ਠੱਗ ਟ੍ਰੈਵਲ ਏਜੰਟਾਂ ਦੀ ਖੈਰ ਨਹੀਂ, ਦਫਤਰਾਂ ਨੂੰ ਲੱਗਣਗੇ ਜਿੰਦਰੇ

07/02/2019 7:49:01 PM

ਫਿਰੋਜ਼ਪੁਰ (ਮਲਹੋਤਰਾ) ਜ਼ਿਲ੍ਹੇ ਵਿਚ ਜੇਕਰ ਕੋਈ ਟਰੈਵਲ ਏਜੰਸੀ ਜਾਂ ਇਮੀਗਰੇਸ਼ਨ ਸੈਂਟਰ ਬਿਨ੍ਹਾਂ ਲਾਇਸੰਸ ਲਏ ਚੱਲ ਰਿਹਾ ਹੈ ਤਾਂ ਉਸ ਤੇ ਤਾਲਾ ਲੱਗਣਾ ਯਕੀਨੀ ਹੈ ਕਿਉਂਕਿ ਲੋਕਾਂ ਨੂੰ ਫਰਜ਼ੀ ਏਜੰਸੀਆਂ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਪ੍ਰਸ਼ਾਸਨ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਟਰੈਵਲ ਏਜੰਟਾਂ ਐਸੋਸੀਏਸ਼ਨ ਦੇ ਨਾਲ ਮੰਗਲਵਾਰ ਨੂੰ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ 'ਚ ਟਰੈਵਲ ਤੇ ਇਮੀਗਰੇਸ਼ਨ ਏਜੰਸੀਆਂ ਦੇ ਕਾਰੋਬਾਰ ਦੀ ਓਟ 'ਚ ਕਈ ਲੋਕਾਂ ਨਾਲ ਠੱਗੀਆਂ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਹੁਣ ਹਰ ਏਜੰਸੀ ਦਾ ਲਾਇਸੰਸ ਚੈੱਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪ ਮੰਡਲ ਅਧਿਕਾਰੀ ਤੇ ਡੀ.ਐੱਸ.ਪੀ. ਦੀ ਅਗਵਾਈ 'ਚ ਪੁਲਸ ਤੇ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਜ਼ਿਲ੍ਹੇ 'ਚ ਚੱਲ ਰਹੇ ਹਰ ਸੈਂਟਰ ਤੇ ਏਜੰਸੀ ਦੀ ਜਾਂਚ ਕਰਕੇ ਆਪਣੀ ਰਿਪੋਰਟ ਦੇਣਗੇ। ਜੇਕਰ ਕੋਈ ਸੈਂਟਰ ਜਾਂ ਏਜੰਸੀ ਬਿਨ੍ਹਾਂ ਲਾਇਸੰਸ ਚੱਲਦੀ ਸਾਹਮਣੇ ਆਈ ਤਾਂ ਉਸ ਨੂੰ ਬੰਦ ਕਰਵਾ ਦਿੱਤਾ ਜਾਵੇਗਾ ਤੇ ਉਨ੍ਹਾਂ ਖਿਲਾਫ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ 2014 ਦੇ ਅਧੀਨ ਪਰਚੇ ਦਰਜ ਕਰਵਾਏ ਜਾਣੇ।
ਮੀਟਿੰਗ ਦੌਰਾਨ ਪਿੰਡ ਜਵਾਹਰ ਸਿੰਘ ਵਾਲਾ ਦੇ ਰਹਿਣ ਵਾਲੇ ਜਗਤਾਰ ਸਿੰਘ ਵੀ ਪਹੁੰਚੇ। ਜਿਸ ਨਾਲ ਵਿਦੇਸ਼ ਭੇਜਣ ਦੇ ਨਾਂ ਤੇ 13.30 ਲੱਖ ਰੁਪਏ ਦੀ ਠੱਗੀ ਹੋਈ। ਜਗਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਨ੍ਹੇਰ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੈਨੇਡਾ ਭੇਜਣ ਦੇ ਨਾਂ ਤੇ 13.30 ਲੱਖ ਰੁਪਏ ਸਾਲ 2017 'ਚ ਲਏ ਸਨ। ਪਹਿਲਾਂ 23 ਲੱਖ ਰੁਪਏ ਮੰਗੇ ਸੀ, ਫਿਰ 13.30 ਲੱਖ ਰੁਪਏ 'ਚ ਸੌਦਾ ਹੋਇਆ ਪਰ 2 ਸਾਲ ਤੱਕ ਉਸ ਨੂੰ ਕੈਨੇਡਾ ਨਹੀਂ ਭੇਜਿਆ ਗਿਆ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਉਸ ਨੂੰ ਚੈੱਕ ਦੇ ਦਿੱਤੇ ਗਏ ਅਤੇ ਇਨ੍ਹਾਂ ਚੈੱਕਾਂ ਨੂੰ ਬੈਂਕ ਵਿੱਚ ਲਗਾਉਣ ਤੇ ਚੈੱਕ ਬਾਊਂਸ ਹੋ ਗਏ।
ਡਿਪਟੀ ਕਮਿਸ਼ਨਰ ਨੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਨੂੰ ਜਗਤਾਰ ਸਿੰਘ ਦੀ ਸ਼ਿਕਾਇਤ ਨੂੰ ਲੈ ਕੇ ਪੁਲਸ ਵਿਭਾਗ ਕੋਲ ਐੱਫ.ਆਈ.ਦਰਜ ਕਰਨ ਦੀ ਸਿਫਾਰਿਸ਼ ਕਰਨ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਿਨ੍ਹਾਂ ਰਜਿਸਟ੍ਰੇਸ਼ਨ ਕਰਵਾਏ ਕੋਈ ਵੀ ਟ੍ਰੈਵਲ ਏਜੰਟ ਕੰਮ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਟ੍ਰੈਵਲ ਏਜੰਟ ਹੀ ਨਹੀਂ ਟਿਕਟਿੰਗ ਸੇਲ ਏਜੰਟ, ਆਇਲੈਟਸ ਦੇ ਕੋਚਿੰਗ ਸੈਂਟਰਾਂ ਲਈ ਵੀ ਲਾਇਸੰਸ ਜ਼ਰੂਰੀ ਹੈ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਸਾਰੇ ਟ੍ਰੈਵਲ ਏਜੰਟਾਂ ਨੂੰ ਸ਼ਹਿਰ 'ਚ ਲੱਗੇ ਆਪਣੇ ਅਵੈਧ ਹੋਰਡਿੰਗਾਂ ਅਤੇ ਬੈਨਰਾਂ ਨੂੰ ਤੁਰੰਤ ਹਟਾਉਣ ਲਈ ਵੀ ਕਿਹਾ। ਉਨ੍ਹਾਂ ਨਗਰ ਕੌਂਸਲ ਦੇ ਈ.ਓ. ਚਰਨਜੀਤ ਸਿੰਘ, ਇੰਸਪੈਕਟਰ ਸੁਖਪਾਲ ਸਿੰਘ ਨੂੰ ਜਲਦ ਹੀ ਸਾਰੇ ਅਵੈਧ ਹੋਰਡਿੰਗਜ਼ ਹਟਾਉਣ ਲਈ ਕਿਹਾ। ਇਸ ਮੌਕੇ ਸਹਾਇਕ ਕਮਿਸ਼ਨਰ ਰਣਜੀਤ ਸਿੰਘ, ਟ੍ਰੈਵਲ ਏਜੰਟ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ, ਈ.ਓ. ਚਰਨਜੀਤ ਸਿੰਘ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਟ੍ਰੈਵਲ ਏਜੰਟ ਵੀ ਹਾਜ਼ਰ ਸਨ।
ਓਧਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਜੱਗਬਾਣੀ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ ਤੇ ਹੋ ਰਹੀਆਂ ਠੱਗੀਆਂ ਤੇ ਰੋਕ ਲਾਉਣ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਤੇ ਫਰਜ਼ੀ ਏਜੰਸੀਆਂ ਤੇ ਸਖਤ ਕਾਰਵਾਈ ਕਰਨ ਜਾ ਰਹੀ ਹੈ। ਪਿੰਕੀ ਨੇ ਕਿਹਾ ਕਿ ਵਿਧਾਨਸਭਾ ਹਲਕਾ ਫਿਰੋਜ਼ਪੁਰ 'ਚ ਜੇਕਰ ਕੋਈ ਫਰਜ਼ੀ ਟਰੈਵਲ ਏਜੰਸੀ ਜਾਂ ਫਰਜ਼ੀ ਇਮੀਗਰੇਸ਼ਨ ਏਜੰਸੀ ਕੰਮ ਕਰਦੀ ਫੜੀ ਗਈ ਤਾਂ ਉਸ ਦੇ ਸੰਚਾਲਕਾਂ ਨੂੰ ਕਿਸੇ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਤੇ ਪੁਲਸ ਕਾਰਵਾਈ ਕਰਨ ਦੇ ਨਾਲ ਨਾਲ ਸੈਂਟਰ ਸੀਲ ਕਰ ਦਿੱਤੇ ਜਾਣਗੇ।


satpal klair

Content Editor

Related News