ਟਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਮਹੀਨੇ ਦੀ ਕੀਤੀ ਸ਼ੁਰੂਆਤ, ਹਾਦਸਿਆਂ ''ਚ ਮੌਤ ਦਰ ਘਟਾਉਣ ''ਤੇ ਦਿੱਤਾ ਜ਼ੋਰ

Tuesday, Jan 16, 2024 - 02:04 AM (IST)

ਟਰਾਂਸਪੋਰਟ ਮੰਤਰੀ ਨੇ ਸੜਕ ਸੁਰੱਖਿਆ ਮਹੀਨੇ ਦੀ ਕੀਤੀ ਸ਼ੁਰੂਆਤ, ਹਾਦਸਿਆਂ ''ਚ ਮੌਤ ਦਰ ਘਟਾਉਣ ''ਤੇ ਦਿੱਤਾ ਜ਼ੋਰ

ਚੰਡੀਗੜ੍ਹ (ਰਮਨਜੀਤ ਸਿੰਘ)- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਵਿਚ ਸੜਕੀ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਦਰ ਘਟਾਉਣ ਲਈ ਸਾਰੇ ਭਾਈਵਾਲਾਂ ਨੂੰ ਸਰਗਰਮੀ ਨਾਲ ਯੋਗਦਾਨ ਪਾਉਣ ਦੀ ਅਪੀਲ ਕੀਤੀ। ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵਲੋਂ ਸੂਬੇ ਵਿਚ 15 ਜਨਵਰੀ ਤੋਂ 14 ਫਰਵਰੀ, 2024 ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨੇ ਦੀ ਸ਼ੁਰੂਆਤ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਸਬੰਧਤ ਵਿਭਾਗਾਂ, ਗ਼ੈਰ-ਸਰਕਾਰੀ ਸੰਗਠਨਾਂ ਅਤੇ ਲੋਕਾਂ ਨੂੰ ਇਸ ਨਿਰਧਾਰਤ ਮਹੀਨੇ ਤੋਂ ਇਲਾਵਾ ਸਾਲ ਭਰ ਸੜਕ ਸੁਰੱਖਿਆ ਪ੍ਰਤੀ ਵਚਨਬੱਧਤਾ ਦੀ ਲੋੜ ’ਤੇ ਜ਼ੋਰ ਦਿੱਤਾ।

ਪੰਜਾਬ ਸਿਵਲ ਸਕੱਤਰੇਤ-2 ਵਿਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਲਾਲਜੀਤ ਸਿੰਘ ਭੁੱਲਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸੜਕ ਸੁਰੱਖਿਆ ਫੋਰਸ (ਐੱਸ.ਐੱਸ.ਐੱਫ.) ਅਤੇ ਲਗਾਤਾਰ ਨਿਗਰਾਨੀ ਸਮੇਤ ਲਾਗੂ ਕੀਤੇ ਹੋਰਨਾਂ ਉਪਰਾਲਿਆਂ ਦੇ ਆਵਾਜਾਈ ਵਿਚ ਸੁਧਾਰ ਦੇ ਸਕਾਰਾਤਮਕ ਪ੍ਰਭਾਵਾਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸੜਕੀ ਹਾਦਸੇ ਅਤੇ ਟ੍ਰੈਫ਼ਿਕ-2022 ਦੀ ਸਾਲਾਨਾ ਰਿਪੋਰਟ ਅਨੁਸਾਰ ਸੂਬੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਸਾਲ 2022 ਵਿੱਚ ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ ਕਮੀ ਆਈ ਹੈ।

ਇਹ ਵੀ ਪੜ੍ਹੋ- ਭਾਖੜਾ ਨਹਿਰ 'ਚ ਵਾਪਰਿਆ ਭਿਆਨਕ ਹਾਦਸਾ, ਨਾਰੀਅਲ ਤਾਰਨ ਗਏ ਮਾਂ-ਪੁੱਤ ਪਾਣੀ 'ਚ ਰੁੜ੍ਹੇ (ਵੀਡੀਓ)

ਮੰਤਰੀ ਭੁੱਲਰ ਨੇ ਦੱਸਿਆ ਕਿ ਸਾਲ 2022 ਵਿਚ ਸੜਕ ਹਾਦਸਿਆਂ ਵਿਚ ਦੇਸ਼ ਵਿਆਪੀ 9.4 ਫ਼ੀਸਦ ਵਾਧੇ ਦੇ ਬਾਵਜੂਦ ਪੰਜਾਬ ਵਿਚ ਸੜਕ ਹਾਦਸਿਆਂ ਵਿਚ 4,578 ਮੌਤਾਂ ਨਾਲ ਗਿਰਾਵਟ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਓਵਰਸਪੀਡਿੰਗ ਅਤੇ ਜਾਨਵਰਾਂ ਨਾਲ ਸਬੰਧਤ ਘਟਨਾਵਾਂ ਮੌਤ ਦੇ ਪ੍ਰਮੁੱਖ ਕਾਰਣਾਂ ਵਿਚੋਂ ਹਨ। ਸਾਲ 2022 ਵਿਚ 2085 ਮੌਤਾਂ ਓਵਰਸਪੀਡਿੰਗ ਅਤੇ 421 ਜਾਨਵਰਾਂ ਨਾਲ ਸਬੰਧਤ ਹਾਦਸਿਆਂ ਕਾਰਣ ਹੋਈਆਂ।

ਭੁੱਲਰ ਨੇ ਫੇਜ਼-3 (2019-2021) ਲਈ ਪੰਜਾਬ ਵਿਚ ਐਕਸੀਡੈਂਟ ਬਲੈਕ ਸਪਾਟਸ ਦੀ ਪਛਾਣ ਅਤੇ ਸੋਧ ਬਾਰੇ ਰਿਪੋਰਟ ਵੀ ਜਾਰੀ ਕੀਤੀ ਜਿਸ ਵਿਚ ਦੱਸਿਆ ਗਿਆ ਕਿ ਸੂਬੇ ਵਿਚ ਕੁੱਲ 583 ਬਲੈਕ ਸਪਾਟਸ ਦੀ ਪਹਿਚਾਣ ਕੀਤੀ ਗਈ ਅਤੇ ਹੁਣ ਤੱਕ ਇਨ੍ਹਾਂ ਵਿਚੋਂ ਕਰੀਬ 60 ਫੀਸਦੀ ਨੂੰ ਦਰੁਸਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵਲੋਂ ਪੰਜਾਬ ਨੂੰ ਇਸ ਗੱਲੋਂ ਵੀ ਸਰਾਹਿਆ ਜਾ ਰਿਹਾ ਹੈ ਕਿ ਸੂਬੇ ਨੇ ਸਭ ਤੋਂ ਵੱਧ ਬਲੈਕ ਸਪਾਟ ਦੀ ਪਛਾਣ ਕੀਤੀ ਅਤੇ ਉਨ੍ਹਾਂ ਨੂੰ ਦਰੁਸਤ ਕੀਤਾ ਜਿਸ ਦੇ ਨਤੀਜੇ ਵਜੋਂ ਸੂਬੇ ਵਿਚ ਕੌਮੀ ਮਾਰਗਾਂ 'ਤੇ ਬਲੈਕ ਸਪਾਟਸ ’ਤੇ 40 ਫੀਸਦੀ ਮੌਤਾਂ ਘਟੀਆਂ ਹਨ ਅਤੇ ਪੂਰੇ ਕੌਮੀ ਮਾਰਗਾਂ ’ਤੇ ਮੌਤ ਦਰ ਵਿਚ 10 ਫੀਸਦੀ ਕਮੀ ਆਈ ਹੈ।

ਇਹ ਵੀ ਪੜ੍ਹੋ- ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਨੇ ਮੁੜ ਕੀਤਾ ਵੱਡਾ ਐਲਾਨ, ਭਾਰਤ 'ਤੇ ਨਿਰਭਰਤਾ ਘਟਾਉਣ ਲਈ ਲਿਆ ਇਹ ਫ਼ੈਸਲਾ

ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲੇ ਵੀ ਹਸਪਤਾਲ ਵਿਚ ਹਰ ਪੰਜਵਾਂ ਮਰੀਜ਼ ਸੜਕ ਹਾਦਸੇ ਦਾ ਪੀੜਤ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਸੜਕ ਹਾਦਸੇ ਵਿਚ ਮੌਤਾਂ ਕਾਰਨ ਪਰਿਵਾਰ, ਰਿਸ਼ਤੇਦਾਰ ਅਤੇ ਸੂਬੇ ਨੂੰ ਕਰੀਬ 21,000 ਕਰੋੜ ਦਾ ਨੁਕਸਾਨ ਹੁੰਦਾ ਹੈ, ਜੋ ਸੂਬੇ ਦੀ ਜੀ.ਡੀ.ਪੀ. ਦਾ ਕਰੀਬ 3 ਫ਼ੀਸਦੀ ਬਣਦਾ ਹੈ। ਧੁੰਦ ਦੇ ਮੌਸਮ ਕਾਰਨ ਹਾਦਸਿਆਂ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਭੁੱਲਰ ਨੇ ਟ੍ਰੈਫ਼ਿਕ ਪੁਲਸ ਨੂੰ ਇਸ ਦੌਰਾਨ ਜੋਖ਼ਿਮ ਬਣਨ ਵਾਲੇ ਭਾਰੀ ਵਾਹਨਾਂ ਨੂੰ ਜੁਰਮਾਨੇ ਲਗਾਉਣ ਦੇ ਨਿਰਦੇਸ਼ ਦਿੱਤੇ।

ਉਨ੍ਹਾਂ ਨੇ ਸੜਕ ਸੁਰੱਖਿਆ ਵਿਚ ਸ਼ਾਮਿਲ ਗ਼ੈਰ-ਸਰਕਾਰੀ ਸੰਗਠਨਾਂ ਦੀ ਸ਼ਲਾਘਾ ਕੀਤੀ ਅਤੇ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ। ਕੈਬਨਿਟ ਮੰਤਰੀ ਨੇ ਇਨ੍ਹਾਂ ਸੰਸਥਾਵਾਂ ਨੂੰ ਸੜਕ ਸੁਰੱਖਿਆ ਉਪਾਵਾਂ ਨੂੰ ਬਿਹਤਰ ਬਣਾਉਣ ਵਾਸਤੇ ਸੁਝਾਅ ਦੇਣ ਦੀ ਅਪੀਲ ਵੀ ਕੀਤੀ।

ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਦਿਲਰਾਜ ਸਿੰਘ ਸੰਧਾਵਾਲੀਆ, ਡਾਇਰੈਕਟਰ ਜਨਰਲ ਲੀਡ ਏਜੰਸੀ ਆਰ. ਵੈਂਕਟ ਰਤਨਮ, ਸਟੇਟ ਟਰਾਂਸਪੋਰਟ ਕਮਿਸ਼ਨਰ ਮੌਨੀਸ਼ ਕੁਮਾਰ, ਡਾਇਰੈਕਟਰ ਲੋਕ ਸੰਪਰਕ ਵਿਭਾਗ ਭੁਪਿੰਦਰ ਸਿੰਘ, ਏ.ਡੀ.ਜੀ.ਪੀ. (ਟ੍ਰੈਫਿਕ) ਏ.ਐੱਸ.ਰਾਏ, ਟ੍ਰੈਫਿਕ ਸਲਾਹਕਾਰ ਪੰਜਾਬ ਨਵਦੀਪ ਅਸੀਜਾ ਅਤੇ ਐੱਨ.ਐੱਚ.ਏ.ਆਈ., ਲੋਕ ਨਿਰਮਾਣ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ, ਪੰਜਾਬ ਮੰਡੀ ਬੋਰਡ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਸਕੇ ਭਰਾਵਾਂ ਨੇ ਬੁਝਾਇਆ ਪਰਿਵਾਰ ਦਾ ਇਕਲੌਤਾ ਚਿਰਾਗ, ਪੁਰਾਣੀ ਰੰਜਿਸ਼ ਕਾਰਨ ਦੁਸ਼ਮਣ ਦੇ ਦੋਸਤ ਨੂੰ ਮਾਰੇ ਖੰਜਰ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News