ਮੋਹਾਲੀ ''ਚ ਦਰੱਖਤਾਂ ਦੀ ਕਟਾਈ ਕਰੇਗੀ ਫਰਾਂਸ ਤੋਂ ਮੰਗਵਾਈ ਡੇਢ ਕਰੋੜ ਦੀ ਮਸ਼ੀਨ
Monday, Aug 14, 2017 - 11:54 AM (IST)
ਮੋਹਾਲੀ : ਸ਼ਹਿਰ ਦੇ ਲੰਬੇ ਅਤੇ ਉੱਚੇ ਦਰੱਖਤਾਂ ਦੀ ਕਟਾਈ ਹੁਣ ਫਰਾਂਸ ਤੋਂ ਡੇਢ ਕਰੋੜ ਰੁਪਏ 'ਚ ਖਰੀਦੀ ਗਈ ਮਸ਼ੀਨ ਕਰੇਗੀ। ਅਸਲ 'ਚ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ 'ਚ ਲੱਗੇ ਉੱਚੇ ਅਤੇ ਲੰਬੇ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਸੀ, ਜਿਸ ਦੇ ਲਈ ਫਰਾਂਸ ਤੋਂ ਇਹ ਮਸ਼ੀਨ ਮੰਗਵਾਈ ਗਈ ਹੈ। ਇਹ ਮਸ਼ੀਨ ਮੋਹਾਲੀ ਪਹੁੰਚ ਚੁੱਕੀ ਹੈ ਅਤੇ ਆਉਣ ਵਾਲੇ ਇਕ ਜਾਂ ਦੋ ਦਿਨਾਂ 'ਚ ਇਸ ਨੂੰ ਅਸੈਂਬਲ ਕਰਕੇ ਤਿਆਰ ਕੀਤਾ ਜਾਵੇਗਾ। ਅਗਲੇ ਹਫਤੇ ਤੋਂ ਇਹ ਮਸ਼ੀਨ ਸ਼ਹਿਰ 'ਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਨਗਰ ਨਿਗਮ ਦੇ ਮੇਅਰ ਕਲੁਵੰਤ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਇਹ ਮਸ਼ੀਨ ਖਰੀਦੀ ਗਈ ਹੈ। ਮਸ਼ੀਨ ਖਰੀਦਣ ਦੀ ਪ੍ਰਵਾਨਗੀ ਹਾਊਸ ਦੀ ਬੈਠਕ 'ਚ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਇਸ ਮਸ਼ੀਨ ਦੇ ਆਉਣ ਨਾਲ ਜਿੱਥੇ ਕੰਮ ਜਲਦੀ ਹੋਵੇਗਾ, ਉੱਥੇ ਹੀ ਦਰੱਖਤਾਂ ਦੀ ਟ੍ਰਿਮਿੰਗ ਇਸ ਤਰ੍ਹਾਂ ਨਾਲ ਹੋਵੇਗੀ ਤਾਂ ਜੋ ਦਰੱਖਤਾਂ ਦੀ ਉਮਰ ਹੋਰ ਵਧ ਸਕੇ।
