ਅਗਵਾ ਹੋਏ ਬੱਚਿਆਂ ਦਾ ਭਰਿਆ ਟਰੱਕ ਪਲਟਣ ਬਾਰੇ ਵਾਇਰਲ ਵੀਡੀਓ ਦੀ ਅਸਲ ਸੱਚਾਈ

07/29/2019 8:36:30 PM

ਜਲੰਧਰ, (ਵੈਬ ਡੈਸਕ)- ਪੰਜਾਬ ਦੇ ਪਟਿਆਲਾ ਇਲਾਕੇ ਵਿਚ ਵਾਪਰੀ ਬੱਚਿਆਂ ਦੇ ਅਗਵਾ ਹੋਣ ਦੀ ਖਬਰ ਮਗਰੋਂ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਤੇ ਆਡੀਓ ਬੜੀ ਤੇਜੀ ਨਾਲ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਗਵਾ ਹੋਏ ਬੱਚਿਆਂ ਦਾ ਇਕ ਟਰੱਕ ਪਿੰਡ ਹਰਿਆਓ ਡਸਕੇ ਨੇੜੇ ਚੀਮਾ ਮੰਡੀ ਸੈਲਰਾਂ ਕੋਲ ਪਲਟ ਗਿਆ ਹੈ। ਇਸ ਦੇ ਨਾਲ ਹੀ ਆਡੀਓ ਰਾਹੀਂ ਗੁਰੂਦੁਆਰਾ ਸਾਹਿਬ ਤੋਂ ਅਨਾਉਸਮੈਂਟ ਹੋਣ ਦਾ ਜਿਕਰ ਕਰਦਿਆਂ ਇਕ ਗੁਰਦੁਆਰਾ ਸਾਹਿਬ ਦਾ ਨੰਬਰ ਵੀ ਸਾਂਝਾ ਕੀਤਾ ਗਿਆ ਹੈ, ਨਾਲ ਇਹ ਅਪੀਲ ਵੀ ਕੀਤੀ ਗਈ ਹੈ ਕਿ ਬੱਚੇ ਜਿਸ ਦੇ ਵੀ ਹਨ ਆਪਣੇ ਪਛਾਣ ਕੇ ਲੈ ਜਾਓ।PunjabKesariਇਸ ਵੀਡੀਓ ਦੀ ਜਦ ਅਸਲ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਪਿੰਡ ਹਰਿਆਓ ਡਸਕੇ ਨੇੜੇ ਚੀਮਾ ਮੰਡੀ ਸੈਲਰਾਂ ਕੋਲ ਅਜਿਹਾ ਕੁਝ ਵੀ ਵਾਪਰਿਆ ਹੀ ਨਹੀਂ। ਆਡੀਓ ਵਿਚਲੇ ਨੰਬਰ ਉਤੇ ਜਦ ਗੱਲ ਕਰਨ ਦੀ ਕੋਸ਼ੀਸ਼ ਕੀਤੀ ਗਈ ਤਾਂ ਨੰਬਰ ਤਾਂ ਗੁਰਦੁਆਰਾ ਸਾਹਿਬ ਨਾਲ ਹੀ ਸੰਬੰਧਤ ਸੀ ਪਰ ਫੋਨ ਉਤੇ ਗੱਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਗਲਤ ਨੰਬਰ ਵਰਤਿਆ ਗਿਆ ਹੈ ਅਤੇ ਇਥੇ ਜਾਂ ਆਸ-ਪਾਸ ਅਜਿਹੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਇਸ ਲਈ ਅਜਿਹੀਆਂ ਪੋਸਟਾਂ ਫਾਰਵਰਡ ਕਰਨ ਤੋਂ ਪਹਿਲਾਂ ਸਚਾਈ ਜਾਣ ਲੈਣੀ ਚਾਹੀਦੀ ਹੈ। ਅਜਿਹੀਆਂ ਖਬਰਾਂ ਨਾਲ ਸਮਾਜ ਵਿਚ ਹਫਡ਼ਾ-ਦਫਡ਼ੀ ਫੈਲਦੀ ਹੈ, ਜੋ ਸਮਾਜ ਲਈ ਘਾਤਕ ਸਿੱਧ ਹੋ ਸਕਦੀ ਹੈ।

ਅਫ਼ਵਾਹ ਫੈਲਾਉਣ ਵਾਲਿਆਂ ਖ਼ਿਲਾਫ ਪੁਲਸ ਸੁਚੇਤ

ਬੱਚਿਆਂ ਨੂੰ ਚੁੱਕੇ ਜਾਣ ਦੀ ਵੀਡਿਓਜ਼ ਜੋ ਦਿਨ ਬ ਦਿਨ ਸ਼ੋਸ਼ਲ ਮੀਡੀਆ ਜ਼ਰੀਏ ਅੱਗੇ ਤੋਂ ਅੱਗੇ ਤੇਜ਼ੀ ਨਾਲ ਫੈਲ ਰਹੀਆਂ ਹਨ, ਨੂੰ ਰੋਕਣ ਲਈ ਪੁਲਸ ਨੇ ਹੁਣ ਅਜਿਹੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਬਠਿੰਡਾ ਜ਼ਿਲ੍ਹੇ ਵਿਚ ਇਸ ਅਫ਼ਵਾਹ ਦਾ ਅਸਰ ਸਭ ਤੋਂ ਜ਼ਿਆਦਾ ਵੇਖਿਆ ਜਾ ਰਿਹਾ ਹੈ, ਜਿਸਦੇ ਚਲਦਿਆਂ ਜਿੱਥੇ ਜ਼ਿਲ੍ਹੇ ਦੀ ਪੁਲਸ ਸੀਸੀਟੀਵੀ ਕੈਮਰਿਆਂ ਜ਼ਰੀਏ ਨਜ਼ਰ ਰੱਖਣ ਲੱਗੀ ਹੈ, ਉਥੇ ਹੀ ਲੋਕਾਂ ਨੂੰ ਅਜਿਹੀਆਂ ਅਫ਼ਵਾਹਾਂ ਤੋਂ ਬਚਣ ਦੀ ਗੱਲ ਵੀ ਆਖ਼ੀ ਜਾ ਰਹੀ ਹੈ। ਪਿਛਲੇ ਦਿਨੀਂ ਬਠਿੰਡਾ ਜ਼ਿਲੇ ਦੇ ਐੱਸ. ਐੱਸ. ਪੀ. ਡਾ: ਨਾਨਕ ਸਿੰਘ ਨੇ ਇਹ ਆਦੇਸ਼ ਜਾਰੀ ਕੀਤਾ ਸੀ ਕਿ ਜੋ ਵੀ ਸਖ਼ਸ਼ ਅਜਿਹੀ ਵੀਡਿਓ ਬਣਾਏਗਾ ਜਾਂ ਫ਼ਿਰ ਅੱਗੇ ਭੇਜੇਗਾ ਉਸ ਖ਼ਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਸ਼ੋਸਲ ਮੀਡੀਆ ਉਤੇ ਕਈ ਤਰ੍ਹਾਂ ਦੀਆਂ ਅਫਵਾਹਾ ਬਾਜਾਰ ਗਰਮ

ਸੂਬੇ ’ਚ ਬੱਚਿਆਂ ਨੂੰ ਚੁੱਕੇ ਜਾਣ ਦੀ ਅਫ਼ਵਾਹ ਦਾ ਬਜ਼ਾਰ ਗਰਮ ਹੁੰਦਾ ਜਾ ਰਿਹਾ ਹੈ। ਆਏ ਦਿਨ ਸ਼ੋਸ਼ਲ ਮੀਡੀਆ ’ਤੇ ਕਿਤੇ ਨਾ ਕਿਤੇ ਬੱਚੇ ਚੁੱਕੇ ਜਾਣ ਦੀ ਵੀਡਿਓਜ਼ ਤੇਜ਼ੀ ਨਾਲ ਫੈਲ ਰਹੀ ਹੈ, ਜਿਸਨੂੰ ਪੁਲਸ ਨੇ ਤਾਂ ਭਾਵੇਂ ਹੀ ਝੂਠਾ ਕਰਾਰ ਦਿੱਤਾ ਹੈ, ਪਰ ਫ਼ਿਰ ਵੀ ਆਮ ਲੋਕਾਂ ਵਿਚ ਇਸ ਅਫ਼ਵਾਹ ਨੂੰ ਲੈ ਕੇ ਭਾਰੀ ਡਰ ਹੈ ਕਿ ਉਨ੍ਹਾਂ ਦੇ ਖੇਤਰ ’ਚ ਕੋਈ ਬੱਚੇ ਚੁੱਕਣ ਵਾਲਾ ਅਣਪਛਾਤਾ ਗਿਰੋਹ ਘੁੰਮ ਰਿਹਾ ਹੈ, ਜੋ ਉਨ੍ਹਾਂ ਦੇ ਬੱਚਿਆਂ ਨੂੰ ਚੁੱਕ ਲੈਂਦਾ ਹੈ। ਦੂਜੇ ਪਾਸੇ ਪੁਲਸ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਅਜਿਹਾ ਕੋਈ ਵੀ ਗਿਰੋਹ ਨਹੀਂ ਹੈ ਤੇ ਇਹ ਸਭ ਸ਼ਰਾਰਤੀ ਤੱਤਾਂ ਦੀ ਕਰਤੂਤ ਹੈ, ਪਰ ਫ਼ਿਰ ਵੀ ਆਮ ਲੋਕਾਂ ’ਚ ਪੂਰੀ ਦਹਿਸ਼ਤ ਫੈਲੀ ਹੋਈ ਹੈ।

ਪਟਿਆਲਾ ਦੀ ਘਟਨਾ ਤੋਂ ਬਾਅਦ ਪੂਰੇ ਸੂਬੇ ਚ ਫੈਲੀ ਅਫ਼ਵਾਹ

PunjabKesari

ਪਿਛਲੇ ਦਿਨੀਂ ਪੰਜਾਬ ਦੇ ਪਟਿਆਲਾ ਜ਼ਿਲੇ ਦੇ ਪਿੰਡ ਗੰਡਾਖੇਡ਼ੀ ਵਿਚ ਅਜਿਹੀ ਪਹਿਲੀ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਕੋਈ ਅਣਪਛਾਤਾ ਗਿਰੋਹ ਇੱਕ ਪਰਿਵਾਰ ਦੇ ਦੋ ਬੱਚਿਆਂ ਨੂੰ ਚੁੱਕ ਕੇ ਲੈ ਗਿਆ ਹੈ। ਇਸਦੇ ਬਾਅਦ ਸ਼ੋਸ਼ਲ ਮੀਡੀਆ ’ਤੇ ਇਸ ਸਬੰਧੀ ਫੈਲੀ ਅਫ਼ਵਾਹ ਬਹੁਤ ਜਲਦੀ ਪੂਰੇ ਸੂਬੇ ਭਰ ਅੰਦਰ ਫੈਲ ਗਈ। ਅੱਜ ਸ਼ੋਸ਼ਲ ਮੀਡੀਆ ’ਤੇ ਕਿਤੇ ਨਾ ਕਿਤੇ ਬੱਚੇ ਚੁੱਕੇ ਜਾਣ ਦੀਆਂ ਵੀਡਿਓਜ਼ ਤੇਜ਼ੀ ਨਾਲ ਫੈਲ ਰਹੀਆਂ ਹਨ, ਜਿੰਨ੍ਹਾਂ ਦੀ ਬਿਨ੍ਹਾਂ ਜਾਂਚ ਪਡ਼ਤਾਲ ਕੀਤੇ ਲੋਕ ਇੰਨ੍ਹਾਂ ਨੂੰ ਅੱਗੇ ਫਾਰਵਰਡ ਕਰਨ ਵਿਚ ਲੱਗੇ ਹੋਏ ਹਨ। ਸੂਬੇ ਪੇਂਡੂ ਇਲਾਕਿਆਂ ’ਚ ਇਸ ਅਫ਼ਵਾਹ ਦਾ ਡਰ ਇਸ ਕਦਰ ਵਧ ਗਿਆ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਇਕੱਲੇ ਛੱਡਣ ਤੋਂ ਕਤਰਾਉਣ ਲੱਗੇ ਹਨ। ਹਾਲਾਂਕਿ ਪੁਲਸ ਦਾ ਇਹ ਦਾਅਵਾ ਹੈ ਕਿ ਇਹ ਸਿਰਫ਼ ਸ਼ਰਾਰਤੀ ਤੱਤਾਂ ਦੀ ਕਰਤੂਤ ਹੈ, ਪਰ ਫਿਰ ਵੀ ਲੋਕਾਂ ਅੰਦਰ ਇਸ ਘਟਨਾ ਨੂੰ ਲੈ ਕੇ ਡਰ ਬਣਿਆ ਹੋਇਆ ਹੈ।

ਪੇਂਡੂ ਖੇਤਰਾਂ ਚ ਲੋਕ ਹੋਕਿਆਂ ਜ਼ਰੀਏ ਕਰਨ ਲੱਗੇ ਸਾਵਧਾਨ

ਪੰਜਾਬ ਵਿਚ ਪਿਛਲੇ ਦਿਨਾਂ ਤੋਂ ਬੱਚਿਆਂ ਨੂੰ ਚੁੱਕਣ ਦੀ ਫੈਲੀ ਅਫ਼ਵਾਹ ਦਾ ਅਸਰ ਸਭ ਤੋਂ ਜ਼ਿਆਦਾ ਪੇਂਡੂ ਖੇਤਰਾਂ ਵਿਚ ਵੇਖਿਆ ਜਾ ਰਿਹਾ ਹੈ। ਪਿੰਡਾਂ ਵਿਚ ਇਸ ਅਫ਼ਵਾਹ ਦਾ ਪ੍ਰਭਾਵ ਇਸ ਕਦਰ ਹੈ ਕਿ ਹੁਣ ਪਿੰਡਾਂ ਦੇ ਗੁਰਦੁਆਰਿਆਂ ਵਿਚ ਹੋਕਿਆਂ ਜ਼ਰੀਏ ਲੋਕਾਂ ਨੂੰ ਸਾਵਧਾਨ ਰਹਿਣ ਤੇ ਬੱਚਿਆਂ ’ਤੇ ਪੈਣੀ ਨਜ਼ਰ ਰੱਖੇ ਜਾਣ ਲਈ ਕਿਹਾ ਜਾ ਰਿਹਾ ਹੈ। ਸ਼੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਬਰਨਾਲਾ ਤੇ ਪਟਿਆਲਾ ਦੀ ਤਰ੍ਹਾਂ ਹੋਰਨਾਂ ਜ਼ਿਲ੍ਹਿਆਂ ਅੰਦਰ ਇਹ ਅਫ਼ਵਾਹ ਤੇਜ਼ੀ ਨਾਲ ਫੈਲ ਰਹੀ ਹੈ, ਜਿਸਦੇ ਚਲਦਿਆਂ ਲੋਕ ਸ਼ੋਸ਼ਲ ਮੀਡੀਆ ਤੇ ਹੋਕਿਆਂ ਦੇ ਜ਼ਰੀਏ ਇਕ ਦੂਜੇ ਨੂੰ ਚੌਕੰਨੇ ਕਰ ਰਹੇ ਹਨ ਕਿ ਕਿਤੇ ਉਨ੍ਹਾਂ ਦੇ ਬੱਚੇ ਇਸ ਵਾਰਦਾਤ ਦਾ ਸ਼ਿਕਾਰ ਨਾ ਹੋ ਜਾਣ।

ਇਸ ਤੋਂ ਪਹਿਲਾਂ ਵੀ ਫੈਲ ਚੁੱਕੀਆਂ ਹਨ ਕਈ ਅਫ਼ਵਾਹਾਂ

PunjabKesari

ਪੰਜਾਬ ਵਿਚ ਬੱਚੇ ਚੁੱਕਣ ਦੀ ਇਹ ਪਹਿਲੀ ਅਫ਼ਵਾਹ ਨਹੀਂ, ਸਗੋਂ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਅਫ਼ਵਾਹਾਂ ਫੈਲ ਚੁੱਕੀਆਂ ਹਨ। ਅਜਿਹੀ ਫੈਲਣ ਵਾਲੀ ਅਫ਼ਵਾਹ ਦਾ ਪ੍ਰਭਾਵ ਇਸ ਕਦਰ ਲੋਕਾਂ ਦੇ ਦਿਲੋ ਦਿਮਾਗ ’ਤੇ ਹੁੰਦਾ ਹੈ ਕਿ ਉਹ ਕੁੱਝ ਸੋਚੇ ਸਮਝ ਅਜਿਹੀਆਂ ਅਫ਼ਵਾਹਾਂ ਨੂੰ ਹੋਰ ਵਧਾਵਾ ਦੇਣ ਲੱਗਦੇ ਹਨ। ਸੰਨ 1997 ਦੇ ਆਸ ਪਾਸ ਪਿੰਡਾਂ ਅੰਦਰ ਕਾਲੇ ਕੱਛੇ ਵਾਲਿਆਂ ਦੀ ਅਫ਼ਵਾਹ ਫੈਲੀ ਸੀ, ਜਿੰਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਰਾਤ ਦੇ ਸਮੇਂ ਕੁੱਝ ਕਾਲੇ ਕੱਛੇ ਪਹਿਨੇ ਹੋਏ ਅਣਪਛਾਤੇ ਵਿਅਕਤੀ ਘਰਾਂ ਅੰਦਰੋਂ ਚੋਰੀਆਂ ਕਰਦੇ ਹਨ। ਐਨਾ ਹੀ ਉਨ੍ਹਾਂ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਜੇਕਰ ਕੋਈ ਉਨ੍ਹਾਂ ਦੇ ਰਸਤੇ ਦੀ ਰੁਕਾਵਟ ਬਣਦਾ ਹੈ ਤਾਂ ਉਹ ਉਸਨੂੰ ਜਾਨੋਂ ਮਾਰ ਦਿੰਦੇ ਹਨ। ਇਸ ਤੋਂ ਬਾਅਦ ਪੇਂਡੂ ਖੇਤਰਾਂ ’ਚ ਘਰਾਂ ’ਤੇ ਇੱਟਾਂ, ਰੋਡ਼੍ਹੇ ਵੱਜਣ ਦੀ ਅਫ਼ਵਾਹ ਆਈ ਸੀ, ਜਿਸ ਵਿਚ ਇੱਕ ਮੁਹੱਲੇ ਵਿਚ ਅਚਾਨਕ ਹੀ ਕਿਧਰੋਂ ਕੋਈ ਇੱਟਾਂ ਜਾਂ ਰੋਡ਼੍ਹੇ ਬਰਸਣ ਲੱਗਦੇ ਸਨ। ਇਸ ਸਬੰਧੀ ਤਰਕਸ਼ੀਲ ਮਾਹਿਰਾਂ ਨੇ ਇਸਨੂੰ ਬੇਬੁਨਿਆਦ ਦੱਸਿਆ ਸੀ। ਇਸੇ ਤਰ੍ਹਾਂ ਪਿਛਲੇ ਸਮੇਂ ਦੌਰਾਨ ਔਰਤਾਂ ਦੀਆਂ ਗੁੱਤਾਂ ਕੱਟੇ ਜਾਣ ਦੀ ਅਫ਼ਵਾਹ ਵੀ ਕਾਫੀ ਫੈਲੀ ਸੀ, ਜਿਸ ਵਿਚ ਪੈਦਲ ਜਾ ਰਹੀ ਜਾਂ ਫ਼ਿਰ ਘਰ ਅੰਦਰ ਕੰਮ ਕਰ ਰਹੀ ਔਰਤ ਦੀ ਅਚਾਨਕ ਗੁੱਤ ਕੱਟੀ ਜਾਂਦੀ ਸੀ। ਉਸ ਸਮੇਂ ਇਹ ਅਫ਼ਵਾਹ ਐਨੀ ਫੈਲੀ ਕਿ ਔਰਤਾਂ ਨੇ ਆਪਣੀਆਂ ਗੁੱਤਾਂ ਬੰਨ੍ਹ ਕੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਹੁਣ ਇਸੇ ਤਰ੍ਹਾਂ ਬੱਚੇ ਚੁੱਕਣ ਵਾਲੇ ਗਿਰੋਹ ਦੀ ਅਫ਼ਵਾਹ ਦਾ ਬਜ਼ਾਰ ਗਰਮ ਹੈ, ਜਿਸ ਕਰਕੇ ਇੱਕ ਵਾਰ ਫ਼ਿਰ ਤੋਂ ਲੋਕਾਂ ਅੰਦਰ ਡਰ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹਾ ਸਿਰਫ਼ ਸ਼ਰਾਰਤੀ ਤੱਤਾਂ ਦਾ ਕਰਿਆ ਧਰਿਆ ਹੈ, ਜਦੋਂਕਿ ਇਸਦਾ ਕੋਈ ਹੋਰ ਦੂਜਾ ਪਹਿਲੂ ਨਹੀਂ ਹੈ।

ਅਫ਼ਵਾਹਾਂ ਦੀ ਆੜ ਚ ਲੋਕ ਕੱਢਣ ਲੱਗੇ ਆਪਸੀ ਰੰਜਿਸ਼ਾਂ

ਇੱਕ ਪਾਸੇ ਪੰਜਾਬ ਵਿਚ ਫ਼ੈਲੀ ਅਫ਼ਵਾਹ ਤਾਂ ਦੂਜੇ ਪਾਸੇ ਅਫ਼ਵਾਹ ਦੀ ਆਡ਼ ਵਿਚ ਹੁਣ ਲੋਕ ਆਪਣੀਆਂ ਘਰੇਲੂ ਰੰਜਿਸ਼ਾਂ ਕੱਢਣ ਲੱਗੇ ਹਨ। ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ’ਤੇ ਇੱਕ ਬੱਚੇ ਦੇ ਗਾਇਬ ਹੋਣ ਦੀ ਵੀਡਿਓ ਵਾਇਰਲ ਹੋਈ ਸੀ, ਜਿਸ ਦੇ ਕੁੱਝ ਘੰਟਿਆਂ ਬਾਅਦ ਹੀ ਇਸਦੀ ਸੱਚਾਈ ਪੇਸ਼ ਕੀਤੀ ਗਈ, ਜਿਸ ਵਿਚ ਗਾਇਬ ਹੋਣ ਵਾਲਾ ਬੱਚਾ ਕਹਿ ਰਿਹਾ ਹੈ ਕਿ ਉਸਨੂੰ ਜਬਰਦਸਤੀ ਇਹ ਬੋਲਣ ਲਈ ਕਿਹਾ ਗਿਆ ਸੀ ਕਿ ਉਸਨੂੰ ਕੋਈ ਚੁੱਕ ਕੇ ਲੈ ਗਿਆ ਹੈ। ਬੱਚੇ ਚੁੱਕਣ ਦੀ ਅਫ਼ਵਾਹ ਤੋਂ ਬਾਅਦ ਲੋਕ ਹੁਣ ਇਸ ਦੀ ਆਡ਼ ’ਚ ਆਪਣੀਆਂ ਦੁਸ਼ਮਣੀਆਂ ਕੱਢਣ ਲੱਗੇ ਹਨ, ਕਿਉਂਕਿ ਅਜਿਹੇ ਵਿਚ ਗਾਇਬ ਹੋਏ ਬੱਚਿਆਂ ਦੇ ਮਾਪਿਆਂ ਦਾ ਧਿਆਨ ਸਿੱਧਾ ਅਣਪਛਾਤੇ ਗਿਰੋਹ ਵੱਲ ਜਾਂਦਾ ਹੈ, ਜਦੋਂਕਿ ਪੱਕਾ ਦੋਸ਼ੀ ਇੱਕ ਨਵੇਂ ਅਪਰਾਧ ਨੂੰ ਜਨਮ ਦੇ ਜਾਂਦਾ ਹੈ।

 


Arun chopra

Content Editor

Related News