ਵਣ ਵਿਭਾਗ ਨੇ ਰਾਜਸਥਾਨ ਫੀਡਰ ਨਹਿਰ ''ਤੇ ਲਾਏ 1 ਲੱਖ 6 ਹਜ਼ਾਰ ਬੂਟੇ
Monday, Oct 23, 2017 - 07:46 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ/ਪਵਨ) - ਸਾਰੇ ਪਾਸੇ ਹਵਾ 'ਚ ਜ਼ਹਿਰ ਘੁੱਲ ਰਿਹਾ ਹੈ, ਜੋ ਮਨੁੱਖੀ ਸਿਹਤ ਲਈ ਖਤਰਨਾਕ ਹੈ ਤੇ ਭਿਆਨਕ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਅਜਿਹੇ ਸਮੇਂ 'ਚ ਬੂਟੇ ਲਾਉਣੇ ਬਹੁਤ ਜ਼ਰੂਰੀ ਹਨ ਕਿਉਂਕਿ ਪ੍ਰਦੂਸ਼ਿਤ ਤੇ ਗੰਧਲੇ ਹੋ ਰਹੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਬੂਟੇ ਅਹਿਮ ਰੋਲ ਅਦਾ ਕਰਦੇ ਹਨ। ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਤੇ ਸਾਰੇ ਪਾਸੇ ਹਰਿਆਲੀ ਪੈਦਾ ਕਰਨ ਲਈ ਬੂਟੇ ਲਾਉਣੇ ਚਾਹੀਦੇ ਹਨ। ਇਨ੍ਹਾਂ ਬੂਟਿਆਂ ਨੂੰ ਤਿਆਰ ਕਰਨ ਲਈ ਵਣ ਵਿਭਾਗ ਦਾ ਅਹਿਮ ਤੇ ਵੱਡਾ ਯੋਗਦਾਨ ਹੈ। ਮਾਲਵੇ ਦੇ ਚਰਚਿਤ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਦੇ ਵਣ ਵਿਭਾਗ ਵੱਲੋਂ ਇਸ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਤੇ ਸਰਕਾਰ ਦੀਆਂ ਕੀ ਸਕੀਮਾਂ ਹਨ। ਇਸ ਸਬੰਧੀ 'ਜਗ ਬਾਣੀ' ਵੱਲੋਂ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਦੌਰਾਨ ਵਿਭਾਗ ਦੀ ਕਾਰਗੁਜ਼ਾਰੀ ਦੇ ਕਈ ਨਮੂਨੇ ਸਾਹਮਣੇ ਆਏ ਹਨ। ਜ਼ਿਲੇ ਅਧੀਨ ਤਿੰਨ ਰੇਂਜਾਂ ਸ੍ਰੀ ਮੁਕਤਸਰ ਸਾਹਿਬ, ਲੰਬੀ ਤੇ ਮਲੋਟ ਹਨ, ਜਦਕਿ 6 ਬਲਾਕ ਹਨ, ਜਿਨ੍ਹਾਂ 'ਚ ਸ੍ਰੀ ਮੁਕਤਸਰ ਸਾਹਿਬ, ਸੀਰਵਾਲਾ, ਆਸਾ ਬੁੱਟਰ, ਗਿੱਦੜਬਾਹਾ, ਲੰਬੀ ਤੇ ਮਲੋਟ ਸ਼ਾਮਲ ਹਨ। ਜ਼ਿਲੇ 'ਚ ਕਰੀਬ 22 ਵਣ ਗਾਰਡ ਹਨ, ਜਿਨ੍ਹਾਂ 'ਚ ਲੜਕੀਆਂ ਵੀ ਸ਼ਾਮਲ ਹਨ।
ਵਣ ਮੰਡਲ ਅਫ਼ਸਰ ਬਲਜੀਤ ਸਿੰਘ ਬਰਾੜ ਨੇ ਇਸ ਸਮੇਂ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਪ੍ਰਧਾਨ ਮੁੱਖ ਵਣਪਾਲ ਜਤਿੰਦਰ ਸ਼ਰਮਾ ਦੀ ਅਗਵਾਈ ਹੇਠ ਵਣ ਵਿਭਾਗ ਸੂਬੇ 'ਚ ਸਾਰੇ ਪਾਸੇ ਹਰਿਆਲੀ ਵਧਾਉਣ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰ ਕੇ ਅੱਗੇ ਵੱਧ ਰਿਹਾ ਹੈ।
ਨਹਿਰ ਦੀਆਂ ਪੱਟੜੀਆਂ ਹੋਈਆਂ ਹਰੀਆਂ-ਭਰੀਆਂ
ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡਾਂ 'ਚ ਦੀ ਲੰਘਦੀ ਰਾਜਸਥਾਨ ਫੀਡਰ ਨਹਿਰ ਦੀਆਂ ਪੱਟੜੀਆਂ, ਜੋ ਪਹਿਲਾਂ ਵਿਹਲੀਆਂ ਤੇ ਵਿਰਾਨ ਪਈਆਂ ਸਨ, ਦੇ ਉੱਪਰ ਵਣ ਵਿਭਾਗ ਵੱਲੋਂ 1 ਲੱਖ 6 ਹਜ਼ਾਰ ਵੱਖ-ਵੱਖ ਤਰ੍ਹਾਂ ਦੇ ਬੂਟੇ ਲਾਏ ਹੋਏ ਹਨ ਤੇ ਇਨ੍ਹਾਂ ਬੂਟਿਆਂ ਦੇ ਚੱਲਣ ਨਾਲ ਸਾਰਾ ਇਲਾਕਾ ਹਰਿਆ-ਭਰਿਆ ਬਣ ਰਿਹਾ ਹੈ। ਅਗਲੇ ਕੁਝ ਮਹੀਨਿਆਂ ਦੌਰਾਨ ਇਸ ਨਹਿਰ ਉੱਪਰ ਵਿਭਾਗ ਵੱਲੋਂ 57 ਹਜ਼ਾਰ ਹੋਰ ਬੂਟੇ ਲਾਉਣ ਦਾ ਟੀਚਾ ਮਿਥਿਆ ਗਿਆ ਹੈ।
ਜ਼ਿਲੇ 'ਚ 8 ਨਰਸਰੀਆਂ ਚੱਲ ਰਹੀਆਂ ਹਨ
ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਵਣ ਵਿਭਾਗ ਵੱਲੋਂ 8 ਨਰਸਰੀਆਂ ਚਲਾਈਆਂ ਜਾ ਰਹੀਆਂ ਹਨ। ਇਹ ਨਰਸਰੀਆਂ ਪਿੰਡ ਭਾਗਸਰ, ਝਬੇਲਵਾਲੀ, ਆਸਾ ਬੁੱਟਰ, ਗਿੱਦੜਬਾਹਾ, ਮਾਹੂਆਣਾ, ਮਿਠੜੀ, ਆਲਮਵਾਲਾ ਤੇ ਰਥੜੀਆ ਵਿਖੇ ਹਨ। ਇਨ੍ਹਾਂ ਨਰਸਰੀਆਂ 'ਚ ਕਈ ਤਰ੍ਹਾਂ ਦੇ ਬੂਟੇ ਤਿਆਰ ਕੀਤੇ ਜਾਂਦੇ ਹਨ। ਪਨੀਰੀ ਤੇ ਬੂਟਿਆਂ ਲਈ ਸਭ ਥਾਵਾਂ 'ਤੇ ਪਾਣੀ ਤੇ ਹੋਰ ਸਾਂਭ-ਸੰਭਾਲ ਦਾ ਪੂਰਾ ਪ੍ਰਬੰਧ ਹੈ।
5 ਲੱਖ 26 ਹਜ਼ਾਰ 414 ਬੂਟੇ ਤਿਆਰ ਕੀਤੇ
ਵਿਭਾਗ ਵੱਲੋਂ ਸਰਕਾਰੀ ਨਰਸਰੀਆਂ 'ਚ ਇਕ ਸਾਲ ਦੌਰਾਨ 5 ਲੱਖ 26 ਹਜ਼ਾਰ 414 ਬੂਟੇ ਤਿਆਰ ਕੀਤੇ ਗਏ ਹਨ। ਸ੍ਰੀ ਮੁਕਤਸਰ ਸਾਹਿਬ ਰੇਂਜ ਅਧੀਨ ਆਉਂਦੀਆਂ ਨਰਸਰੀਆਂ 'ਚ 2 ਲੱਖ 13 ਹਜ਼ਾਰ 648 ਬੂਟੇ, ਮਲੋਟ ਰੇਂਜ ਅਧੀਨ ਆਉਂਦੀਆਂ ਨਰਸਰੀਆਂ 'ਚ 1 ਲੱਖ 35 ਹਜ਼ਾਰ 439 ਤੇ ਲੰਬੀ ਰੇਂਜ ਅਧੀਨ ਆਉਂਦੀਆਂ ਨਰਸਰੀਆਂ 'ਚ 1 ਲੱਖ 77 ਹਜ਼ਾਰ 327 ਬੂਟੇ ਤਿਆਰ ਹੋਏ ਹਨ।
ਸਰਕਾਰੀ ਮਹਿਕਮਿਆਂ ਤੇ ਸੰਸਥਾਵਾਂ ਨੂੰ ਦਿੱਤੇ ਗਏ 65 ਹਜ਼ਾਰ ਮੁਫ਼ਤ ਬੂਟੇ
ਮਹਿਕਮੇ ਵੱਲੋਂ ਸਰਕਾਰੀ ਸਕੂਲਾਂ, ਕਾਲਜਾਂ, ਪੰਚਾਇਤਾਂ, ਕਲੱਬਾਂ ਤੇ ਹੋਰ ਸੰਸਥਾਵਾਂ ਨੂੰ ਬੂਟੇ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਇਨ੍ਹਾਂ ਸੰਸਥਾਵਾਂ ਨੂੰ 65 ਹਜ਼ਾਰ ਬੂਟੇ ਮੁਫ਼ਤ ਮੁਹੱਈਆ ਕਰਵਾਏ ਗਏ ਹਨ, ਜਦਕਿ ਆਮ ਲੋਕਾਂ ਨੂੰ ਪਰਮਿਟ ਕੱਟ ਕੇ ਬਹੁਤ ਘੱਟ ਰੇਟਾਂ 'ਤੇ ਬੂਟੇ ਦਿੱਤੇ ਜਾਂਦੇ ਹਨ। ਵਿਭਾਗ ਵੱਲੋਂ 60 ਹਜ਼ਾਰ ਬੂਟੇ ਵੇਚਣ ਦਾ ਟੀਚਾ ਮਿਥਿਆ ਗਿਆ ਸੀ। ਵਿਭਾਗ ਦੇ ਵਣ ਰੇਂਜ ਅਫ਼ਸਰ ਬਲਵਿੰਦਰ ਸਿੰਘ ਬੰਗੀ, ਬਲਾਕ ਅਫ਼ਸਰ ਹਰਦੀਪ ਸਿੰਘ ਹੁੰਦਲ, ਤਰਸੇਮ ਸਿੰਘ ਘਾਰੂ ਤੇ ਵਣ ਗਾਰਡ ਅਧਿਕਾਰੀਆਂ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਜਿਨ੍ਹਾਂ ਥਾਵਾਂ 'ਤੇ ਬੂਟੇ ਲਾਏ ਜਾਂਦੇ ਹਨ, ਉਨ੍ਹਾਂ ਬੂਟਿਆਂ ਦੀ ਸਮੇਂ ਸਿਰ ਸਹੀ ਸੰਭਾਲ ਕੀਤੀ ਜਾਵੇ।