ਦੋ ਐਕਟਿਵਾ ਟਕਰਾਈਆਂ; 1 ਵਿਅਕਤੀ ਦੀ ਮੌਤ
Saturday, Oct 21, 2017 - 04:31 AM (IST)
ਕੋਟ ਫ਼ਤੂਹੀ, (ਬਹਾਦਰ ਖਾਨ)- ਸਥਾਨਕ ਬਾਜ਼ਾਰ ਵਿਚ ਦੀਵਾਲੀ ਦੀ ਸ਼ਾਮ ਨੂੰ ਲਗਭਗ ਸਾਢੇ ਪੰਜ ਵਜੇ ਦੋ ਐਕਟਿਵਾ ਸਕੂਟਰੀਆਂ ਦੀ ਟੱਕਰ ਵਿਚ ਉਨ੍ਹਾਂ 'ਤੇ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਗੰਭੀਰ ਜ਼ਖ਼ਮੀ ਵਿਅਕਤੀ ਦੀ ਹਸਪਤਾਲ ਲਿਜਾਂਦਿਆਂ ਰਸਤੇ ਵਿਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਖੂਹੀ ਵਾਲੇ ਅੱਡੇ ਨੇੜੇ ਇਹ ਹਾਦਸਾ ਹੋਇਆ। ਮੁੱਖ ਬਾਜ਼ਾਰ ਵਿਚ ਪਿਛਲੇ ਲੰਬੇ ਸਮੇਂ ਤੋਂ ਕਰਿਆਨੇ ਦੀ ਦੁਕਾਨ ਕਰਦੇ ਫਗਵਾੜਾ ਵਾਲੇ ਮਹਿੰਦਰ ਸਿੰਘ (50) ਪੁੱਤਰ ਅਮਰੀਕ ਸਿੰਘ ਆਪਣੀ ਐਕਟਿਵਾ ਉੱਪਰ ਜਾ ਰਹੇ ਸਨ ਕਿ ਉਨ੍ਹਾਂ ਦੀ ਟੱਕਰ ਲੱਭਾ ਪੁੱਤਰ ਬੂਟਾ ਸਿੰਘ ਵਾਸੀ ਠੁਆਣਾ ਨਾਲ ਹੋ ਗਈ, ਜਿਸ 'ਤੇ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਮਹਿੰਦਰ ਸਿੰਘ ਨੂੰ ਉਸ ਦੇ ਪਰਿਵਾਰਕ ਮੈਂਬਰ ਇਲਾਜ ਲਈ ਜਲੰਧਰ ਦੇ ਕਿਸੇ ਹਸਪਤਾਲ ਵਿਖੇ ਲਿਜਾ ਰਹੇ ਸਨ ਕਿ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ।
