ਟਰਾਂਸਪੋਰਟ ਵਿਭਾਗ ਦੀ ਛਾਪੇਮਾਰੀ, ਬਿਨਾਂ ਪਰਮਿਟ ਚੱਲ ਰਹੀਆਂ 1 ਦਰਜਨ ਬੱਸਾਂ ਜ਼ਬਤ
Wednesday, Nov 08, 2017 - 01:53 PM (IST)

ਅੰਮ੍ਰਿਤਸਰ (ਨੀਰਜ) - ਅੱਜ ਟਰਾਂਸਪੋਰਟ ਵਿਭਾਗ ਵੱਲੋਂ ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲੇ ਰੂਟ 'ਤੇ ਅਚਾਨਕ ਛਾਪੇਮਾਰੀ ਕੀਤੀ ਗਈ। ਜਾਣਕਾਰੀ ਅਨੁਸਾਰ ਰਿਜਨਲ ਟਰਾਂਸਪੋਰਟ ਅਥਾਰਟੀ ਕੰਵਲਜੀਤ ਸਿੰਘ, ਜੀ. ਐੱਮ. ਰੋਡਵੇਜ਼ ਅਤੇ ਟ੍ਰੈਫਿਕ ਪੁਲਸ ਵੱਲੋਂ ਕਈ ਘੰਟਿਆਂ ਤੱਕ ਚਲਾਈ ਗਈ ਮੁਹਿੰਮ ਵਿਚ ਆਰ. ਟੀ. ਏ. ਦੀ ਟੀਮ ਨੇ ਇਕ ਦਰਜਨ ਤੋਂ ਵੱਧ ਬੱਸਾਂ ਨੂੰ ਜ਼ਬਤ ਕੀਤਾ । ਇਸ ਤੋਂ ਇਲਾਵਾ ਦਰਜਨਾਂ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੇ ਚਲਾਨ ਕੀਤੇ ਗਏ। ਅਧਿਕਾਰੀਆਂ ਅਨੁਸਾਰ ਕੁਝ ਪ੍ਰਾਈਵੇਟ ਟਰਾਂਸਪੋਰਟਰ ਬਿਨਾਂ ਰੂਟ ਪਰਮਿਟ ਹੀ ਵੱਖ-ਵੱਖ ਰੂਟਾਂ 'ਤੇ ਬੱਸਾਂ ਚਲਾਉਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਟਰਾਂਸਪੋਰਟਰ ਰਾਜਨੀਤਕ ਸਰਪ੍ਰਸਤੀ ਕਾਰਨ ਵੀ ਬਿਨਾਂ ਕਿਸੇ ਪਰਮਿਟ ਅਤੇ ਦਸਤਾਵੇਜ਼ ਸ਼ਹਿਰੀ ਇਲਾਕਿਆਂ ਤੇ ਮੁੱਖ ਰੂਟਾਂ 'ਤੇ ਪ੍ਰਾਈਵੇਟ ਬੱਸਾਂ ਚਲਾਉਣ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ਖਿਲਾਫ ਪੰਜਾਬ ਸਰਕਾਰ ਨੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਹੋਏ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਸੱਤਾ 'ਚ ਆਉਂਦੇ ਹੀ ਸਭ ਤੋਂ ਪਹਿਲਾਂ ਡੀ. ਟੀ. ਓ. ਦਫਤਰਾਂ ਨੂੰ ਭੰਗ ਕੀਤਾ ਅਤੇ ਰਿਜਨਲ ਟਰਾਂਸਪੋਰਟ ਅਥਾਰਟੀ ਬਣਾਈ, ਜਿਸ ਵਿਚ ਅੰਮ੍ਰਿਤਸਰ ਜ਼ਿਲੇ ਦੇ ਨਾਲ-ਨਾਲ ਤਰਨਤਾਰਨ ਜ਼ਿਲੇ ਨੂੰ ਵੀ ਜੋੜ ਦਿੱਤਾ ਗਿਆ ਹੈ। ਇਸ ਸਮੇਂ ਅੰਮ੍ਰਿਤਸਰ ਆਰ. ਟੀ. ਏ. ਕੋਲ ਅੰਮ੍ਰਿਤਸਰ ਜ਼ਿਲੇ ਤੋਂ ਇਲਾਵਾ ਤਰਨਤਾਰਨ ਜ਼ਿਲੇ ਵਿਚ ਵੀ ਚੈਕਿੰਗ ਕਰਨ ਦੇ ਅਧਿਕਾਰ ਹਨ। ਇਸ ਤੋਂ ਪਹਿਲਾਂ ਵਿਜੀਲੈਂਸ ਵਿਭਾਗ ਨੇ ਆਰ. ਟੀ. ਏ. ਅਤੇ ਹੋਰ ਅਧਿਕਾਰੀਆਂ ਨਾਲ ਮਿਲ ਕੇ ਇਕ ਜੁਆਇੰਟ ਟੀਮ ਦੇ ਰੂਪ ਵਿਚ ਬਿਨਾਂ ਪਰਮਿਟ ਚੱਲਣ ਵਾਲੀਆਂ ਬੱਸਾਂ ਖਿਲਾਫ ਮੁਹਿੰਮ ਚਲਾਈ ਸੀ, ਜਿਸ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਹੀ ਸੌ ਦੇ ਕਰੀਬ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਾਂ ਫਿਰ ਬਿਨਾਂ ਪਰਮਿਟ ਵਾਲੀਆਂ ਬੱਸਾਂ ਨੂੰ ਪਰਮਿਟ ਲੈਣ ਲਈ ਮਜਬੂਰ ਕੀਤਾ ਗਿਆ ਸੀ। ਪੂਰੇ ਪੰਜਾਬ ਵਿਚ ਭਾਰੀ ਗਿਣਤੀ 'ਚ ਬਿਨਾਂ ਪਰਮਿਟ ਚੱਲਣ ਵਾਲੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ. ਟੀ. ਏ. ਕੰਵਲਜੀਤ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਹਰ ਰੋਜ਼ ਚੱਲੇਗੀ, ਜਿਸ ਵਿਚ ਸਰਕਾਰੀ ਬੱਸਾਂ ਦੇ ਰੂਟ 'ਤੇ ਬਿਨਾਂ ਪਰਮਿਟ ਅਤੇ ਬਿਨਾਂ ਟਾਈਮ ਦੇ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ਨੂੰ ਬੰਦ ਕੀਤਾ ਜਾਵੇਗਾ। ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ।
ਛੇਤੀ ਸ਼ੁਰੂ ਕੀਤਾ ਜਾਵੇਗਾ ਸੇਫ ਸਕੂਲ ਵੈਨ ਅਭਿਆਨ
ਰਿਜਨਲ ਟਰਾਂਸਪੋਰਟ ਅਥਾਰਟੀ ਨੇ ਦੱਸਿਆ ਕਿ ਵਿਭਾਗ ਵੱਲੋਂ ਛੇਤੀ ਹੀ ਵੱਡੇ ਪੱਧਰ 'ਤੇ ਸੇਫ ਸਕੂਲ ਵੈਨ ਅਭਿਆਨ ਸ਼ੁਰੂ ਕੀਤਾ ਜਾਵੇਗਾ, ਜਿਸ ਤਹਿਤ ਸਾਰੇ ਸਕੂਲਾਂ ਤੇ ਕਾਲਜਾਂ ਦੇ ਕਰਮਚਾਰੀਆਂ ਲਈ ਪੁਲਸ ਵੈਰੀਫਿਕੇਸ਼ਨ ਕਰਵਾਉਣਾ ਜ਼ਰੂਰੀ ਹੈ। ਸਕੂਲ ਵੈਨ ਵਿਚ ਮਹਿਲਾ ਅਟੈਂਡੈਂਟ ਰੱਖਣਾ ਜ਼ਰੂਰੀ ਹੈ। ਬੱਚਿਆਂ ਲਈ ਵੱਖ ਬਾਥਰੂਮ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਦੁਮਨ ਹੱਤਿਆ ਕਾਂਡ ਤੋਂ ਬਾਅਦ ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਆਦੇਸ਼ ਜਾਰੀ ਕੀਤੇ ਸਨ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਤੇ ਕਾਲਜਾਂ ਵਿਚ ਤਾਇਨਾਤ ਕਰਮਚਾਰੀਆਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਈ ਜਾਵੇ, ਬਿਨਾਂ ਪੁਲਸ ਵੈਰੀਫਿਕੇਸ਼ਨ ਕਿਸੇ ਵੀ ਕਰਮਚਾਰੀ ਦੀ ਨਿਯੁਕਤੀ ਨਾ ਕੀਤੀ ਜਾਵੇ। ਜ਼ਿਲਾ ਪ੍ਰਸ਼ਾਸਨ ਪੁਲਸ ਵੈਰੀਫਿਕੇਸ਼ਨ ਰਿਪੋਰਟ ਦੀ ਕਿਸੇ ਵੀ ਸਮੇਂ ਚੈਕਿੰਗ ਕਰ ਸਕਦਾ ਹੈ। ਇਸ ਤੋਂ ਇਲਾਵਾ ਸਾਰੀਆਂ ਸਕੂਲ ਵੈਨਾਂ ਵਿਚ ਜਿਨ੍ਹਾਂ 'ਚ ਇਕ ਵੀ ਕੁੜੀ ਸਵਾਰ ਹੁੰਦੀ ਹੈ, ਵਿਚ ਮਹਿਲਾ ਅਟੈਂਡੈਂਟ ਦਾ ਹੋਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ। ਮਹਿਲਾ ਅਟੈਂਡੈਂਟ ਸਕੂਲ ਵੈਨ ਵਿਚ ਬੈਠਣ ਵਾਲੀ ਕੁੜੀ ਦੇ ਬੈਠਣ ਤੋਂ ਪਹਿਲਾਂ ਵੈਨ 'ਚ ਬੈਠੀ ਹੋਣੀ ਚਾਹੀਦੀ ਹੈ। ਸੇਫ ਸਕੂਲ ਵੈਨ ਅਭਿਆਨ ਤਹਿਤ ਸੇਫ ਸਕੂਲ ਵੈਨ ਕਮੇਟੀਆਂ ਨੂੰ ਸਕੂਲ ਬੱਸਾਂ ਦੀ ਚੈਕਿੰਗ ਕਰਨ ਦੇ ਵੀ ਆਦੇਸ਼ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਕਮੇਟੀਆਂ ਵਿਚ ਆਰ. ਟੀ. ਏ. ਐੱਸ. ਡੀ. ਐੱਮ., ਬਾਲ ਸੁਰੱਖਿਆ ਵਿਭਾਗ, ਤਹਿਸੀਲਦਾਰ ਅਤੇ ਟ੍ਰੈਫਿਕ ਪੁਲਸ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਨ੍ਹਾਂ ਕਮੇਟੀਆਂ ਨੂੰ ਹਰ ਮਹੀਨੇ ਸੰਯੁਕਤ ਬੈਠਕ ਕਰਨ ਅਤੇ ਸੇਫ ਸਕੂਲ ਵੈਨ ਅਭਿਆਨ ਦੀ ਸਮੀਖਿਆ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਮਾਣਯੋਗ ਹਾਈ ਕੋਰਟ, ਚਾਈਲਡ ਸੇਫਟੀ ਕਮੇਟੀ ਅਤੇ ਸੀ. ਬੀ. ਐੱਸ. ਈ. ਵੱਲੋਂ ਵੀ ਇਹੀ ਆਦੇਸ਼ ਹਨ। ਸਕੂਲਾਂ ਵਿਚ ਕਿਸੇ ਵੀ ਤਰ੍ਹਾਂ ਦਾ ਸਟਾਫ ਜਿਸ ਵਿਚ ਅਧਿਆਪਕ, ਅਟੈਂਡੈਂਟ, ਸੇਵਾਦਾਰ, ਡਰਾਈਵਰ, ਕਲੀਨਰ ਰੱਖਣ ਤੋਂ ਪਹਿਲਾਂ ਉਸ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣੀ ਹੋਵੇਗੀ। ਬੱਚਿਆਂ ਦੇ ਬਾਥਰੂਮ ਵਿਚ ਕਿਸੇ ਵੀ ਸਟਾਫ ਮੈਂਬਰ ਦੀ ਪਹੁੰਚ ਨਹੀਂ ਹੋਣੀ ਚਾਹੀਦੀ ਹੈ, ਜੇਕਰ ਕੋਈ ਵੀ ਵਿਦਿਆਰਥੀ ਸਕੂਲ, ਕਾਲਜ ਜਾਂ ਘਰ ਵਿਚ ਕਿਸੇ ਤਰ੍ਹਾਂ ਦੇ ਜਿਸਮਾਨੀ ਸ਼ੋਸ਼ਣ ਦੀ ਸ਼ਿਕਾਇਤ ਕਰਦਾ ਹੈ ਤਾਂ ਸਕੂਲ ਮੁਖੀ ਤੁਰੰਤ ਨਜ਼ਦੀਕੀ ਪੁਲਸ ਸਟੇਸ਼ਨ ਵਿਚ ਸੂਚਨਾ ਦੇਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੋਸਕੋ-ਈ-ਬਾਕਸ (ਆਨਲਾਈਨ ਸ਼ਿਕਾਇਤ ਪੋਰਟਲ) ਪ੍ਰਤੀ ਜਾਗਰੂਕ ਕੀਤਾ ਜਾਵੇ। ਸਾਰੇ ਸਕੂਲਾਂ ਤੇ ਕਾਲਜਾਂ ਲਈ ਚਾਈਲਡ ਹੈਲਪਲਾਈਨ ਨੰਬਰ 1098 ਆਪਣੇ ਅਦਾਰਿਆਂ ਵਿਚ ਵੱਡੇ ਅੱਖਰਾਂ 'ਚ ਡਿਸਪਲੇ ਕਰਨਾ ਜ਼ਰੂਰੀ ਹੈ।
ਪ੍ਰੈਸ਼ਰ ਹਾਰਨ ਵਜਾ ਕੇ ਸੜਕਾਂ 'ਤੇ ਰੇਸ ਲਾਉਣ ਵਾਲੀਆਂ ਬੱਸਾਂ ਵੀ ਰਾਡਾਰ 'ਤੇ
ਅੰਮ੍ਰਿਤਸਰ ਤੋਂ ਜਲੰਧਰ ਦੇ ਰੂਟ ਅਤੇ ਅੰਮ੍ਰਿਤਸਰ ਤੋਂ ਪਠਾਨਕੋਟ ਦੇ ਰੂਟ 'ਤੇ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਕੁਝ ਪ੍ਰਾਈਵੇਟ ਬੱਸਾਂ ਜ਼ਬਰਦਸਤ ਆਵਾਜ਼ ਪੈਦਾ ਕਰਨ ਵਾਲੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਦੀਆਂ ਹੋਈਆਂ ਸੜਕਾਂ 'ਤੇ ਦੂਜੀਆਂ ਬੱਸਾਂ ਨਾਲ ਰੇਸ ਲਾਉਂਦੀਆਂ ਨਜ਼ਰ ਆਉਂਦੀਆਂ ਹਨ ਅਤੇ ਅਜਿਹੀਆਂ ਬੱਸਾਂ ਦੇ ਡਰਾਈਵਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲੋਂ ਵੀ ਬੱਸ ਨੂੰ ਤੇਜ਼ ਭਜਾਉਂਦੇ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਕਾਰ ਜਾਂ ਹੋਰ ਵਾਹਨ ਨੂੰ ਆਪਣੀ ਲਪੇਟ ਵਿਚ ਲੈ ਲੈਂਦੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ 2 ਅਕਤੂਬਰ 2017 ਤੋਂ ਪ੍ਰੈਸ਼ਰ ਹਾਰਨ 'ਤੇ ਬੈਨ ਲਾਇਆ ਗਿਆ ਹੈ, ਇਸ ਦੀ ਵਰਤੋਂ ਕਰਨ ਵਾਲੇ ਚਾਲਕ ਨੂੰ ਜੁਰਮਾਨੇ ਤੋਂ ਇਲਾਵਾ ਸਜ਼ਾ ਦੀ ਵੀ ਵਿਵਸਥਾ ਰੱਖੀ ਗਈ ਹੈ। ਇੰਨਾ ਹੀ ਨਹੀਂ, ਬੁਲੇਟ ਦੇ ਪਟਾਕੇ ਚਲਾਉਣ ਵਾਲੇ ਵਾਹਨ ਚਾਲਕਾਂ ਨੂੰ ਵੀ ਸਜ਼ਾ ਦੀ ਵਿਵਸਥਾ ਵਿਚ ਰੱਖਿਆ ਗਿਆ ਹੈ, ਜਿਸ ਦੇ ਬਾਅਦ ਟਰਾਂਸਪੋਰਟ ਵਿਭਾਗ ਪ੍ਰੈਸ਼ਰ ਹਾਰਨ ਦਾ ਪ੍ਰਯੋਗ ਕਰਨ ਵਾਲੇ ਅਤੇ ਤੇਜ਼ ਰਫਤਾਰ ਨਾਲ ਬੱਸ ਤੇ ਟਰੱਕ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਕਰ ਰਿਹਾ ਹੈ। ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲੇ ਵਿਚ ਅਜਿਹੇ ਵਾਹਨਾਂ ਦੇ ਅਣਗਿਣਤ ਚਲਾਨ ਕੀਤੇ ਜਾ ਚੁੱਕੇ ਹਨ। ਸਮਾਜਸੇਵੀ ਸੰਸਥਾਵਾਂ ਦੀ ਮੰਗ ਹੈ ਕਿ ਮਹਾਨਗਰ ਦੇ ਪਾਸ਼ ਇਲਾਕਿਆਂ ਜਿਵੇਂ ਰਣਜੀਤ ਐਵੀਨਿਊ, ਗ੍ਰੀਨ ਐਵੀਨਿਊ, ਲਾਰੈਂਸ ਰੋਡ ਅਤੇ ਹੋਰ ਇਲਾਕਿਆਂ ਵਿਚ ਬੁਲੇਟ ਦੇ ਪਟਾਕੇ ਚਲਾਉਣ ਵਾਲੇ ਵਾਹਨ ਚਾਲਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਬਣਾਏ ਗਏ ਇਸ ਐਕਟ 'ਚ ਪ੍ਰੈਸ਼ਰ ਹਾਰਨ ਦਾ ਪ੍ਰਯੋਗ ਕਰਨ ਵਾਲੇ ਦੇ ਨਾਲ-ਨਾਲ ਪ੍ਰੈਸ਼ਰ ਹਾਰਨ ਨੂੰ ਮੋਟਰਸਾਈਕਲ 'ਚ ਫਿਟ ਕਰਨ ਵਾਲੇ ਖਿਲਾਫ ਵੀ ਓਨੀ ਹੀ ਸਜ਼ਾ ਦੀ ਵਿਵਸਥਾ ਰੱਖੀ ਗਈ ਹੈ, ਜਿੰਨੀ ਪ੍ਰੈਸ਼ਰ ਹਾਰਨ ਦਾ ਪ੍ਰਯੋਗ ਕਰਨ ਵਾਲੇ ਖਿਲਾਫ।