ਪੁਲਸ ਮੁਲਾਜ਼ਮ ਨੇ ਕੀਤੀ 10 ਸਾਲਾ ਬੱਚੀ ਨਾਲ ਰੇਪ ਦੀ ਕੋਸ਼ਿਸ਼
Friday, Apr 20, 2018 - 07:23 AM (IST)
ਲੁਧਿਆਣਾ (ਅਨਿਲ) - ਥਾਣਾ ਮੇਹਰਬਾਨ ਦੀ ਪੁਲਸ ਨੇ ਬੀਤੀ ਰਾਤ ਆਪਣੇ ਹੀ ਪੁਲਸ ਥਾਣੇ ਵਿਚ ਤਾਇਨਾਤ ਇਕ ਪੁਲਸ ਮੁਲਾਜ਼ਮ 'ਤੇ 10 ਸਾਲਾ ਬੱਚੀ ਨਾਲ ਰੇਪ ਕਰਨ ਦੇ ਯਤਨ ਤਹਿਤ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਹਰਕਿਸ਼ਨ ਵਿਹਾਰ ਦੀ ਰਹਿਣ ਵਾਲੀ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 16 ਅਪ੍ਰੈਲ ਦੀ ਰਾਤ ਨੂੰ ਉਸ ਨੇ ਆਪਣੀ 10 ਸਾਲਾ ਬੇਟੀ ਨੂੰ ਸੁਲਾਇਆ ਅਤੇ ਗੁਆਂਢ ਵਿਚ ਰਹਿਣ ਵਾਲੀ ਇਕ ਔਰਤ ਦੇ ਘਰ ਚਲੀ ਗਈ। ਕਰੀਬ 10 ਮਿੰਟ ਬਾਅਦ ਜਦੋਂ ਉਹ ਵਾਪਸ ਆਈ ਤਾਂ ਅਚਾਨਕ ਲਾਈਟ ਬੰਦ ਹੋ ਗਈ। ਹਨੇਰਾ ਹੋਣ 'ਤੇ ਉਸ ਨੇ ਆਪਣੀ ਬੇਟੀ ਨੂੰ ਆਵਾਜ਼ ਲਾਈ, ਜਿਸ ਨੂੰ ਸੁਣ ਕੇ ਘਰ ਦੇ ਅੰਦਰੋਂ ਪੁਲਸ ਮੁਲਾਜ਼ਮ ਅਵਤਾਰ ਸਿੰਘ ਪੁੱਤਰ ਚਰਨ ਸਿੰਘ ਨਿਵਾਸੀ ਮੋਗਾ ਹਾਲ ਨਿਵਾਸੀ ਹਰਕਿਸ਼ਨ ਵਿਹਾਰ ਨਿਕਲਿਆ, ਜਦੋਂ ਉਸ ਤੋਂ ਪੁੱਛਿਆ ਕਿ ਉਹ ਕਮਰੇ ਵਿਚ ਕੀ ਕਰ ਰਿਹਾ ਸੀ ਤਾਂ ਉਹ ਕੁਝ ਕਹੇ ਬਿਨਾਂ ਨਿਕਲ ਗਿਆ। ਔਰਤ ਨੇ ਦੱਸਿਆ ਕਿ ਜਦੋਂ ਉਹ ਅੰਦਰ ਬੇਟੀ ਦੇ ਕੋਲ ਪੁੱਜੀ ਤਾਂ ਦੇਖਿਆ ਕਿ ਉਸ ਦੇ ਨਾਲ ਛੇੜਛਾੜ ਹੋਈ ਹੈ, ਜਿਸ ਸਬੰਧੀ ਉਸ ਨੇ ਪੁਲਸ ਨੂੰ ਸੂਚਿਤ ਕੀਤਾ।
ਥਾਣਾ ਮੁਖੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ 'ਤੇ ਪੁਲਸ ਮੁਲਾਜ਼ਮ ਅਵਤਾਰ ਸਿੰਘ ਦੇ ਖਿਲਾਫ ਰੇਪ ਦੇ ਯਤਨ ਦਾ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮ ਐਕਸ ਸਰਵਿਸਮੈਨ ਹੈ, ਜੋ ਪੁਲਸ ਵਿਚ ਭਰਤੀ ਹੋਇਆ ਹੈ ਅਤੇ ਮੇਹਰਬਾਨ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਹਾਲ ਦੀ ਘੜੀ ਪੁਲਸ ਨੇ ਪੀੜਤਾ ਦਾ ਮੈਡੀਕਲ ਕਰਵਾ ਕੇ ਬਿਆਨ ਦਰਜ ਕਰ ਲਏ ਹਨ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।