ਵੱਡੀ ਖ਼ਬਰ : Criminals ਲਈ 'ਸਭ ਫੜ੍ਹੇ ਜਾਣਗੇ' ਕਹਿਣ ਵਾਲੇ ਲੁਧਿਆਣਾ ਦੇ CP ਮਨਦੀਪ ਸਿੰਘ ਸਿੱਧੂ ਦੀ ਬਦਲੀ
Tuesday, Nov 21, 2023 - 08:53 AM (IST)
ਲੁਧਿਆਣਾ (ਰਾਜ) : ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ 'ਚ ਵੱਡਾ ਫੇਰਬਦਲ ਕਰਦੇ ਹੋਏ ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦਾ ਸੋਮਵਾਰ ਨੂੰ ਤਬਾਦਲਾ ਕਰ ਦਿੱਤਾ। ਉਨ੍ਹਾਂ ਦੀ ਜਗ੍ਹਾ ਡੀ. ਆਈ. ਜੀ. ਕੁਲਦੀਪ ਸਿੰਘ ਚਾਹਲ ਨੂੰ ਲੁਧਿਆਣਾ ਪੁਲਸ ਕਮਿਸ਼ਨਰ ਦੀ ਕਮਾਨ ਦਿੱਤੀ ਗਈ ਹੈ। ਉਹ ਮੰਗਲਵਾਰ ਨੂੰ ਆਪਣਾ ਆਹੁਦਾ ਸੰਭਾਲ ਸਕਦੇ ਹਨ। ਇਸ ਤੋਂ ਪਹਿਲਾਂ ਕੁਲਦੀਪ ਚਾਹਲ ਬਤੌਰ ਜਲੰਧਰ ਪੁਲਸ ਕਮਿਸ਼ਨਰ ਤਾਇਨਾਤ ਸਨ, ਜਦੋਂ ਕਿ ਮਨਦੀਪ ਸਿੰਘ ਸਿੱਧੂ ਨੂੰ ਡੀ. ਆਈ. ਜੀ. ਐਡਮਨਿਸਟ੍ਰੇਸ਼ਨ, ਚੰਡੀਗੜ੍ਹ ਤਾਇਨਾਤ ਕੀਤਾ ਗਿਆ ਹੈ। ਦਰਅਸਲ, ਕੁਲਦੀਪ ਚਾਹਲ 2009 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਨ। ਉਹ ਪੰਜਾਬ 'ਚ ਕਈ ਸ਼ਹਿਰਾਂ ’ਚ ਪ੍ਰਮੁੱਖ ਆਹੁਦਿਆਂ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਉਹ ਕਾਫ਼ੀ ਸਮੇਂ ਤੱਕ ਐੱਸ. ਐੱਸ. ਪੀ. ਚੰਡੀਗੜ੍ਹ ਰਹਿ ਚੁੱਕੇ ਹਨ। ਜਦੋਂ ਪ੍ਰਮੋਸ਼ਨ ਤੋਂ ਬਾਅਦ ਉਨ੍ਹਾਂ ਨੂੰ ਡੀ. ਆਈ. ਜੀ. ਬਣਾਇਆ ਗਿਆ ਤਾਂ ਉਨ੍ਹਾਂ ਨੂੰ ਜਲੰਧਰ ਦੇ ਪੁਲਸ ਕਮਿਸ਼ਨਰ ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ। ਇੱਥੇ ਲਗਭਗ 10 ਮਹੀਨੇ ਉਨ੍ਹਾਂ ਨੇ ਸੇਵਾ ਦਿੱਤੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਲੁਧਿਆਣਾ ਦੀ ਕਮਾਨ ਸੌਂਪੀ ਗਈ ਹੈ।
ਕਾਰੋਬਾਰੀ ਸੰਭਵ ਜੈਨ ਅਗਵਾ ਮਾਮਲਾ ਨਵੇਂ ਸੀ. ਪੀ. ਲਈ ਚੁਣੌਤੀ
ਲੁਧਿਆਣਾ ਸੀ. ਪੀ. ਦੀ ਡਗਰ ਇੰਨੀ ਆਸਾਨ ਨਹੀਂ ਹੈ। ਕਾਰੋਬਾਰੀ ਸੰਭਵ ਜੈਨ ਨੂੰ ਕਿਡਨੈਪ ਕਰ ਕੇ ਫਿਰੌਤੀ ਲਈ ਗੋਲੀ ਮਾਰਨ ਦਾ ਮਾਮਲਾ ਸੁਲਝਾਉਣਾ ਉਨ੍ਹਾਂ ਲਈ ਚੁਣੌਤੀ ਹੋਵੇਗਾ। ਇਸ ਤੋਂ ਇਲਾਵਾ ਨਸ਼ਾ, ਕ੍ਰਾਈਮ ਅਤੇ ਟ੍ਰੈਫਿਕ ਜਾਮ ਵੀ ਸਭ ਤੋਂ ਵੱਡਾ ਚੈਲੰਜ ਰਹੇਗਾ।
ਇਹ ਵੀ ਪੜ੍ਹੋ : ਲੁਧਿਆਣਾ ਜ਼ਿਲ੍ਹੇ ਦੇ ਲੋਕਾਂ ਲਈ ਚੰਗੀ ਖ਼ਬਰ, ਨਵੇਂ ਸਾਲ ਤੋਂ ਪਹਿਲਾਂ ਮਿਲੇਗੀ ਵੱਡੀ ਰਾਹਤ
ਸਾਬਕਾ ਸੀ. ਪੀ. ਰਹੇ ਮਨਦੀਪ ਸਿੰਘ ਸਿੱਧੂ ਨੇ ਲੁਧਿਆਣਾਵੀਆਂ ਦੇ ਦਿਲਾਂ ’ਤੇ ਛੱਡੀ ਛਾਪ
ਨਵੰਬਰ, 2022 ਨੂੰ ਪੰਜਾਬ ਸਰਕਾਰ ਨੇ ਮਨਦੀਪ ਸਿੰਘ ਸਿੱਧੂ ਨੂੰ ਲੁਧਿਆਣਾ ਪੁਲਸ ਕਮਿਸ਼ਨਰ ਦੀ ਕਮਾਨ ਸੌਂਪੀ ਸੀ, ਜਿਸ ਤੋਂ ਬਾਅਦ ਸਿੱਧੂ ਨੇ ਤਨਦੇਹੀ ਨਾਲ ਆਪਣਾ ਕਾਰਜ ਕੀਤਾ। ਉਨ੍ਹਾਂ ਨੇ ਕਿਸੇ ਵੀ ਸਿਆਸੀ ਦਬਾਅ 'ਚ ਕੋਈ ਕੰਮ ਨਹੀਂ ਕੀਤਾ। ਮਨਦੀਪ ਸਿੰਘ ਸਿੱਧੂ ਨੇ ਆਪਣੇ 1 ਸਾਲ ਦੇ ਕਾਰਜਕਾਲ ’ਚ ਨਸ਼ਾ ਤਸਕਰਾਂ ’ਤੇ ਸਭ ਤੋਂ ਜ਼ਿਆਦਾ ਸ਼ਿਕੰਜਾ ਕੱਸਿਆ। ਜੇਕਰ ਅੰਕੜੇ ਦੇਖੇ ਜਾਣ ਤਾਂ ਪਿਛਲੇ 5 ਸਾਲਾਂ 'ਚ ਜਿੰਨੇ ਕੇਸ ਦਰਜ ਹੋਏ ਹਨ, ਜਿੰਨੇ ਮੁਲਜ਼ਮ ਫੜ੍ਹੇ ਗਏ, ਉਨ੍ਹਾਂ ’ਚੋਂ ਸੀ. ਪੀ. ਸਿੱਧੂ ਦੇ ਕਾਰਜਕਾਲ ਦਾ ਅੰਕੜਾ ਸਭ ਤੋਂ ਜ਼ਿਆਦਾ ਹੈ। ਕਈ ਐੱਨ. ਡੀ. ਪੀ. ਐੱਸ. ਐਕਟ ਦੇ ਕੇਸ ਦਰਜ ਕਰ ਕੇ ਸੈਂਕੜੇ ਮੁਲਜ਼ਮ ਜੇਲ੍ਹ ਭੇਜੇ ਗਏ। ਇਸ ਤੋਂ ਇਲਾਵਾ ਸ਼ਹਿਰ ’ਚ ਹੋਏ ਹਰ ਵੱਡੇ ਕ੍ਰਾਈਮ ਨੂੰ 24 ਤੋਂ 48 ਘੰਟਿਆਂ 'ਚ ਹੱਲ ਕਰਨ ਦਾ ਵੀ ਰਿਕਾਰਡ ਬਣਾਇਆ ਗਿਆ। ਇਸੇ ਤਰਾਂ ਹੀ ਨਸ਼ਿਆਂ ਖ਼ਿਲਾਫ਼ 4 ਦਿਨ ਪਹਿਲਾਂ ਇਕ ਵੱਡੀ ਸਾਈਕਲ ਰੈਲੀ ਕੱਢ ਕੇ ਰਿਕਾਰਡ ਕਾਇਮ ਕੀਤਾ। ਮਨਦੀਪ ਸਿੰਘ ਸਿੱਧੂ ਨੇ ਆਪਣੇ ਕਾਰਜਕਾਲ ’ਚ ਸਮਾਜ ਸੇਵਾ ਵੀ ਕੀਤੀ ਅਤੇ ਆਪਣੇ ਨਾਲ ਕੰਮ ਕਰਨ ਵਾਲੀ ਟੀਮ ਨੂੰ ਮੋਟੀਵੇਟ ਕਰਨ ਲਈ ਡੀ. ਜੀ. ਪੀ. ਡਿਸਕ ਅਤੇ ਕੈਸ਼ ਰਿਵਾਰਡ ਵੀ ਦਿਵਾਇਆ। ਕੁੱਝ ਹੀ ਸਮੇਂ ’ਚ ਸਿੱਧੂ ਨੇ ਲੁਧਿਆਣਾ ਦੇ ਲੋਕਾਂ ਦੇ ਦਿਲਾਂ ’ਚ ਜਗ੍ਹਾ ਬਣਾ ਲਈ ਸੀ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਇਜਲਾਸ ਸੱਦਣ ਨੂੰ ਲੈ ਕੇ ਵੱਡੀ ਖ਼ਬਰ, ਕੈਬਨਿਟ ਮੀਟਿੰਗ 'ਚ ਹੋਇਆ ਤਾਰੀਖ਼ਾਂ ਦਾ ਐਲਾਨ
3 ਪੁਲਸ ਕਮਿਸ਼ਨਰ, 7 ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਇੱਕ ਹੁਕਮ ਜਾਰੀ ਕਰ ਕੇ ਪੰਜਾਬ ਪੁਲਸ 'ਚ ਵੱਡਾ ਫੇਰਬਦਲ ਕਰਦੇ ਹੋਏ 31 ਆਈ. ਪੀ. ਐੱਸ. ਅਤੇ ਪੀ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ। ਤਬਾਦਲਾ ਕੀਤੇ ਅਧਿਕਾਰੀਆਂ ਵਿਚ ਏ. ਡੀ. ਜੀ. ਪੀ. ਤੋਂ ਲੈ ਕੇ ਏ. ਆਈ. ਜੀ. ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਖ਼ਾਸ ਗੱਲ ਇਹ ਰਹੀ ਕਿ ਮਿਊਂਸੀਪਲ ਚੋਣਾਂ ਦੀ ਆਹਟ ਦੌਰਾਨ ਸੂਬੇ ਦੇ 3 ਵੱਡੇ ਸ਼ਹਿਰਾਂ ਦੇ ਪੁਲਸ ਕਮਿਸ਼ਨਰ ਵੀ ਬਦਲੇ ਗਏ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8