ਟਰੈਕਟਰ-ਟਰਾਲੇ ਨੇ ਐਕਟਿਵਾ ਨੂੰ ਮਾਰੀ ਟੱਕਰ, ਲੜਕੀ ਦੀ ਮੌਤ

Monday, Jul 18, 2022 - 06:13 PM (IST)

ਟਰੈਕਟਰ-ਟਰਾਲੇ ਨੇ ਐਕਟਿਵਾ ਨੂੰ ਮਾਰੀ ਟੱਕਰ, ਲੜਕੀ ਦੀ ਮੌਤ

ਕੋਟਕਪੂਰਾ (ਨਰਿੰਦਰ) : ਸੋਮਵਾਰ ਸਵੇਰੇ ਸਥਾਨਕ ਬਠਿੰਡ ਰੋਡ ’ਤੇ ਟਰੈਕਟਰ ਟਰਾਲੇ ਦੀ ਟੱਕਰ ਨਾਲ ਇਕ ਐਕਟਿਵਾ ਸਵਾਰ ਲੜਕੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਮ੍ਰਿਤਕ ਲੜਕੀ ਦੀ ਪਛਾਣ ਸਥਾਨਕ ਮੁਹੱਲਾ ਗੁਰੂ ਤੇਗ ਬਹਾਦਰ ਦੀ ਵਸਨੀਕ ਗਗਨਦੀਪ ਕੌਰ ਪੁੱਤਰੀ ਮੱਖਣ ਸਿੰਘ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ ਦੀ ਇਕ ਨਿੱਜੀ ਕੰਪਨੀ ਵਿਚ ਕੰਮ ਕਰਨ ਵਾਲੀ ਗਗਨਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਫਰੀਦਕੋਟ ਜਾਣ ਲਈ ਸਥਾਨਕ ਬੱਸ ਸਟੈਂਡ ਵੱਲ ਆ ਰਹੀ ਸੀ ਕਿ ਇਸ ਦੌਰਾਨ ਜਦੋਂ ਉਹ ਦਾਣਾ ਮੰਡੀ ਦੇ ਗੇਟ ਨੰਬਰ-2 ਕੋਲ ਪੁੱਜੀ ਤਾਂ ਟਰੈਕਟਰ-ਟਰਾਲੇ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਉਹ ਸੜਕ ’ਤੇ ਡਿੱਗ ਪਈ ਅਤੇ ਉਸਦੇ ਗੰਭੀਰ ਸੱਟਾਂ ਵੱਜੀਆਂ। 

ਨੇੜਲੇ ਕੁੱਝ ਦੁਕਾਨਦਾਰਾਂ ਵੱਲੋਂ ਲੜਕੀ ਨੂੰ ਤੁਰੰਤ ਸ਼ਹਿਰ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਸ ’ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਸਬੰਧ ਵਿਚ ਥਾਣਾ ਸਿਟੀ ਕੋਟਕਪੂਰਾ ਦੇ ਏ.ਐਸ.ਆਈ. ਇਕਬਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਘਟਨਾ ਤੋਂ ਬਾਅਦ ਚਾਲਕ ਟਰੈਕਟਰ-ਟਰਾਲਾ ਛੱਡ ਕੇ ਫਰਾਰ ਹੋ ਗਿਆ, ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News