ਕਿਸਾਨ ਸੰਘਰਸ਼ ਦਾ ਜਲਦ ਹੱਲ ਨਾ ਨਿਕਲਿਆ ਤਾਂ ਪੰਜਾਬ ਆਰਥਿਕ ਸੰਕਟ ''ਚ ਡੁੱਬ ਜਾਵੇਗਾ : ਬਾਜਵਾ

10/17/2020 11:53:44 PM

ਲੁਧਿਆਣਾ,(ਖੁਰਾਣਾ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨੀ ਸਬੰਧੀ ਪਾਸ ਕੀਤੇ ਗਏ ਕਾਨੂੰਨਾਂ ਕਾਰਨ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜੇਕਰ ਜਲਦ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਪੰਜਾਬ ਆਰਥਿਕ ਸੰਕਟ 'ਚ ਡੁੱਬ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸੂਬੇ ਦੇ ਬਿਜਲੀ ਘਰਾਂ ਵਿਚ ਕੋਲੇ ਦੀ ਭਾਰੀ ਕਮੀ ਬਣੀ ਹੋਈ ਹੈ, ਜਿਸ ਕਾਰਨ ਪੰਜਾਬ ਦੇ ਸਿਰ ਬਿਜਲੀ ਦਾ ਗੰਭੀਰ ਸੰਕਟ ਮੰਡਰਾ ਰਿਹਾ ਹੈ। ਦੂਜੇ ਪਾਸੇ ਸੰਘਰਸ਼ ਕਾਰਨ ਟਰੇਨਾਂ ਦਾ ਚੱਕਾ ਜਾਮ ਹੋਣ ਨਾਲ ਪੰਜਾਬ ਨੂੰ ਬਾਸਮਤੀ ਚੌਲਾਂ ਦੇ ਬਾਹਰੀ ਸੂਬਿਆਂ ਤੋਂ ਆਏ ਵੱਡੇ ਆਰਡਰਾਂ ਦਾ ਭੁਗਤਾਨ ਨਹੀਂ ਹੋ ਪਾ ਰਿਹਾ। ਮੰਤਰੀ ਬਾਜਵਾ ਨੇ ਕਿਹਾ ਕਿ ਰੇਲਵੇ ਸਟੇਸ਼ਨਾਂ 'ਤੇ 4000 ਵੈਗਨ ਚੌਲ ਪਿਆ ਹੈ। ਕੰਟੇਨਰ ਭਰੇ ਪਏ ਹਨ, ਜਿਸ ਨਾਲ ਸੰਭਾਵੀ ਤੌਰ 'ਤੇ ਅਗਾਮੀ ਫਸਲੀ ਸੀਜ਼ਨ ਵਿਚ ਖਰੀਦਦਾਰੀ 'ਤੇ ਅਸਰ ਪਵੇਗਾ। ਨਾਲ ਹੀ ਕਣਕ ਦੀ ਫਸਲ ਦੀ ਬਿਜਾਈ ਸਬੰਧੀ ਵਰਤੋਂ ਹੋਣ ਵਾਲੀ ਅਤੇ ਸਪ੍ਰੇਅ ਆਦਿ ਦੀ ਕਿੱਲਤ ਦੀ ਵੀ ਮੰਤਰੀ ਨੇ ਸੰਭਾਵਨਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਮਦਦ ਕਰਦੇ-ਕਰਦੇ ਕਿਤੇ ਅਸੀਂ ਕਿਸਾਨਾਂ ਦਾ ਨੁਕਸਾਨ ਨਾ ਕਰ ਬੈਠੀਏ। ਇਸ ਲਈ ਜਲਦ ਮਿਲ-ਬੈਠ ਕੇ ਸਮੱਸਿਆ ਦਾ ਹੱਲ ਕੱਢਣਾ ਜ਼ਰੂਰੀ ਹੈ। ਮੰਤਰੀ ਬਾਜਵਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਸੁਲਝੀਆਂ ਹੋਈਆਂ ਹਨ। ਸਾਡੇ ਤੋਂ ਕਿਤੇ ਜ਼ਿਆਦਾ ਸਮਝਦਾਰ ਹਨ। ਇਸ ਲਈ ਉਹ ਜਲਦ ਹੀ ਇਸ ਗੁੰਝਲਦਾਰ ਬੁਝਾਰਤ ਨੂੰ ਸੁਲਝਾ ਕੇ ਮਾਹੌਲ ਨੂੰ ਆਮ ਕਰ ਲੈਣਗੇ।

 


Deepak Kumar

Content Editor Deepak Kumar