ਤ੍ਰਿਪਤ ਬਾਜਵਾ ਨੇ ਸੂਬੇ ਦੇ ਕਿਸਾਨਾਂ ਨੂੰ ਕੀਤੀ ਅਪੀਲ

05/13/2020 7:18:28 PM

ਬਟਾਲਾ (ਮਠਾਰੂ, ਬੇਰੀ, ਜ. ਬ.) : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਾ ਕੇ ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਖਤਮ ਕਰਨ 'ਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੋਵਿਡ-19 (ਕੋਰੋਨਾ ਵਾਇਰਸ) ਸੰਕਟ ਦੇ ਦੌਰਾਨ ਨਾੜ ਸਾੜਨ ਕਾਰਣ ਹੋਣ ਵਾਲੇ ਹਵਾ ਪ੍ਰਦੂਸ਼ਣ ਦੇ ਵਧੇਰੇ ਮਾੜੇ ਪ੍ਰਭਾਵ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਇਕ ਸਾਹ ਦੀ ਬੀਮਾਰੀ ਹੈ ਅਤੇ ਨਾੜ ਨੂੰ ਸਾੜਨ ਨਾਲ ਪੈਦਾ ਹੋਏ ਧੂੰਏ ਅਤੇ ਪ੍ਰਦੂਸ਼ਣ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਰਿਕਵਰੀ ਪ੍ਰਭਾਵਿਤ ਹੁੰਦੀ ਹੈ।

ਉਨ੍ਹਾਂ ਕਿਹਾ ਕਿ ਨਾੜ ਸਾੜਨ ਨਾਲ ਪੈਦਾ ਹੋਇਆ ਧੂੰਆਂ ਬੱਚਿਆਂ ਦੇ ਫੇਫੜਿਆਂ 'ਤੇ ਵੀ ਮਾੜਾ ਅਸਰ ਪਾਏਗਾ, ਜਿਸ ਨਾਲ ਉਨ੍ਹਾਂ ਨੂੰ ਇਸ ਬੀਮਾਰੀ ਦੀ ਲਾਗ ਦਾ ਖਤਰਾ ਵੱਧ ਸਕਦਾ ਹੈ। ਮੰਤਰੀ ਸਿੰਘ ਬਾਜਵਾ ਨੇ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਦੇ ਹੋਰ ਵੀ ਬਹੁਤ ਸਾਰੇ ਨੁਕਸਾਨ ਹਨ, ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨਾੜ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਘੱਟ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਵਡੇਰੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਨਾੜ ਨੂੰ ਅੱਗ ਬਿਲਕੁਲ ਨਾ ਲਗਾਈ ਜਾਵੇ ਤਾਂ ਜੋ ਕੋਰੋਨਾ ਮਹਾਮਾਰੀ ਉੱਪਰ ਕਾਬੂ ਪਾਉਣ 'ਚ ਕੋਈ ਮੁਸ਼ਕਲ ਨਾ ਆਵੇ।

ਇਹ ਵੀ ਪੜ੍ਹੋ ► ਕੋਰੋਨਾ ਕਹਿਰ : ਪੰਜਾਬ ਸਰਕਾਰ ਵੱਲੋਂ 'ਰੈਂਡਮ ਟੈਸਟਿੰਗ' ਜਲਦ ਸ਼ੁਰੂ ਕਰਨ ਦੀ ਸੰਭਾਵਨਾ 

ਨਾੜ ਨੂੰ ਸਾੜਨ ਵਾਲੇ ਕਿਸਾਨਾਂ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ : ਖੇਤੀਬਾੜੀ ਵਿਭਾਗ
ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੇ ਨਾੜ ਨੂੰ ਅੱਗ ਬਿਲਕੁਲ ਨਾ ਲਗਾਉਣ। ਕਿਸਾਨਾਂ ਨੂੰ ਇਹ ਅਪੀਲ ਕਰਦਿਆਂ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਦਾ ਹੈ ਤਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਅੱਗ ਲਗਾਉਣ ਵਾਲੇ ਕਿਸਾਨਾਂ ਤੋਂ 2500 ਤੋਂ 12500 ਰੁਪਏ ਤੱਕ ਦਾ ਵਾਤਾਵਰਣ ਦੁਸ਼ਿਤ ਕਰਨ ਦਾ ਜੁਰਮਾਨਾ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਾੜ ਸਾੜਨ ਵਾਲੇ ਕਿਸਾਨਾਂ ਵਿਰੁੱਧ ਧਾਰਾ-144 ਦੀ ਉਲੰਘਣਾ ਅਧੀਨ ਕੇਸ ਵੀ ਦਰਜ ਕੀਤਾ ਜਾ ਸਕਦਾ ਹੈ।

ਖੇਤੀਬਾੜੀ ਅਧਿਕਾਰੀ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਾੜ ਨੂੰ ਸਾੜਣ ਨਾਲ ਵਾਤਾਵਰਣ 'ਚ ਵੱਡੀ ਮਾਤਰਾ 'ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣ ਕਾਰਣ ਮਨੁੱਖਾਂ 'ਚ ਸਾਹ, ਅੱਖਾਂ 'ਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਪੈਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਾੜ ਨੂੰ ਅੱਗ ਲਾ ਕੇ ਸਾੜਣ ਨਾਲ ਪੈਦਾ ਹੋਣ ਵਾਲੀਆਂ ਉਪਰੋਕਤ ਗੈਸਾਂ ਕੋਵਿਡ-19 ਬੀਮਾਰੀ ਕਾਰਣ ਹੋਰ ਵੀ ਖਤਰਨਾਕ ਹਨ।

ਇਹ ਵੀ ਪੜ੍ਹੋ ► ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਹਿ ਸੂਬਿਆਂ 'ਚ ਭੇਜਣ ਦੇ ਖਰਚ 'ਤੇ ਹੋਣ ਲੱਗੀ ਸਿਆਸਤ     


Anuradha

Content Editor

Related News