ਟਰੈਵਲ ਏਜੰਟ ਵਲੋਂ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 7 ਲੱਖ 27 ਹਜ਼ਾਰ ਠੱਗੇ
Monday, Oct 13, 2025 - 01:58 PM (IST)

ਮੋਗਾ (ਆਜ਼ਾਦ) : ਮੋਗਾ ਜ਼ਿਲੇ ਦੇ ਪਿੰਡ ਨੱਥੋਕੇ ਦੀ ਇਕ ਔਰਤ ਨੇ ਇਕ ਟ੍ਰੈਵਲ ਏਜੰਟ ’ਤੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇੰਗਲੈਂਡ ਭੇਜਣ ਦਾ ਵਾਅਦਾ ਕਰ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਜਾਂਚ ਤੋਂ ਬਾਅਦ, ਬਾਘਾ ਪੁਰਾਣਾ ਪੁਲਸ ਨੇ ਕਥਿਤ ਦੋਸ਼ੀ ਕਮਲਪ੍ਰੀਤ ਸਿੰਘ ਉਰਫ਼ ਕਮਲਜੀਤ ਸਿੰਘ, ਵਾਸੀ ਬਰਨਾਲਾ ਰੋਡ, ਭਦੌੜ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਲਖਵੀਰ ਸਿੰਘ ਕਰ ਰਹੇ ਹਨ। ਜ਼ਿਲਾ ਪੁਲਸ ਮੋਗਾ ਨੂੰ ਦਿੱਤੇ ਸਿਕਾਇਤ ਪੱਤਰ ਵਿਚ ਸੁਖਬੀਰ ਕੌਰ ਨੇ ਕਿਹਾ ਕਿ ਉਸ ਨੇ ਕਥਿਤ ਦੋਸ਼ੀ ਕਮਲਪ੍ਰੀਤ ਸਿੰਘ ਨਾਲ 2024 ਵਿਚ ਕਿਸੇ ਰਾਹੀਂ ਵਿਦੇਸ਼ ਜਾਣ ਬਾਰੇ ਚਰਚਾ ਕੀਤੀ ਸੀ। ਉਸਨੇ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਵਰਕ ਵੀਜ਼ਾ ’ਤੇ ਭੇਜਣ ਦਾ ਵਾਅਦਾ ਕੀਤਾ ਸੀ, ਜਿਸ ’ਤੇ 15 ਲੱਖ ਰੁਪਏ ਖਰਚਾ ਆਵੇਗਾ। ਅਸੀਂ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਕਥਿਤ ਟ੍ਰੈਵਲ ਏਜੰਟ ਨੂੰ ਜਮਾਂ ਕਰਵਾਉਣ ਦੇ ਨਾਲ-ਨਾਲ 7 ਲੱਖ 27 ਹਜ਼ਾਰ 670 ਰੁਪਏ ਦੇ ਦਿੱਤੇ, ਉਸਨੇ ਪੂਰੇ ਪਰਿਵਾਰ ਨੂੰ ਜਲਦੀ ਹੀ ਇੰਗਲੈਂਡ ਭੇਜਣ ਦਾ ਵਾਅਦਾ ਕੀਤਾ, ਪਰ ਬਾਅਦ ਵਿਚ ਟਾਲ-ਮਟੋਲ ਕਰਨ ਲੱਗ ਪਿਆ, ਸਾਡੇ ਨਾਲ ਧੋਖਾ ਕੀਤਾ।
ਅਸੀਂ ਪੰਚਾਇਤ ਰਾਹੀਂ ਮਾਮਲਾ ਹੱਲ ਕੀਤਾ ਅਤੇ ਉਸਨੂੰ ਸਾਡੇ ਪੈਸੇ ਵਾਪਸ ਕਰਨ ਲਈ ਕਿਹਾ, ਪਰ ਉਸਨੇ ਇੰਨਕਾਰ ਕਰ ਦਿੱਤਾ। ਜ਼ਿਲਾ ਪਲਿਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਡੀ. ਐੱਸ. ਪੀ. ਬਾਘਾ ਪੁਰਾਣਾ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ। ਜਾਂਚ ਅਧਿਕਾਰੀ ਨੇ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਤੋਂ ਬਾਅਦ ਸ਼ਿਕਾਇਤਕਰਤਾ ਦੇ ਦੋਸ਼ਾਂ ਦੇ ਸੱਚ ਪਾਏ ਜਾਣ ਤੋਂ ਬਾਅਦ ਕਥਿਤ ਟ੍ਰੈਵਲ ਏਜੰਟ ਵਿਰੁੱਧ ਕੇਸ ਦਰਜ ਕੀਤਾ ਗਿਆ। ਸਹਾਇਕ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਕਥਿਤ ਟ੍ਰੈਵਲ ਏਜੰਟ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।