ਟੀ. ਵੀ. ਸੀਰੀਅਲ ''ਛੋਟੀ ਸਰਦਾਰਨੀ'' ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ''ਚ
Thursday, Jun 06, 2019 - 02:15 PM (IST)

ਚੰਡੀਗੜ੍ਹ (ਭੁੱਲਰ) : ਇਕ ਟੀ. ਵੀ. ਚੈਨਲ 'ਤੇ ਸ਼ੁਰੂ ਹੋਣ ਵਾਲਾ ਨਵਾਂ ਸੀਰੀਅਲ 'ਛੋਟੀ ਸਰਦਾਰਨੀ' ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਘੇਰੇ 'ਚ ਆ ਗਿਆ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਫੈੱਡਰੇਸ਼ਨ ਦੇ ਮੌਜੂਦਾ ਆਗੂਆਂ ਵਲੋਂ ਇਸ ਸੀਰੀਅਲ ਸਬੰਧੀ ਦਿਖਾਏ ਜਾ ਰਹੇ ਟ੍ਰੇਲਰ 'ਤੇ ਇਤਰਾਜ਼ ਜਤਾਉਂਦਿਆਂ ਇਸ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ ਹੈ।
ਪੀਰ ਮੁਹੰਮਦ ਅਤੇ ਫੈੱਡਰੇਸ਼ਨ ਦੇ ਹੋਰ ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਸੀਰੀਅਲ 'ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਫੈੱਡਰੇਸ਼ਨ ਆਗੂਆਂ ਨੇ ਕਿਹਾ ਕਿ ਸੀਰੀਅਲ ਦਾ ਅਜੇ ਟ੍ਰੇਲਰ ਚਲਾਇਆ ਜਾ ਰਿਹਾ ਹੈ, ਜਿਸ 'ਚ ਸਿੱਖ ਕੌਮ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖਸ਼ੇ ਪੰਜ ਕੱਕਾਰਾਂ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਦੇ ਅਰਥ ਬਦਲ ਕੇ ਇਨ੍ਹਾਂ ਪੰਜ ਕੱਕਾਰਾਂ ਨੂੰ ਮਨਘੜਤ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ ਅਤੇ ਇਸ ਦੇ ਗਲਤ ਅਰਥ ਕੱਢੇ ਜਾ ਰਹੇ ਹਨ। ਉਨ੍ਹਾਂ ਟੀ. ਵੀ. ਪ੍ਰਬੰਧਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਅਜਿਹੀ ਸਿੱਖ ਵਿਰੋਧੀ ਮਾਨਸਿਕਤਾ ਤੋਂ ਗੁਰੇਜ਼ ਕਰਨ। ਜੇਕਰ ਇਹ ਸੀਰੀਅਲ ਇਸੇ ਤਰ੍ਹਾਂ ਦਿਖਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਤੋਂ ਇਲਾਵਾ ਜਨਤਕ ਵਿਰੋਧ ਵੀ ਕੀਤਾ ਜਾਵੇਗਾ।