ਮਾਂ-ਪਿਓ ਤੇ ਭਰਾ ਦਾ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲਾ 3 ਦਿਨ ਦੇ ਰਿਮਾਂਡ ''ਤੇ, ਪੁੱਛਗਿੱਛ ''ਚ ਖੋਲ੍ਹੇ ਵੱਡੇ ਰਾਜ਼
Saturday, Oct 21, 2023 - 03:12 PM (IST)
ਜਲੰਧਰ (ਸੁਨੀਲ)- ਲਾਂਬੜਾ ਦੇ ਟਾਵਰ ਇਨਕਲੇਵ ਫੇਜ਼-3 ’ਚ ਜਾਇਦਾਦ ਖ਼ਾਤਰ ਆਪਣੇ ਮਾਤਾ-ਪਿਤਾ ਅਤੇ ਭਰਾ ਦਾ ਕਤਲ ਕਰਨ ਵਾਲੇ ਕਲਯੁਗੀ ਪੁੱਤਰ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਨੇ ਉਸ ਨੂੰ 3 ਦਿਨਾਂ ਦੇ ਰਿਮਾਂਡ ’ਤੇ ਲਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਨੇ ਆਪਣੇ ਪਿਤਾ ’ਤੇ 5 ਗੋਲ਼ੀਆਂ ਚਲਾਈਆਂ। ਦੋਵਾਂ ਵਿਚਕਾਰ ਹੱਥੋਪਾਈ ਹੋਈ ਅਤੇ ਫਿਰ ਪੰਜਾਂ ਫਾਇਰ ਨਾਲ ਪਿਤਾ ਦੀ ਮੌਤ ਹੋ ਗਈ।
ਉਹ ਅੱਧੇ ਘੰਟੇ ਤਕ ਆਪਣੀ ਮਾਂ ਅਤੇ ਭਰਾ ਦੀ ਉਡੀਕ ਕਰਦਾ ਰਿਹਾ, ਜਿਨ੍ਹਾਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਘਰ ਨੂੰ ਅੱਗ ਲਾਉਣ ਦੀ ਨੀਅਤ ਨਾਲ ਗੈਸ ਸਿਲੰਡਰ ਦੀ ਸਪਲਾਈ ਚਾਲੂ ਕੀਤੀ, ਮੋਮਬੱਤੀ ਜਗਾਈ। ਘਰ ਦੇ ਬਾਹਰ ਦੁਕਾਨ ਤੋਂ ਐਨਰਜੀ ਡਰਿੰਕ ਪੀਣ ਚਲਾ ਗਿਆ ਅਤੇ ਫਿਰ ‘ਫੁਕਰੇ’ ਫਿਲਮ ਵੇਖਣ ਚਲਾ ਗਿਆ, ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਸੈਲੂਨ ਤੋਂ ਆਪਣੇ ਵਾਲ ਕਟਵਾਏ ਅਤੇ ਇਸੇ ਦੌਰਾਨ ਉਹ ਪੁਲਸ ਦੇ ਹੱਥੇ ਚੜ੍ਹ ਗਿਆ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ। ਤਲਾਸ਼ੀ ਲੈਣ ’ਤੇ ਉਸ ਕੋਲੋਂ ਕਤਲ ਲਈ ਵਰਤੀ ਗਈ ਲਾਇਸੈਂਸੀ ਰਾਈਫਲ ਅਤੇ ਚੱਲੇ ਹੋਏ ਕਾਰਤੂਸ ਸਮੇਤ 2 ਹਥਿਆਰ ਬਰਾਮਦ ਹੋਏ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ 3 ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। ਹੁਣ ਤੱਕ ਕੀਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਆਪਣੇ ਪਿਤਾ ਜਗਬੀਰ ਸਿੰਘ, ਮਾਤਾ ਅੰਮ੍ਰਿਤਪਾਲ ਕੌਰ ਅਤੇ ਭਰਾ ਗਗਨਦੀਪ ਸਿੰਘ ਨਾਲ ਜਾਇਦਾਦ ਆਪਣੇ ਨਾਂ ਕਰਵਾਉਣ ਦੀ ਗੱਲ ਕਰਦਾ ਸੀ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਤੀਹਰੇ ਕਤਲ ਕਾਂਡ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਸਾਹਮਣੇ ਆਇਆ ਹੈਰਾਨ ਕਰਦਾ ਸੱਚ
ਇਸ ਵਿਵਾਦ ਕਾਰਨ ਉਨ੍ਹਾਂ ਦਾ ਥਾਣਾ ਲਾਂਬੜਾ ’ਚ ਰਾਜ਼ੀਨਾਮਾ ਵੀ ਹੋਇਆ ਸੀ, ਜਦੋਂ ਵੀ ਉਹ ਜਾਇਦਾਦ ਦੀ ਗੱਲ ਕਰਦਾ ਸੀ ਤਾਂ ਘਰ ’ਚ ਝਗੜਾ ਸ਼ੁਰੂ ਹੋ ਜਾਂਦਾ ਸੀ। ਇਸ ਤੋਂ ਗੁੱਸੇ ’ਚ ਆ ਕੇ ਵੀਰਵਾਰ ਦੁਪਹਿਰ 2 ਵਜੇ ਜਦੋਂ ਉਸ ਦਾ ਪਿਤਾ ਜਗਬੀਰ ਸਿੰਘ ਘਰ ’ਚ ਇਕੱਲਾ ਸੀ ਤਾਂ ਉਸ ਨੇ ਰਾਈਫਲ ਤੋਂ ਆਪਣੇ ਪਿਤਾ ’ਤੇ 2 ਵਾਰ ਫਾਇਰ ਕੀਤੇ ਪਰ ਇਸ ਨਾਲ ਉਨ੍ਹਾਂ ਦੀ ਮੌਤ ਨਹੀਂ ਹੋਈ, ਜਿਸ ਕਾਰਨ ਦੋਵਾਂ ਵਿਚਾਲੇ ਹੱਥੋਪਾਈ ਹੋਈ। 2 ਹੋਰ ਗੋਲ਼ੀਆਂ ਚਲਾਉਣ ਤੋਂ ਬਾਅਦ ਵੀ ਉਹ ਨਹੀਂ ਮਰਿਆ ਪਰ 5ਵੀਂ ਗੋਲ਼ੀ ਲੱਗਣ ਤੋਂ ਬਾਅਦ ਉਹ ਆਪਣੇ ਪਿਤਾ ਨਾਲ ਲੜਦਾ ਰਿਹਾ ਅਤੇ 8 ਮਿੰਟ ਬਾਅਦ ਉਸ ਦੇ ਪਿਤਾ ਦੀ ਮੌਤ ਹੋ ਗਈ। ਉਹ ਕਰੀਬ ਅੱਧਾ ਘੰਟਾ ਘਰ ’ਚ ਹੀ ਰਿਹਾ ਅਤੇ ਆਪਣੀ ਮਾਂ ਅੰਮ੍ਰਿਤਪਾਲ ਕੌਰ ਅਤੇ ਭਰਾ ਗਗਨਦੀਪ ਸਿੰਘ ਦੀ ਉਡੀਕ ਕਰਨ ਲੱਗਾ।
ਜਿਵੇਂ ਹੀ ਉਸ ਦੀ ਮਾਂ ਨੇ ਘਰ ਦੇ ਅੰਦਰ ਆ ਕੇ ਜਗਬੀਰ ਸਿੰਘ ਦੀ ਲਾਸ਼ ਵੇਖੀ ਤਾਂ ਉਸੇ ਸਮੇਂ ਗੋਲ਼ੀਆਂ ਚਲਾ ਕੇ ਉਸ ਨੇ ਆਪਣੀ ਮਾਂ ਦਾ ਵੀ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਭਰਾ ਨੂੰ ਵੀ ਗੋਲ਼ੀ ਮਾਰ ਦਿੱਤੀ। ਮੁਲਜ਼ਮ ਨੇ ਮੰਨਿਆ ਕਿ ਉਸ ਨੇ ਰਸੋਈ ’ਚ ਜਾ ਕੇ ਚੁੱਲ੍ਹੇ ਤੋਂ ਗੈਸ ਦੀ ਸਪਲਾਈ ਚਾਲੂ ਕਰ ਦਿੱਤੀ। ਉਸ ਨੇ ਕਿਸੇ ਫ਼ਿਲਮ ’ਚ ਵੇਖਿਆ ਸੀ ਕਿ ਗੈਸ ਚਾਲੂ ਕਰਨ ਅਤੇ ਮੋਮਬੱਤੀ ਜਗਾਉਣ ਦੇ ਕੁਝ ਸਮੇਂ ਬਾਅਦ ਘਰ ’ਚ ਧਮਾਕਾ ਹੋ ਜਾਂਦਾ ਹੈ। ਉਸ ਨੇ ਵੀ ਅਜਿਹਾ ਹੀ ਕੀਤਾ।
ਇਹ ਵੀ ਪੜ੍ਹੋ:ਹਾਦਸੇ ਨੇ ਉਜਾੜ ਦਿੱਤਾ ਹੱਸਦਾ-ਵੱਸਦਾ ਪਰਿਵਾਰ, ਮਾਪਿਆਂ ਦੇ ਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ
ਸੂਚਨਾ ਮਿਲਣ ’ਤੇ ਐੱਸ. ਐੱਸ. ਪੀ. ਮੁਖਵਿੰਦਰ ਸਿੰਘ ਭੁੱਲਰ, ਐੱਸ. ਪੀ. ਮਨਪ੍ਰੀਤ ਸਿੰਘ ਢਿੱਲੋਂ, ਡੀ. ਐੱਸ. ਪੀ. ਬਲਵੀਰ ਸਿੰਘ ਅਤੇ ਲਾਂਬੜਾ ਥਾਣੇ ਦੇ ਐੱਸ. ਐੱਚ. ਓ. ਅਮਨ ਸੈਣੀ ਮੌਕੇ ’ਤੇ ਪੁੱਜੇ। ਘਰ ’ਚ ਗੈਸ ਦੀ ਬਦਬੂ ਆਉਣ ’ਤੇ ਉਨ੍ਹਾਂ ਗੈਸ ਬੰਦ ਕਰ ਦਿੱਤੀ, ਜਦੋਂ ਜਗਬੀਰ ਸਿੰਘ ਦੇ ਭਰਾ ਰਘੁਵੀਰ ਸਿੰਘ ਨੇ ਆਪਣੇ ਭਤੀਜੇ ਹਰਪ੍ਰੀਤ ਸਿੰਘ ’ਤੇ ਕਤਲ ਦਾ ਸ਼ੱਕ ਜਤਾਇਆ ਤਾਂ ਐੱਸ. ਐੱਸ. ਪੀ. ਭੁੱਲਰ ਨੇ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਕੁਝ ਹੀ ਦੇਰ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ. ਐੱਸ. ਪੀ. ਭੁੱਲਰ ਨੇ ਕਿਹਾ ਕਿ ਇਸ ਤੀਹਰੇ ਕਤਲ ਕਾਂਡ ’ਚ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ ਪਰ ਫਿਰ ਵੀ ਹਰ ਪਹਿਲੂ ਤੋਂ ਜਾਂਚ ਜਾਰੀ ਹੈ। ਪੁਲਸ ਨੇ ਰਘੁਵੀਰ ਸਿੰਘ ਦੇ ਬਿਆਨਾਂ ’ਤੇ ਹਰਪ੍ਰੀਤ ਸਿੰਘ ਖ਼ਿਲਾਫ਼ ਕਤਲ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਦੋਸ਼ੀ ਨੇ ਕਿਹਾ: ਪਿਤਾ ਪਤਨੀ ਦੇ ਕੱਪੜਿਆਂ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ
ਪੁਲਸ ਪੁੱਛਗਿੱਛ ਦੌਰਾਨ ਕਤਲ ਦਾ ਮੁੱਖ ਕਾਰਨ ਪ੍ਰਾਪਰਟੀ ਐਂਗਲ ਸੀ ਪਰ ਸੂਤਰਾਂ ਦੀ ਮੰਨੀਏ ਤਾਂ ਦੋਸ਼ੀ ਹਰਪ੍ਰੀਤ ਸਿੰਘ ਨੇ ਪੁਲਸ ਨੂੰ ਆਪਣਾ ਪੱਖ ਦੱਸਦੇ ਹੋਏ ਦੱਸਿਆ ਕਿ ਉਸ ਦਾ ਪਿਤਾ ਉਸ ਦੀ ਪਤਨੀ ਦੇ ਕੱਪੜਿਆਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ, ਜਿਸ ਕਾਰਨ ਘਰ ’ਚ ਵਿਵਾਦ ਸ਼ੁਰੂ ਹੋਇਆ। ਹਰਪ੍ਰੀਤ ਨੇ ਇਹ ਵੀ ਦੱਸਿਆ ਕਿ ਉਸ ਦੇ ਪਿਓ ਅਤੇ ਭਰਾ ਵੱਲੋਂ ਉਸ ਦੀ ਪਤਨੀ 'ਤੇ ਗਲਤ ਨਜ਼ਰ ਵੀ ਰੱਖੀ ਜਾ ਰਹੀ ਸੀ। ਹਰਪ੍ਰੀਤ ਨੇ ਵੱਡਾ ਖ਼ੁਲਾਸਾ ਕੀਤਾ ਕਿ ਜਗਬੀਰ ਸਿੰਘ ਉਸ ਦੀ ਪਤਨੀ ਨੂੰ ਸੈਕਸਸੁਅਲ ਰਿਲੇਸ਼ਨ ਬਣਾਉਣ ਲਈ ਵੀ ਕਹਿੰਦਾ ਸੀ। ਇਸ ਤੋਂ ਬਾਅਦ ਉਹ ਵੱਖ ਹੋਣ ਲਈ ਜਾਇਦਾਦ ਦੀ ਮੰਗ ਕਰਨ ਲੱਗਾ, ਜਦੋਂ ਉਸ ਨੇ ਜਾਇਦਾਦ ਮੰਗੀ ਤਾਂ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ, ਜਿਸ ਕਾਰਨ ਉਸ ਨੇ ਪੂਰੇ ਪਰਿਵਾਰ ਦਾ ਕਤਲ ਕਰ ਦਿੱਤਾ। ਸ਼ੁੱਕਰਵਾਰ ਨੂੰ ਜਗਬੀਰ ਸਿੰਘ, ਅਮਰਜੀਤ ਕੌਰ ਅਤੇ ਗਗਨਦੀਪ ਸਿੰਘ ਦੀਆਂ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: ਅਸਲਾ ਰੱਖਣ ਦੇ ਸ਼ੌਕੀਨਾਂ ਲਈ ਅਹਿਮ ਖ਼ਬਰ, ਹੁਣ ਸੌਖਾ ਨਹੀਂ ਬਣੇਗਾ ਨਵਾਂ ਆਰਮਜ਼ ਲਾਇਸੈਂਸ, ਨਵੇਂ ਹੁਕਮ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ