਿਸਤਾਨ ’ਚੋਂ ਆ ਰਹੇ ਫੋਨ, ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ

ਇਸ ਦੌਰਾਨ ਪੁਲਸ ਪਾਰਟੀ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਕੰਵਲਜੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਥਾਣਾ ਜਮਾਲਗੜ੍ਹ ਜ਼ਿਲ੍ਹਾ ਲੁਧਿਆਣਾ ਅਤੇ ਗੌਤਮ ਪਾਰੀਕ ਪੁੱਤਰ ਲਕਸ਼ਮੀ ਨਰਾਇਣ ਪਾਰੀਕ ਵਾਸੀ ਭੇਰੂਜੀ ਦਾ ਬਾਸ ਕਾਲ ਜ਼ਿਲ੍ਹਾ ਬੀਕਾਨੇਰ (ਰਾਜਸਥਾਨ) ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ, ਜੋ ਅੱਜ ਵੀ ਕਾਰ ਨੰਬਰ ਪੀ. ਬੀ. 01ਬੀ/3563 ’ਤੇ ਹੈਰੋਇਨ ਅਤੇ ਹੈਰੋਇਨ ਤੋਂ ਕਮਾਈ ਰਕਮ ਲੈ ਕੇ ਮੋਗਾ ਰੋਡ ਤੋਂ ਫਾਜ਼ਿਲਕਾ ਵੱਲ ਨੂੰ ਆ ਰਹੇ ਹਨ ਤਾਂ ਉਨ੍ਹਾਂ ਦੱਸਿਆ ਕਿ ਅੰਗਰੇਜ ਸਿੰਘ ਅਤੇ ਪੁਲਸ ਪਾਰਟੀ ਨੇ ਚੌਕ ਅਗਰਸੇਨ ਬੀ. ਐੱਸ. ਐੱਨ. ਐੱਲ. ਦਫ਼ਤਰ ਨੇੜੇ ਨਾਕਾਬੰਦੀ ਕਰਦਿਆਂ ਆ ਰਹੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਦੋਵਾਂ ਨਾਮਜ਼ਦ ਵਿਅਕਤੀਆਂ ਕੋਲੋਂ ਇਕ ਕਿਲੋ ਹੈਰੋਇਨ ਅਤੇ 5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਤਕਰੀਬਨ 5 ਕਰੋੜ ਰੁਪਏ ਦੱਸੀ ਜਾਂਦੀ ਹੈ। ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਹੈਰੋਇਨ ਸਮੇਤ ਫੜੇ ਗਏ ਕਥਿਤ ਸਮੱਗਲਰਾਂ ਖ਼ਿਲਾਫ਼ ਥਾਣਾ ਕੈਂਟ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਜ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਲਿਆ ਜਾਵੇਗਾ। ਫੜੇ ਗਏ ਸਮੱਗਲਰਾਂ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸਨ ਅਤੇ ਇਸ ਦੀ ਡਲਿਵਰੀ ਕਿੱਥੇ ਕਰਨੀ ਸੀ।

ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਰੂਪਾ ਤੇ ਕੁੱਸਾ ਦੇ ਐਨਕਾਊਂਟਰ ਨੂੰ ਲੈ ਕੇ FIR ’ਚ ਹੋਇਆ ਅਹਿਮ ਖ਼ੁਲਾਸਾ


Manoj

Content Editor

Related News