ਟਰਾਂਸਪੋਰਟ ਯੂਨੀਅਨਾਂ ਨੇ ਹਾਈਵੇ ’ਤੇ ਨਾਕਾ ਲਾ ਕੇ ਹਿਮਾਚਲ, ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਟਰੱਕਾਂ ਨੂੰ ਘੇਰਿਆ
Sunday, Jul 22, 2018 - 05:59 AM (IST)

ਜਲੰਧਰ, (ਚੋਪੜਾ)- ਪੈਟਰੋਲ, ਡੀਜ਼ਲ ਨੂੰ ਜੀ. ਐੈੱਸ. ਟੀ. ਦੇ ਘੇਰੇ ਵਿਚ ਲਿਆਉਣ, ਭਾਰਤ ਨੂੰ ਟੋਲ ਬੈਰੀਅਰ ਮੁਕਤ ਕਰਨ ਸਣੇ ਕਈ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਚੱਲ ਰਹੇ ਟਰਾਂਸਪੋਰਟਰਾਂ ਨੇ ਅੱਜ ਪਠਾਕੋਟ ਚੌਕ ਦੇ ਨੇੜੇ ਹਾਈਵੇ ’ਤੇ ਨਾਕਾ ਲਾ ਕੇ ਸੜਕਾਂ ’ਤੇ ਉਤਰੇ ਟਰੱਕਾਂ ਨੂੰ ਘੇਰਿਆ ਤੇ ਉਨ੍ਹਾਂ ਨੂੰ ਮੰਜ਼ਿਲ ’ਤੇ ਜਾਣ ਤੋਂ ਰੋਕਿਆ।
ਟਰੱਕ ਆਪ੍ਰੇਟਰ ਪੰਜਾਬ ਦੇ ਪ੍ਰਧਾਨ ਹੈਪੀ ਸੰਧੂ ਦੀ ਅਗਵਾਈ ਵਿਚ ਵੱਖ-ਵੱਖ ਟਰਾਂਸਪੋਰਟ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਮੁੱਖ ਸੜਕ ’ਤੇ ਜਾਮ ਲਾ ਕੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਹੈਪੀ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਟਰੱਕ ਆਪ੍ਰੇਟਰਾਂ ਦੀ ਹੜਤਾਲ ਪੂਰੀ ਤਰ੍ਹਾਂ ਕਾਮਯਾਬ ਹੈ ਪਰ ਕਰਸ਼ਰ ਕਾਰੋਬਾਰ ਨਾਲ ਸਬੰਧਿਤ ਤੇ ਕੁਝ ਹੋਰ ਮਾਲ ਲੱਦੇ ਟਰੱਕ ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਤੋਂ ਦੂਜੇ ਸੂਬਿਆਂ ਨੂੰ ਜਾ ਰਹੇ ਸਨ। ਟਰਾਂਸਪੋਰਟਰਾਂ ਨੇ ਉਨ੍ਹਾਂ ਟਰੱਕਾਂ ਨੂੰ ਰੋਕ ਕੇ ਡਰਾਈਵਰਾਂ ਨੂੰ ਸ਼ਾਂਤੀ ਨਾਲ ਸਮਝਾਇਆ ਕਿ ਉਹ ਹੜਤਾਲ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਕਿਉਂਕਿ ਚੱਕਾ ਜਾਮ ਹੀ ਇਕੋ-ਇਕ ਅਜਿਹਾ ਰਸਤਾ ਬਚਿਆ ਸੀ, ਜਿਸਦੇ ਜ਼ਰੀਏ ਉਹ ਕੇਂਦਰ ਸਰਕਾਰ ਦੇ ਨਾਲ ਆਪਣੀ ਹੱਕਾਂ ਦੀ ਲੜਾਈ ਲੜ ਸਕਣ। ਉਨ੍ਹਾਂ ਦੱਸਿਆ ਕਿ ਜਿੰਨੇ ਵੀ ਟਰੱਕਾਂ ਨੂੰ ਉਨ੍ਹਾਂ ਰੋਕਿਆ ਉਹ ਸਾਰੇ ਉਨ੍ਹਾਂ ਦੀ ਗੱਲ ਨੂੰ ਸਮਝਦੇ ਹੋਏ ਹੜਤਾਲ ਵਿਚ ਸ਼ਾਮਲ ਹੋਣ ਨੂੰ ਸਹਿਮਤ ਹੋ ਗਏ।
ਇਸ ਮੌਕੇ ਜਗਜੀਤ ਸਿੰਘ ਕੰਬੋਜ, ਮਹਿੰਦਰ ਸਿੰਘ ਗੁੱਲੂ, ਪਰਮਜੀਤ ਸਿੰਘ ਬੱਲ, ਰਵਿੰਦਰ ਸਿੰਘ ਧਾਲੀਵਾਲ, ਬੌਬੀ ਤ੍ਰੇਹਣ, ਲਖਵਿੰਦਰ ਸਿੰਘ ਰੰਧਾਵਾ, ਆਸ਼ੂ ਮਰਵਾਹਾ, ਲਾਲ ਸਿੰਘ ਜੱਟ, ਰਾਜਿੰਦਰ ਸ਼ਰਮਾ, ਵਿਜੇ ਕੁਮਾਰ, ਟੋਨੀ ਮਲਡੂਮ, ਬੌਬੀ ਤ੍ਰੇਹਣ, ਸਤੀਸ਼ ਠਾਕੁਰ ਰਾਜਾ ਤੇ ਹੋਰ ਵੀ ਮੌਜੂਦ ਸਨ।
ਵੱਡੀ ਗਿਣਤੀ ਵਿਚ ਪੁਲਸ ਫੋਰਸ ਰਹੀ ਤਾਇਨਾਤ
ਟਰੱਕ ਯੂਨੀਅਨ ਵਲੋਂ ਬਾਈਪਾਸ ’ਤੇ ਟਰੱਕਾਂ ਦੀ ਹੋ ਰਹੀ ਆਵਾਜਾਈ ਰੋਕਣ ਲਈ ਲਾਏ ਗਏ ਨਾਕੇ ਨੂੰ ਦੇਖਦਿਆਂ ਵੱਡੀ ਗਿਣਤੀ ਵਿਚ ਪੁਲਸ ਫੋਰਸ ਮੌਕੇ ’ਤੇ ਪਹੁੰਚ ਗਈ। ਇਸ ਦੌਰਾਨ ਕੋਈ ਮੰਦਭਾਗੀ ਘਟਨਾ ਨਾ ਵਾਪਰੇ ਇਸ ਲਈ ਪੁਲਸ ਮੁਲਾਜ਼ਮਾਂ ਨੇ ਪ੍ਰਦਰਸ਼ਨ ਕਰ ਰਹੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਮੁੱਖ ਸੜਕ ਤੋਂ ਹਟਾ ਕੇ ਸਾਈਡ ’ਤੇ ਕਰਵਾ ਦਿੱਤਾ।
ਹਾਈਵੇ ’ਤੇ ਲੱਗਾ ਜਾਮ, ਲੋਕ ਹੋਏ ਪ੍ਰੇਸ਼ਾਨ
ਹਿਮਾਚਲ, ਜੰਮੂ-ਕਸ਼ਮੀਰ ਤੋਂ ਆ ਰਹੇ ਟਰੱਕਾਂ ਨੂੰ ਰੋਕਣ ਤੇ ਸੜਕ ਵਿਚਕਾਰ ਪ੍ਰਦਰਸ਼ਨ ਕਰਨ ਨਾਲ ਹਾਈਵੇ ’ਤੇ ਜਾਮ ਲੱਗ ਗਿਆ, ਜਿਸ ਕਾਰਨ ਵਾਹਨਾਂ ਦੀ ਲੰਮੀਆਂ ਕਤਾਰਾਂ ਲੱਗ ਗਈਆਂ ਤੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਪਰ ਪੁਲਸ ਕਰਮਚਾਰੀਆਂ ਨੇ ਟ੍ਰੈਫਿਕ ਨੂੰ ਕੰਟਰੋਲ ਕਰਦਿਆਂ ਜਲਦੀ ਹੀ ਜਾਮ ਨੂੰ ਖੁੱਲ੍ਹਵਾ ਦਿੱਤਾ।