ਟਰਾਲੀਆਂ ਵਿੱਚ ਤੰਬੂ ਲਾ ਕੇ ਕਿਸਾਨਾਂ ਨੇ ਦਿੱਲੀ ਵੱਲ ਘੱਤੀਆਂ ਵਹੀਰਾਂ
Tuesday, Nov 24, 2020 - 05:15 PM (IST)
ਮਲੋਟ (ਜੁਨੇਜਾ): ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਸਮੇਤ ਮੰਗਾਂ ਨੂੰ ਲੈ ਕੇ ਰਾਜ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 26-27 ਨਵੰਬਰ ਦੇ ਦਿੱਲੀ ਪੁੱਜਣ ਦੇ ਦਿੱਤੇ ਸੱਦੇ ਤੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਨੇ ਆਪਣੀਆਂ ਜਥੇਬੰਦੀਆਂ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ਵੱਲ ਚਾਲੇ ਪਾ ਦਿੱਤੇ ਹਨ। ਇਨ੍ਹਾਂ ਕਿਸਾਨਾਂ ਨੇ ਟਰਾਲੀਆਂ ਉਪਰ ਤੰਬੂ ਲਾ ਕੇ ਆਪਣੇ ਘਰ ਬਣਾਏ ਹੋਏ ਹਨ ਅਤੇ ਨਾਲ ਰਸਦ ਅਤੇ ਪਾਣੀ ਦਾ ਵੀ ਪ੍ਰਬੰਧ ਹੈ। ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ 9 ਜ਼ਿਲ੍ਹਿਆ ਦੇ ਕਿਸਾਨਾਂ ਨੇ ਡੱਬਵਾਲੀ ਮੰਡੀ ਵਿਖੇ ਇਕੱਤਰ ਹੋਕੇ ਰਵਾਨਗੀ ਪਾਉਣੀ ਹੈ ਉਥੇ ਵੱਖ-ਵੱਖ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮਾਂ ਤਹਿਤ ਖਨੌਰੀ ਅਤੇ ਸ਼ੰਭੂ ਬਾਰਡਰ ਰਾਹੀਂ ਵੀ ਕਿਸਾਨਾਂ ਨੇ ਹਰਿਆਣਾ 'ਚ ਦਾਖ਼ਲ ਹੋ ਕੇ ਦਿੱਲੀ ਵੱਲ ਵਹੀਰਾਂ ਘੱਤਣੀਆਂ ਹਨ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਕੰਮ ਤੋਂ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ 'ਚ
ਇਹ ਵੀ ਪੜ੍ਹੋ:ਟਾਂਡਾ ਦੇ ਨੌਜਵਾਨ ਅਲੋਕਦੀਪ ਨੇ ਨਿਊਜ਼ੀਲੈਂਡ 'ਚ ਕੌਮੀ ਬਾਡੀਬਿਲਡਿੰਗ ਮੁਕਾਬਲੇ 'ਚ ਗੱਡੇ ਝੰਡੇ
ਪੱਤਰਕਾਰਾਂ ਨੇ ਵੇਖਿਆ ਕਿ ਫਾਜ਼ਿਲਕਾ ਜ਼ਿਲੇ ਦੇ ਵੱਖ-ਵੱਖ ਬਲਾਕਾਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂ ਲਖਵਿੰਦਰ ਸਿੰਘ ਜੰਡਵਾਲਾ, ਭੁਪਿੰਦਰ ਸਿੰਘ, ਦਵਿੰਦਰ ਸਹਾਰਨ, ਰਾਜ ਕੁਮਾਰ ਅਤੇ ਗੁਰਚਰਨ ਸਿੰਘ ਟੀਡਾਂਵਾਲੀ ਦੀ ਅਗਵਾਈ ਹੇਠ ਦਰਜਨਾਂ ਟਰੈਕਟਰ ਟਰਾਲੀਆਂ ਦੇ ਕਾਫਲੇ ਮਲੋਟ ਰਾਹੀਂ ਬਠਿੰਡਾਂ ਵੱਲ ਨੂੰ ਰਵਾਨਾ ਹੋਏ। ਇਸ ਸਬੰਧੀ ਵੇਖਿਆ ਗਿਆ ਕਿ ਜਿਥੇ ਕਿਸਾਨਾਂ ਨੇ ਟਰਾਲੀਆਂ ਤੇ ਤੰਬੂ ਲਾਕੇ ਆਪਣੇ ਰਹਿਣ ਸੌਣ ਦੀ ਥਾਂ ਬਣਾਈ ਹੋਈ ਹੈ ਉੱਥੇ ਨਾਲ ਰਸਦ ਪਾਣੀ ਅਤੇ ਖਾਣ ਪੀਣ ਅਤੇ ਰੋਟੀ ਪਕਾਉਣ ਦਾ ਵੀ ਪ੍ਰਬੰਧ ਕੀਤਾ ਹੋਇਆ ਸੀ। ਇਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਧੂਪੁਰ ਯੂਨੀਅਨ ਦੀ ਅਗਵਾਈ ਹੇਠ ਸੰਗਰੂਰ ਇਕੱਠਾ ਹੋਣਾ ਹੈ, ਜਿਸ ਤੋਂ ਬਾਅਦ ਅਗਲੇ ਪੜਾੜ ਵੱਲ ਵਹੀਰਾਂ ਘੱਤੀਆਂ ਜਾਣਗੀਆਂ। ਇਨ੍ਹਾਂ ਕਿਸਾਨਾਂ ਦੇ ਨਾਲ ਸਮਾਨ ਦੇ ਪ੍ਰਬੰਧ ਅਤੇ ਚਿਹਰਿਆਂ ਤੇ ਜੋਸ਼ ਤੋਂ ਲੱਗਦਾ ਹੈ ਕਿ ਆਪਣੀਆਂ ਮੰਗਾਂ ਲਈ ਸ਼ੁਰੂ ਅੰਦੋਲਨ ਦੇ ਫਤਿਹ ਹੋਣ ਤੱਕ ਕਿਸੇ ਨੂੰ ਵੀ ਘਰ ਵਾਪਸ ਜਾਣ ਦੀ ਕਾਹਲੀ ਨਹੀਂ।