ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਨੌਜਵਾਨ ਨੇ ਜੀਵਨ ਲੀਲਾ ਕੀਤੀ ਖ਼ਤਮ
Tuesday, Jun 20, 2023 - 10:57 PM (IST)
ਭਵਾਨੀਗੜ੍ਹ (ਕਾਂਸਲ) : ਆਰਥਿਕ ਤੰਗੀ ਅਤੇ ਕਰਜ਼ੇ ਦੇ ਬੋਝ ਤੋਂ ਪਰੇਸ਼ਾਨ ਨੇੜਲੇ ਪਿੰਡ ਝਨ੍ਹੇੜੀ ਦੇ ਇਕ ਨੌਜਵਾਨ ਵੱਲੋਂ ਕਾਨਪੁਰ ਯੂ.ਪੀ. ਵਿਖੇ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਮੁੱਖ ਸਿੰਘ ਉਮਰ ਕਰੀਬ 31 ਸਾਲ ਦੇ ਪਿਤਾ ਗੁਰਨਾਮ ਸਿੰਘ ਵਾਸੀ ਪਿੰਡ ਝਨ੍ਹੇੜੀ ਨੇ ਦੱਸਿਆ ਕਿ ਉਸ ਦਾ ਮੁੰਡਾ ਜੋ ਕਿ ਟਿਊਬਲ ਬੋਰ ਲਗਾਉਣ ਦਾ ਕੰਮ ਕਰਦਾ ਸੀ ਅਤੇ ਉਸ ਦੇ ਮੁੰਡੇ ਦੇ ਸਿਰ ’ਤੇ ਕਰੀਬ 5 ਲੱਖ ਰੁਪਏ ਦਾ ਪ੍ਰਾਈਵੇਟ ਕਰਜ਼ਾ ਚੜ੍ਹਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਉਸ ਦਾ ਮੁੰਡਾ ਪਿਛਲੇ ਕਈ ਸਾਲਾਂ ਤੋਂ ਆਪਣੀ ਕਰਮ ਭੂਮੀ ਨੂੰ ਛੱਡ ਕੇ ਆਪਣੇ ਪਰਿਵਾਰ ਤੋਂ ਦੂਰ ਯੂ.ਪੀ ਦੇ ਕਾਨਪੁਰ ਵਿਖੇ ਟਿਊਬਲ ਬੋਰ ਲਗਾਉਣ ਦਾ ਕੰਮ ਕਰ ਰਿਹਾ ਸੀ ਪਰ ਆਰਥਿਕ ਹਾਲਤ ’ਚ ਕੋਈ ਵੀ ਸੁਧਾਰ ਨਾ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਮੁੰਡਾ ਕੁਝ ਸਮਾਂ ਪਹਿਲਾਂ ਪਿੰਡ ਝਨੇੜ੍ਹੀ ਵਿਖੇ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਇਆ ਸੀ ਅਤੇ ਪਿਛਲੇ 10 ਕੁ ਦਿਨ ਪਹਿਲਾਂ ਹੀ ਪਿੰਡ ਤੋਂ ਵਾਪਸ ਆਪਣੇ ਕੰਮ ਲਈ ਫਿਰ ਯੂ.ਪੀ. ਵਿਖੇ ਵਾਪਸ ਚਲਾ ਗਿਆ ਸੀ। ਉਨ੍ਹਾਂ ਦੱਸਿਆਂ ਕਿ ਬੀਤੀ 17-18 ਜੂਨ ਦੀ ਰਾਤ ਨੂੰ ਉਸ ਦੇ ਮੁੰਡੇ ਨੇ ਕਾਨਪੁਰ ਯੂ.ਪੀ. ਦੇ ਇੱਕ ਪਿੰਡ ’ਚ ਜਿਥੇ ਖ਼ੇਤ ’ਚ ਟਿਊਬਲ ਦਾ ਬੋਰ ਲਗਾ ਰਿਹਾ ਸੀ, ਉਥੇ ਆਤਮ ਹੱਤਿਆ ਕਰ ਲਈ।
ਇਹ ਵੀ ਪੜ੍ਹੋ : ਬਿਜਲੀ ਦਾ ਬਿੱਲ ਅਪਡੇਟ ਨਾ ਹੋਣ ਦਾ ਝਾਂਸਾ ਦੇ ਕੇ ਕ੍ਰੈਡਿਟ ਕਾਰਡ ਦੀ ਮੰਗੀ ਡਿਟੇਲ, ਫਿਰ ਖਾਤੇ ’ਚੋਂ ਕੱਢੇ 51000 ਰੁਪਏ
ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ, ਮਾਪਿਆਂ ਤੋਂ ਇਲਾਵਾ ਇੱਕ 1 ਸਾਲ ਦਾ ਛੋਟਾ ਮੁੰਡਾ ਛੱਡ ਗਿਆ ਹੈ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਬਲਾਕ ਭਵਾਨੀਗੜ੍ਹ ਦੇ ਵਿੱਤ ਸਕੱਤਰ ਰਾਜਵਿੰਦਰ ਸਿੰਘ ਝਨੇੜ੍ਹੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਸਿਰ ਚੜ੍ਹੇ ਪ੍ਰਾਈਵੇਟ ਕਰਜ਼ੇ ਨੂੰ ਵੀ ਮੁਆਫ਼ ਕੀਤਾ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੀ ਗਰਮੀ ਨੇ ਹੁਣ ‘ਸਿਆਸਤ’ ਵੀ ਗਰਮਾਈ!, ਅੱਜ ਵਿਧਾਨ ਸਭਾ ਭਖੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।