ਤ੍ਰਿਪਤ ਬਾਜਵਾ ''ਚ ਤਾਲਿਬਾਨੀ ਸੋਚ ਆਈ, ਦੋਸ਼ ਲਾ ਕੇ ਅਸ਼ਵਨੀ ਸੇਖੜੀ ਤੇ ਫਤਿਹਜੰਗ ਨੇ ਖੋਲ੍ਹਿਆ ਮੋਰਚਾ

01/09/2020 4:22:38 PM

ਜਲੰਧਰ (ਚੋਪੜਾ) : ਪਿਛਲੇ ਦਿਨੀਂ ਜਲੰਧਰ ਦੌਰੇ ਦੌਰਾਨ ਵਰਕਰਾਂ ਨਾਲ ਰੂ-ਬ-ਰੂ ਹੋਣ ਪਹੁੰਚੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਸਾਹਮਣੇ ਜ਼ਿਲਾ ਕਾਂਗਰਸ ਸ਼ਹਿਰੀ ਅਤੇ ਦਿਹਾਤੀ ਦੀਆਂ ਵੱਖ-ਵੱਖ ਮੀਟਿੰਗਾਂ 'ਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ। ਕਾਂਗਰਸ ਅਹੁਦੇਦਾਰਾਂ ਨੇ ਜਾਖੜ ਦੇ ਸਾਹਮਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ, ਉਨ੍ਹਾਂ ਦੀ ਅਣਦੇਖੀ ਅਤੇ ਡਿਗਦੇ ਵਿਕਾਸ ਕੰਮਾਂ ਦੇ ਪੱਧਰ ਨੂੰ ਲੈ ਕੇ ਜੰਮ ਕੇ ਭੜਾਸ ਕੱਢੀ। ਪਰ ਗੁਰਦਾਸਪੁਰ 'ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਤਾਂ 2 ਕਦਮ ਅੱਗੇ ਵਧਦੇ ਹੋਏ ਵਰਕਰ ਮੀਟਿੰਗ 'ਚ ਮਸੀਹੀ ਭਾਈਚਾਰੇ ਨਾਲ ਸਬੰਧਤ ਇਕ ਵਰਕਰ ਨੂੰ ਉਸ ਸਮੇਂ ਜੰਮ ਕੇ ਜ਼ਲੀਲ ਕੀਤਾ, ਜਦ ਉਹ ਗੁਰਦਾਸਪੁਰ 'ਚ ਵਰਕਰਾਂ ਦੇ ਨਾਲ ਮੀਟਿੰਗ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਪਹੁੰਚੇ ਸਨ। ਮੀਟਿੰਗ 'ਚ ਮਸੀਹੀ ਭਾਈਚਾਰੇ ਨਾਲ ਸਬੰਧਤ ਇਕ ਵਰਕਰ ਨੇ ਆਪਣੇ ਉਪਰ ਧਾਰਾ 26 ਦੇ ਅਧੀਨ ਦਰਜ ਹੋਏ ਕੇਸ ਦੀ ਫਰਿਆਦ ਤ੍ਰਿਪਤ ਬਾਜਵਾ ਦੇ ਸਾਹਮਣੇ ਕੀਤੀ। ਵਰਕਰ ਨੇ ਵਾਰ-ਵਾਰ ਬਾਜਵਾ ਤੋਂ ਸਵਾਲ ਕੀਤੇ ਤੇ ਉਨ੍ਹਾਂ ਦੀ ਸਰਕਾਰ 'ਚ ਉਨ੍ਹਾਂ ਦੇ ਉਪਰ 26 ਦੇ ਨਾਜਾਇਜ਼ ਪਰਚੇ ਹੋ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਜਿਸ 'ਤੇ ਬਾਜਵਾ ਨੇ ਗੁੱਸੇ 'ਚ ਕਿਹਾ,''ਤੁਸੀਂ ਕਿਹੜਾ ਮੈਨੂੰ ਵੋਟਾਂ ਪਾਈਆਂ ਸਨ।'' ਜਿਸ ਨਾਲ ਮਾਹੌਲ ਕਾਫੀ ਗਰਮ ਹੋ ਗਿਆ। ਉਸ ਦੇ ਚੁੱਪ ਨਾ ਹੋਣ 'ਤੇ ਗੁੱਸੇ 'ਚ ਆਏ ਕੈਬਨਿਟ ਮੰਤਰੀ ਨੇ ਉਕਤ ਵਰਕਰ ਨੂੰ ਝੂਠਾ ਬੰਦਾ ਤੱਕ ਕਹਿ ਦਿੱਤਾ।

ਸੇਖੜੀ ਤੇ ਫਤਿਹਜੰਗ ਬਾਜਵਾ ਨੇ ਤ੍ਰਿਪਤ ਬਾਜਵਾ ਖਿਲਾਫ ਖੋਲ੍ਹਿਆ ਮੋਰਚਾ
ਪਰ ਤ੍ਰਿਪਤ ਬਾਜਵਾ ਦੇ ਰਵੱਈਏ ਨਾਲ ਗੁੱਸੇ ਵਿਚ ਆਏ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਅਤੇ ਵਿਧਾਇਕ ਫਤਿਹਜੰਗ ਬਾਜਵਾ ਨੇ ਕੈਬਨਿਟ ਮੰਤਰੀ ਵਿਰੁੱਧ ਮੋਰਚਾ ਖੋਲ੍ਹਦੇ ਹੋਏ ਉਨ੍ਹਾਂ ਨੂੰ ਆੜੇ ਹੱਥੀਂ ਲਿਆ। ਦੋਵੇਂ ਨੇਤਾਵਾਂ ਨੇ ਤ੍ਰਿਪਤ ਬਾਜਵਾ ਅਤੇ ਕਾਂਗਰਸ 'ਚ ਤਾਲਿਬਾਨੀ ਸੋਚ ਆਉਣ ਤੱਕ ਦੇ ਦੋਸ਼ ਲਾ ਦਿੱਤੇ। ਸੇਖੜੀ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੇ ਮਸੀਹੀ ਭਾਈਚਾਰੇ ਦੇ ਇਕ ਵਿਅਕਤੀ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਉਸ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਹੈ। ਸੇਖੜੀ ਨੇ ਕਿਹਾ ਕਿ ਕੀ ਉਸਨੂੰ ਕੇਵਲ ਇਸ ਲਈ ਜ਼ਲੀਲ ਕਰੋ ਕਿ ਉਹ ਗਰੀਬ ਅਤੇ ਘੱਟ ਗਿਣਤੀ ਭਾਈਚਾਰੇ ਤੋਂ ਹੈ, ਉਸ ਨੂੰ ਮਹਿਸੂਸ ਕਰਾਇਆ ਜਾਵੇ ਕਿ ਤੂੰ ਕੁਝ ਨਹੀਂ ਮੈਂ ਸਭ ਕੁਝ ਹਾਂ। ਅਜਿਹਾ ਕਾਂਗਰਸ ਪਾਰਟੀ 'ਚ ਨਹੀਂ ਚੱਲਣਾ।


Anuradha

Content Editor

Related News