ਟਰੱਕਾਂ ਦੀ ਹਡ਼ਤਾਲ ਤੋਂ ਦੁਖੀ ਮਜ਼ਦੂਰਾਂ ਕੀਤੀ ਸਰਕਾਰ ਖਿਲਾਫ਼ ਨਾਅਰੇਬਾਜ਼ੀ
Tuesday, Jul 24, 2018 - 03:34 AM (IST)

ਬਟਾਲਾ, (ਸੈਂਡੀ)– ਅੱਜ ਡਿਸਟ੍ਰਿਕਟ ਠੇਲਾ ਮਜ਼ਦੂਰ ਯੂਨੀਅਨ ਦੇ ਵਰਕਰਾਂ ਦੀ ਇਕ ਰੋਸ ਰੈਲੀ ਅੰਮ੍ਰਿਤਸਰ ਰੋਡ ’ਤੇ ਯੂਨੀਅਨ ਦੇ ਪ੍ਰਧਾਨ ਨਿਰਮਲ ਦਾਸ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਰੀ ਗਿਣਤੀ ਵਿਚ ਮਜ਼ਦੂਰ ਵਰਕਰ ਇਕੱਠੇ ਹੋਏ ਅਤੇ ਹਡ਼ਤਾਲ ਨੂੰ ਲੈ ਕੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਧਾਨ ਨਿਰਮਲ ਦਾਸ ਨੇ ਦੱਸਿਆ ਕਿ ਸ਼ੁੱਕਰਵਾਰ ਤੋਂ ਟਰੱਕਾਂ ਦੀ ਹਡ਼ਤਾਲ ਸ਼ੁਰੂ ਹੋਈ ਹੈ ਜੋ ਅੱਜ ਚੌਥੇ ਦਿਨ ’ਚ ਦਾਖਲ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹਡ਼ਤਾਲ ਕਾਰਨ ਮਜ਼ਦੂਰਾਂ ਦਾ ਕੰਮ ਬਿਲਕੁਲ ਬੰਦ ਹੋ ਗਿਆ ਹੈ ਅਤੇ ਮਜ਼ਦੂਰ ਸਾਰਾ ਦਿਨ ਵਿਹਲੇ ਬੈਠ ਕੇ ਸ਼ਾਮ ਨੂੰ ਖਾਲੀ ਹੱਥ ਵਾਪਸ ਘਰ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਡ਼ਤਾਲ ਕਾਰਨ ਸਾਰੀਆਂ ਚੀਜ਼ਾਂ ਦੇ ਮੁੱਲ ਅਾਸਮਾਨ ਛੂਹ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਟਰੱਕਾਂ ਵਾਲਿਆਂ ਦੀਆਂ ਮੰਗਾਂ ਦਾ ਹੱਲ ਕਰੇ ਤਾਂ ਜੋ ਮਜ਼ਦੂਰ ਵੀ ਕੰਮ-ਕਾਰ ਕਰ ਕੇ ਆਪਣੀ ਰੋਜ਼ੀ-ਰੋਟੀ ਚਲਾ ਸਕਣ।
ਇਸ ਮੌਕੇ ਬੂਟਾ ਰਾਮ, ਹਰਬੰਸ ਲਾਲ ਸਰਪੰਚ, ਦੁਰਗਾ ਦਾਸ, ਮਦਨ ਲਾਲ, ਤਾਰਾ ਚੰਦ, ਮਨਜਿੰਦਰ ਸਿੰਘ, ਸੁਰਿੰਦਰ ਸਿੰਘ ਸੈਕਟਰੀ, ਅਮਰਜੀਤ ਸਿੰਘ, ਮਧੂਸੁਦਨ, ਰਵੀ ਕੁਮਾਰ, ਸੁਲੱਖਣ ਚੰਦ ਸੈਕਟਰੀ, ਹੰਸ ਰਾਜ ਵਾਈਸ ਪ੍ਰਧਾਨ ਆਦਿ ਮੌਜੂਦ ਸਨ।