ਪਿੰਡ ਖੋਖੜ ''ਚ ਦੋ ਏਕੜ ਫ਼ਸਲ ਤੇ ਸਾਢੇ ਚਾਰ ਏਕੜ ਨਾੜ ਸੜ ਕੇ ਹੋਇਆ ਸਵਾਹ
Tuesday, Apr 22, 2025 - 10:52 PM (IST)

ਗੁਰਦਾਸਪੁਰ, (ਗੁਰਪ੍ਰੀਤ ਸਿੰਘ)- ਦੇਰ ਸ਼ਾਮ ਪਿੰਡ ਖੋਖੜ ਵਿਖੇ ਨਾੜ ਤੋਂ ਸ਼ੁਰੂ ਹੋਈ ਅੱਗ ਭੜਕ ਗਈ ਅਤੇ ਦੇਖਦੇ ਹੀ ਦੇਖਦੇ ਉਸਨੇ ਨੇੜੇ ਖੜੀ ਕਣਕ ਦੀ ਪੂਰੀ ਤਰ੍ਹਾਂ ਨਾਲ ਪੱਕੀ ਫਸਲ ਨੂੰ ਵੀ ਲਪੇਟ 'ਚ ਲੈ ਲਿਆ । ਹਾਲਾਂਕਿ ਅੱਗ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗਿਆ ਪਰ ਪਿੰਡ ਵਿਚ ਜਿਹਨੂੰ-ਜਿਹਨੂੰ ਪਤਾ ਲੱਗਦਾ ਗਿਆ ਉਹ ਖੇਤਾਂ ਵੱਲ ਦੌੜਦਾ ਗਿਆ । ਕਿਸੇ ਨੇ ਬਾਲਟੀਆਂ ਭਰ-ਭਰ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੋਈ ਟਰੈਕਟਰ ਪਿੱਛੇ ਹੱਲ ਤੇ ਕੋਈ ਤਵੇ ਪਾ ਕੇ ਲੈ ਆਇਆ ਤੇ ਅੱਗ ਦੇ ਵਿੱਚ ਵੜ ਕੇ ਵਾਹੁਣਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਬਾਅਦ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਵੀ ਮੌਕੇ 'ਤੇ ਪਹੁੰਚੀਆਂ ਤੇ ਅੱਗ ਨੂੰ ਜ਼ਿਆਦਾ ਫੈਲਣ ਤੋਂ ਰੋਕਣ 'ਚ ਕਾਮਯਾਬੀ ਹਾਸਲ ਹੋ ਗਈ। ਪਰ ਫਿਰ ਵੀ ਦੋ ਕਿੱਲੇ ਦੇ ਕਰੀਬ ਕਣਕ ਸੜ ਕੇ ਸਵਾਹ ਹੋ ਗਈ ਸੀ ਜਬਕਿ ਸਾਢੇ ਚਾਰ ਕਿੱਲੇ ਦੇ ਕਰੀਬ ਨਾੜ ਵੀ ਸੜ ਕੇ ਸੁਆਹ ਹੋ ਗਿਆ ਜਿਸ ਤੋਂ ਤੂੜੀ ਬਣਨੀ ਸੀ ।
ਪਿੰਡ ਦੇ ਸਰਪੰਚ ਹਰਜੰਤ ਸਿੰਘ ਦਾ ਕਹਿਣਾ ਹੈ ਕਿ ਪੀੜਤ ਕਿਸਾਨ ਸੰਤੋਖ ਸਿੰਘ ਢਾਈ ਕਿੱਲੇ ਜ਼ਮੀਨ ਦਾ ਮਾਲਕ ਹੈ, ਜਿਸ ਵਿੱਚੋਂ ਦੋ ਕਿੱਲੇ ਦੇ ਕਰੀਬ ਕਣਕ ਪੂਰੀ ਤਰ੍ਹਾਂ ਨਾਲ ਸੜ ਗਈ ਹੈ ਅਤੇ ਉਸ ਦਾ ਟਰੈਕਟਰ ਅਤੇ ਉਹ ਆਪ ਵੀ ਬਾਕੀ ਦੀ ਕਣਕ ਨੂੰ ਬਚਾਉਣ ਦੇ ਬਚਾਉਂਦੇ ਮਸਾ ਸੜਨੋਂ ਬਚਿਆ ਹੈ। ਮੌਕੇ 'ਤੇ ਪਟਵਾਰੀ ਜਾਇਜ਼ਾ ਲੈਣ ਪਹੁੰਚੇ ਸੀ। ਪੀੜਤ ਕਿਸਾਨ ਨੂੰ ਨੁਕਸਾਨ ਦਾ ਯੋਗ ਮੁਆਵਜ਼ਾ ਮਿਲਣਾ ਚਾਹੀਦਾ ਹੈ।