ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਮਾਰੀ ਟੱਕਰ, ਪਿਓ ਦੀ ਮੌਤ, ਪੁੱਤਰ ਜ਼ਖਮੀ

Friday, May 07, 2021 - 01:45 PM (IST)

ਲੁਧਿਆਣਾ (ਤਰੁਣ) : ਚਾਂਦ ਸਿਨੇਮਾ ਪੁਲੀ ਕੋਲ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਪਿਓ ਦੀ ਮੌਤ ਹੋ ਗਈ ਅਤੇ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦਕਿ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤੀ ਹੈ। ਪੁਲਸ ਨੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ ਉਰਫ ਰਾਜੂ ਨਿਵਾਸੀ ਪੀਰੂਬੰਦਾ ਗਲੀ ਨੰ. 13 ਸਲੇਮ ਟਾਬਰੀ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਮੁਤਾਬਕ ਰਾਜ ਕੁਮਾਰ ਨਗਰ ਨਿਗਮ ਦਾ ਸਫਾਈ ਮੁਲਾਜ਼ਮ ਹੈ। ਸ਼ਾਮ ਕਰੀਬ ਸਾਢੇ 4 ਵਜੇ ਰਾਜ ਕੁਮਾਰ ਆਪਣੇ ਬੇਟੇ ਸੰਨੀ ਨਾਲ ਡਿਊਟੀ ’ਤੇ ਜਾ ਰਿਹਾ ਸੀ। ਮੋਟਰਸਾਈਕਲ ਰਾਜ ਕੁਮਾਰ ਚਲਾ ਰਿਹਾ ਸੀ। ਚਾਂਦ ਸਿਨੇਮਾ ਕੋਲ ਜਲੰਧਰ ਵੱਲ ਆ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਰਾਜ ਕੁਮਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।

ਟਰੱਕ ਦੀ ਟੱਕਰ ਨਾਲ ਰਾਜ ਕੁਮਾਰ ਉੱਛਲ ਕੇ ਥੱਲੇ ਜਾ ਡਿੱਗਾ ਅਤੇ ਟਰੱਕ ਰਾਜ ਕੁਮਾਰ ਦੇ ਸਿਰ ਉੱਤੋਂ ਗੁਜ਼ਰ ਗਿਆ। ਰਾਜ ਕੁਮਾਰ ਟਰੱਕ ਦੇ ਥੱਲੇ ਬੁਰੀ ਤਰ੍ਹਾਂ ਕੁਚਲਿਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਹਾਦਸੇ ਵਿਚ ਸੰਨੀ ਦੇ ਕਾਫੀ ਸੱਟਾਂ ਲੱਗੀਆਂ ਹਨ। ਹਾਦਸੇ ਦੌਰਾਨ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ, ਜਿਸ ਤੋਂ ਬਾਅਦ ਰਾਜ ਕੁਮਾਰ ਨੂੰ ਡੀ. ਐੱਮ. ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਰਾਜ ਕੁਮਾਰ ਨੂੰ ਮਰਿਆ ਹੋਇਆ ਐਲਾਨ ਦਿੱਤਾ, ਜਦੋਂਕਿ ਸੰਨੀ ਨੂੰ ਈ. ਐੱਸ. ਆਈ. ਹਸਪਤਾਲ ਵਿਚ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ।

ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਟਰੱਕ ਦੀ ਨੰਬਰ ਪਲੇਟ ’ਤੇ ਰਾਜਸਥਾਨ ਦਾ ਨੰਬਰ ਅੰਕਿਤ ਹੈ। ਰਾਜ ਕੁਮਾਰ ਦੀ ਲਾਸ਼ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਮੋਰਚਰੀ ਵਿਚ ਰੱਖਵਾ ਦਿੱਤੀ ਹੈ। ਹਾਲ ਦੀ ਘੜੀ ਪੁਲਸ ਨੇ ਸੰਨੀ ਦੇ ਬਿਆਨ ’ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਹਿੱਟ ਐਂਡ ਰੰਨ ਦਾ ਕੇਸ ਦਰਜ ਕਰ ਲਿਆ ਹੈ।


Gurminder Singh

Content Editor

Related News